ਨੂਰਪੁਰਬੇਦੀ ’ਚ ਕਿਸਾਨਾਂ ਦਾ ਗੁੱਸਾ ਫੁੱਟਿਆ
ਨੂਰਪੁਰਬੇਦੀ ’ਚ ਕਿਸਾਨਾਂ ਦਾ ਗੁੱਸਾ ਫੁੱਟਿਆ
Publish Date: Sun, 17 May 2026 07:01 PM (IST)
Updated Date: Mon, 18 May 2026 04:13 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਚੰਡੀਗੜ੍ਹ ਵਿਖੇ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ’ਤੇ ਪੁਲਿਸ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਦੇ ਵਿਰੋਧ ’ਚ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਨੂਰਪੁਰਬੇਦੀ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਗਵਰਨਰ ਦੇ ਪੁਤਲੇ ਸਾੜ ਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਸਰਕਾਰ ’ਤੇ ਲੋਕਤੰਤਰ ਦੀ ਆਵਾਜ਼ ਨੂੰ ਕੁਚਲਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਹੱਕ ਮੰਗਣ ਵਾਲਿਆਂ ਨਾਲ ਜ਼ਬਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂ ਮੋਹਣ ਧਮਾਣਾ ਨੇ ਕਿਹਾ ਕਿ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਗਵਰਨਰ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ ਪਰ ਸਰਕਾਰ ਨੇ ਪਾਣੀ ਦੀਆਂ ਬੁੱਛਾੜਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਕਿਸਾਨਾਂ ਨੂੰ ਰੋਕ ਕੇ ਆਪਣਾ ਤਾਨਾਸ਼ਾਹੀ ਚਿਹਰਾ ਬੇਨਕਾਬ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਉਣ ਦੀ ਹਰ ਕੋਸ਼ਿਸ਼ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨ ਆਗੂ ਵੀਰ ਸਿੰਘ ਬੜਵਾ ਨੇ ਕੇਂਦਰ ਸਰਕਾਰ ’ਤੇ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਕਿਸਾਨ ਆਪਣੀਆਂ ਮੰਗਾਂ ਲਈ ਸੜਕਾਂ ’ਤੇ ਉਤਰਦੇ ਹਨ ਤਾਂ ਉਨ੍ਹਾਂ ਨੂੰ ਡਰਾਉਣ ਅਤੇ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨਾਲ ਧੱਕੇਸ਼ਾਹੀ ਅਤੇ ਜਬਰ ਦਾ ਰਵੱਈਆ ਬੰਦ ਨਾ ਹੋਇਆ ਤਾਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਦੌਰਾਨ ਧਰਮਪਾਲ ਸੈਣੀਮਾਜਰਾ ਨੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਘੇਰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਸਪਸ਼ਟ ਕਰਨਾ ਪਵੇਗਾ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ ਜਾਂ ਕੇਂਦਰ ਸਰਕਾਰ ਦੀਆਂ ਜ਼ਬਰਦਸਤੀ ਵਾਲੀਆਂ ਨੀਤੀਆਂ ਦੇ ਸਮਰਥਨ ’ਚ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਦੀ ਆਵਾਜ਼ ਦਬਾਉਣ ਤੇ ਲੋਕਤੰਤਰਿਕ ਹੱਕਾਂ ਨੂੰ ਕੁਚਲਣ ’ਚ ਲੱਗੀ ਹੋਈ ਹੈ। ਇਸ ਮੌਕੇ ਮੋਹਣ ਸਿੰਘ ਧਮਾਣਾ, ਵੀਰ ਸਿੰਘ ਬੜਵਾ, ਧਰਮਪਾਲ ਸੈਣੀਮਾਜਰਾ, ਕਰਮ ਸਿੰਘ ਜੇਤੇਵਾਲ, ਹਜ਼ਾਰਾ ਲਸਾੜੀ, ਯੋਗਰਾਜ ਧਾਦਲੀ, ਅਵਤਾਰ ਅਸਾਲਤਪੁਰ, ਰਾਮਪਾਲ ਅਸਾਲਤਪੁਰ, ਮੇਜਰ ਅਸਮਾਨਪੁਰ, ਮੋਹਨ ਸਿੰਘ ਅਸਮਾਨਪੁਰ, ਬਲਵੀਰ ਮੁੰਨੇ, ਕਰਨੈਲ ਮੁੰਨੇ, ਅਮਰਜੀਤ ਬੈਂਸ ਅਤੇ ਬਲਵੀਰ ਬੜਵਾ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।