ਨੰਗਲ ਦੇ ਨਜ਼ਦੀਕੀ ਪਿੰਡ ਦੜੌਲੀ ਵਿੱਚ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੇਲਾ ਦੇਖਣ ਆਏ ਕੁਝ ਨੌਜਵਾਨਾਂ ਨੇ ਪਿੰਡ ਦੇ ਹੀ ਇੱਕ ਵਿਅਕਤੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ਼ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਸਿਰ ਪਾੜ ਦਿੱਤਾ, ਸਗੋਂ ਉਸ ਨੂੰ ਨਹਿਰ ਵਿੱਚ ਸੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ।

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ ਦੇ ਨਜ਼ਦੀਕੀ ਪਿੰਡ ਦੜੌਲੀ ਵਿੱਚ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੇਲਾ ਦੇਖਣ ਆਏ ਕੁਝ ਨੌਜਵਾਨਾਂ ਨੇ ਪਿੰਡ ਦੇ ਹੀ ਇੱਕ ਵਿਅਕਤੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ਼ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਸਿਰ ਪਾੜ ਦਿੱਤਾ, ਸਗੋਂ ਉਸ ਨੂੰ ਨਹਿਰ ਵਿੱਚ ਸੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਦੜੌਲੀ ਦਾ ਰਹਿਣ ਵਾਲਾ ਬਹਾਦਰਜੀਤ ਸਿੰਘ ਆਪਣੇ ਟਰੈਕਟਰ 'ਤੇ ਸਵਾਰ ਹੋ ਕੇ ਖੇਤਾਂ ਵੱਲ ਜਾ ਰਿਹਾ ਸੀ। ਜਦੋਂ ਉਹ ਦੜੌਲੀ ਪੁਲ਼ 'ਤੇ ਪਹੁੰਚਿਆ ਤਾਂ ਸਾਹਮਣੇ ਤੋਂ ਟਰੈਕਟਰ ਸਵਾਰ ਕੁਝ ਨੌਜਵਾਨਾਂ ਨੇ ਉਸ ਦਾ ਰਸਤਾ ਰੋਕ ਲਿਆ। ਜਦੋਂ ਬਹਾਦਰਜੀਤ ਨੇ ਰਸਤਾ ਦੇਣ ਦੀ ਬੇਨਤੀ ਕੀਤੀ ਤਾਂ ਉਕਤ ਨੌਜਵਾਨ ਬਹਿਸਬਾਜ਼ੀ ਅਤੇ ਬਦਤਮੀਜ਼ੀ ਕਰਨ ਲੱਗੇ। ਦੇਖਦੇ ਹੀ ਦੇਖਦੇ 8 ਤੋਂ 10 ਨੌਜਵਾਨਾਂ ਨੇ ਤੇਜ਼ਧਾਰ ਦਾਤਰਾਂ ਅਤੇ ਹੋਰ ਹਥਿਆਰਾਂ ਨਾਲ ਬਹਾਦਰਜੀਤ 'ਤੇ ਹਮਲਾ ਕਰ ਦਿੱਤਾ।
ਘਟਨਾ ਦੌਰਾਨ ਜਦੋਂ ਪਿੰਡ ਦਾ ਹੀ ਇੱਕ ਹੋਰ ਵਿਅਕਤੀ ਜਰਨੈਲ ਸਿੰਘ ਬਹਾਦਰਜੀਤ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਨਿਸ਼ਾਨਾ ਬਣਾਇਆ। ਹਮਲਾਵਰਾਂ ਨੇ ਜਰਨੈਲ ਸਿੰਘ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਦਾ ਗੁੱਟ ਵੱਢ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਬਹਾਦਰਜੀਤ ਨੂੰ ਲਹੂ-ਲੁਹਾਨ ਹਾਲਤ ਵਿੱਚ ਨਹਿਰ ਵਿੱਚ ਸੁੱਟਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਜਰਨੈਲ ਸਿੰਘ ਨੇ ਹਿੰਮਤ ਦਿਖਾਉਂਦਿਆਂ ਉਸ ਨੂੰ ਖਿੱਚ ਕੇ ਬਚਾ ਲਿਆ। ਰੌਲ਼ਾ ਪੈਣ 'ਤੇ ਜਦੋਂ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋਏ ਤਾਂ ਹਮਲਾਵਰ ਆਪਣਾ ਟਰੈਕਟਰ ਮੌਕੇ 'ਤੇ ਹੀ ਛੱਡ ਕੇ ਫ਼ਰਾਰ ਹੋਣ ਲੱਗੇ।
ਕੁਝ ਹਮਲਾਵਰ ਆਈ-20 ) ਗੱਡੀ 'ਚ ਵੀ ਸੀ, ਜੋ ਟ੍ਰੈਕਟਰ ਤੇ ਸਵਾਰ ਨੌਜਵਾਨਾਂ ਦੇ ਹੀ ਸਾਥੀ ਸਨ , ਉਹ ਨੌਜਵਾਨ ਗੱਡੀ ਸਮੇਤ ਭੱਜਣ ਵਿੱਚ ਕਾਮਯਾਬ ਹੋ ਗਏ, ਜਦਕਿ ਪਿੰਡ ਵਾਸੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ 5 ਨੌਜਵਾਨਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਕੀ ਕਹਿੰਦੇ ਨੇ ਐੱਸਐੱਚਓ ਸਿਮਰਨਜੀਤ ਸਿੰਘ
ਇਸ ਸਬੰਧੀ ਪੰਜਾਬੀ ਜਾਗਰਣ ਨਾਲ ਗੱਲ ਕਰਦਿਆਂ ਐੱਸਐੱਚਓ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਝਗੜੇ ਸਬੰਧੀ ਇਤਲਾਹ ਮਿਲੀ ਸੀ ਅਤੇ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਸੀ। ਉਨ੍ਹਾਂ ਨੇ ਕਿਹਾ ਕਿ ਬਹਾਦਰਜੀਤ ਸਿੰਘ ਅਤੇ ਜਰਨੈਲ ਸਿੰਘ ਦੇ ਬਿਆਨਾਂ 'ਤੇ ਪੁਲਿਸ ਵੱਲੋਂ ਜੁਰਮ 115(2) 126(2) 190, 191(3) ਬੀਐੱਨਐੱਸ ਦਾ ਪਾਇਆ ਜਾਣ 'ਤੇ ਮੁਕੱਦਮਾ ਬਰਖਿਲਾਫ ਮਨਜੀਤ ਸਿੰਘ ਉਰਫ ਮਨੀ ਪੁੱਤਰ ਹਰਿੰਦਰ ਸਿੰਘ ਪਿੰਡ ਰਾਜੂ ਪਿਆਰਾ ਥਾਣਾ ਬੁਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ , ਬਲਕੀਰਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਮਨਸੂਰ ਪੁਰ (ਬੜਾਲਾ) ਥਾਣਾ ਅਲਾਵਲਪੁਰ ਜ਼ਿਲ੍ਹਾ ਜਲੰਧਰ , ਮਨਪ੍ਰੀਤ ਸਿੰਘ ਪੁੱਤਰ ਹਰਿੰਦਰ ਸਿੰਘ ਵਾਸੀ ਪਿੰਡ ਹਜ਼ੂਰ ਥਾਣਾ ਬੁਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ , ਗੁਰਕੀਰਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮਨਸੂਰ ਪੁਰ (ਬੜਾਲਾ) ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਤੇ ਹੋਰ ਨਾਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ।