ਇੱਕ ਵਾਰ ਫਿਰ ਤਜਾਕਿਸਤਾਨ ਵਿਚ ਫਸੇ ਪੰਜਾਬੀ ਨੌਜਵਾਨਾਂ ਨੇ ਆਪਣੀਆਂ ਵੀਡੀਓ ਭੇਜ ਕੇ ਨੰਗਲ ਦੇ ਇੱਕ ਟਰੈਵਲ ਏਜੰਟ ਹੱਥੋਂ ਹੋਈ ਲੁੱਟ ਅਤੇ ਬੇਈਮਾਨੀ ਦੇ ਕਿੱਸੇ ਬਿਆਨ ਕੀਤੇ ਹਨ। ਜਿੱਥੇ ਅੱਜ ਲੋਕ ਖੁਸ਼ੀਆਂ ਨਾਲ ਦੀਵਾਲੀਆ ਮਨਾ ਰਹੇ ਹਨ, ਉਥੇ ਹੀ ਸੱਤ ਪੰਜਾਬੀਆਂ ਦੇ ਘਰਾਂ ਦੇ ਵਿਚ ਮਾਤਮ ਛਾਇਆ ਹੋਇਆ ਹੈ ਅਤੇ ਉਹ ਆਪਣੇ ਬੱਚਿਆਂ ਦੀ ਸਲਾਮਤੀ ਲਈ ਚਿੰਤਤ ਹਨ।
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ ਸ਼ਹਿਰ ਦੇ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਵੱਧ ਫੁੱਲ ਰਿਹਾ ਟਰੈਵਲ ਏਜੰਟੀ ਦਾ ਧੰਦਾ ਕਈ ਨੌਜਵਾਨਾਂ ਨੂੰ ਧੋਖੇ ਅਤੇ ਬਰਬਾਦੀ ਦਾ ਸ਼ਿਕਾਰ ਬਣਾ ਰਿਹਾ ਹੈ। ਇੱਕ ਵਾਰ ਫਿਰ ਤਜਾਕਿਸਤਾਨ ਵਿਚ ਫਸੇ ਪੰਜਾਬੀ ਨੌਜਵਾਨਾਂ ਨੇ ਆਪਣੀਆਂ ਵੀਡੀਓ ਭੇਜ ਕੇ ਨੰਗਲ ਦੇ ਇੱਕ ਟਰੈਵਲ ਏਜੰਟ ਹੱਥੋਂ ਹੋਈ ਲੁੱਟ ਅਤੇ ਬੇਈਮਾਨੀ ਦੇ ਕਿੱਸੇ ਬਿਆਨ ਕੀਤੇ ਹਨ। ਜਿੱਥੇ ਅੱਜ ਲੋਕ ਖੁਸ਼ੀਆਂ ਨਾਲ ਦੀਵਾਲੀਆ ਮਨਾ ਰਹੇ ਹਨ, ਉਥੇ ਹੀ ਸੱਤ ਪੰਜਾਬੀਆਂ ਦੇ ਘਰਾਂ ਦੇ ਵਿਚ ਮਾਤਮ ਛਾਇਆ ਹੋਇਆ ਹੈ ਅਤੇ ਉਹ ਆਪਣੇ ਬੱਚਿਆਂ ਦੀ ਸਲਾਮਤੀ ਲਈ ਚਿੰਤਤ ਹਨ।
ਦੱਸਣਾ ਬਣਦਾ ਹੈ ਕਿ ਨੰਗਲ ਦੇ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਲਗਭਗ ਚਾਰ ਦਰਜਨ ਤੋਂ ਜਿਆਦਾ ਏਜੰਟ ਕੰਮ ਕਰ ਰਹੇ ਹਨ ਜਿਨਾਂ ਦੇ ਵਿਚ ਬਹੁਤ ਸਾਰੇ ਏਜੰਟ ਇੱਕ ਹੀ ਪਿੰਡ ਦੇ ਹਨ। ਇਹਨਾਂ ਸੱਤ ਨੌਜਵਾਨਾਂ ਵੱਲੋਂ ਜਿਨਾਂ ਦੇ ਵਿਚ ਅਵਤਾਰ ਸਿੰਘ ਢੇਰ ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਪਿੰਡ ਮੋੜਾ, ਮਨਜੀਤ ਸਿੰਘ ਘਨੋੌਲੀ , ਅਮਰਜੀਤ ਸਿੰਘ ਪਿੰਡ ਬ੍ਰਹਮਪੁਰ, ਹਰਦੀਪ ਸਿੰਘ ਪਿੰਡ ਪੱਤੀ ਨੇ ਸਾਂਝੇ ਤੌਰ ’ਤੇ ਫੋਨ ਕਰਕੇ ਇੰਕਸ਼ਾਫ ਕੀਤਾ ਹੈ ਕਿ ਉਹਨਾਂ ਨੂੰ ਤਜਾਕਿਸਤਾਨ ਦੇ ਵਿਚ ਨੰਗਲ ਦੇ ਇੱਕ ਟਰੈਵਲ ਏਜੈਂਟ ਵੱਲੋਂ ਡਰਾਇਵਰੀ ਦਾ ਕੰਮ ਦੱਸ ਕੇ ਭੇਜਿਆ ਗਿਆ, ਜਿੱਥੇ ਉਹਨਾਂ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਨਾ ਹੀ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ।
ਜੇਕਰ ਸੂਤਰਾਂ ਦੀ ਮੰਨੀਏ ਤਾਂ ਉਹਨਾਂ ਵੱਲੋਂ ਪੁਲਿਸ ਤੱਕ ਵੀ ਪਹੁੰਚ ਕੀਤੀ ਗਈ, ਪਰ ਅੱਗੋਂ ਗੱਲ ਕਰਨ ਵਾਲੇ ਪੁਲਿਸ ਅਫਸਰ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਪਹਿਲਾਂ ਤੁਸੀਂ ਵਾਪਸ ਆਓ ਫਿਰ ਦੇਖਾਂਗੇ ਕੀ ਕਰਨਾ ਹੈ। ਤਜਾਕਿਸਤਾਨ ਵਿਚ ਫਸੇ ਪੰਜਾਬੀਆਂ ਦਾ ਕਹਿਣਾ ਹੈ ਕਿ ਏਜੰਟ ਵੱਲੋਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਪੈਸੇ ’ਤੇ ਵਾਪਸ ਇੰਡੀਆ ਆਉਣ ਪਰ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਕਰਜ਼ਾ ਚੁੱਕ ਕੇ ਵਿਦੇਸ਼ਾਂ ਦੇ ਵਿਚ ਗਏ ਹਨ ਅਤੇ ਹੁਣ ਉਹਨਾਂ ਦਾ ਇੰਨੇ ਪੈਸੇ ਲਗਾ ਕੇ ਮੁੜ ਵਾਪਸ ਆਣਾ ਵੀ ਸੌਖਾ ਨਹੀਂ । ਉਹਨਾਂ ਨੇ ਕਿਹਾ ਕਿ ਸਾਡੇ ਪਾਸਪੋਰਟ ਵੀ ਜਪਤ ਕੀਤੇ ਹੋਏ ਹਨ ਅਤੇ ਸਾਨੂੰ ਨਹੀਂ ਦਿੱਤੇ ਜਾ ਰਹੇ।
ਕੀ ਕਹਿਣਾ ਹੈ ਡੀ.ਐਸ. ਪੀ ਨੰਗਲ ਦਾ
ਇਸ ਸਬੰਧੀ ਜਦੋਂ ਸਰਦਾਰ ਹਰਕੀਰਤ ਸਿੰਘ ਪੀ.ਪੀ.ਐਸ ਡੀ.ਐਸ.ਪੀ ਨੰਗਲ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਇੱਕ ਪੀੜਤ ਦੇ ਮਾਪਿਆਂ ਵੱਲੋਂ ਦਰਖਾਸਤ ਦਿੱਤੀ ਗਈ ਹੈ, ਜਿਸ ਤੇ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਇਸ ਸਬੰਧੀ ਟਰੈਵਲ ਏਜੰਟ ਨੂੰ ਵੀ ਥਾਣੇ ਪੇਸ਼ ਹੋਣ ਲਈ ਪਰਵਾਨੇ ਜਾਰੀ ਕਰ ਦਿੱਤੇ ਗਏ ਹਨ।