ਟਿੱਪਰ ਕੰਧ ਤੋੜ ਕੇ ਘਰ ’ਚ ਵੜਿਆ, ਤਿੰਨ ਮੱਝਾਂ ਤੇ ਦੋ ਕੱਟੜੂ ਜ਼ਖ਼ਮੀ
ਤੜਕੇ ਚਾਰ ਵਜ਼ੇ ਟਿੱਪਰ ਕੰਧ ਤੋੜ ਕੇ ਘਰ ਵਿਚ ਵੜਿਆ, ਤਿੰਨ ਮੱਝਾਂ ਅਤੇ ਦੋ ਕੱਟੜੂ ਹੋਏ ਜਖਮੀ
Publish Date: Sun, 17 May 2026 06:57 PM (IST)
Updated Date: Mon, 18 May 2026 04:12 AM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸੋਲਖੀਆਂ ਟੋਲ ਪਲਾਜ਼ਾ ਦੀ ਪਰਚੀ ਬਚਾਉਣ ਦੇ ਚੱਕਰ ’ਚ ਇੱਕ ਟਿੱਪਰ ਐਤਵਾਰ ਤੜਕੇ ਚਾਰ ਵਜ਼ੇ ਪਿੰਡ ਬਹਿਰਾਮਪੁਰ ਜਿਮੀਦਾਰਾ ਦੇ ਸਾਬਕਾ ਸਰਪੰਚ ਦੇ ਘਰ ਦੀ ਕੰਧ ਤੋੜ ਕੇ ਅੰਦਰ ਵੜ੍ਹ ਗਿਆ,ਜਿਸ ਕਾਰਨ ਤਿੰਨ ਮੱਝਾ ਤੇ ਦੋ ਕੱਟੜੂ ਜਖਮੀ ਹੋ ਗਏ, ਜਾਨੀ ਨੁਕਸਾਨ ਤੋਂ ਬਚਾਅ ਰਿਹਾ ਉੱਧਰ ਟਿੱਪਰ ਚਾਲਕ ਨੂੰ ਪਿੰਡ ਵਾਸੀਆ ਨੇ ਸੰਭੀਰ ਹਾਲਤ ਵਿਚ ਹਸਪਤਾਲ ਵਿਖੇ ਦਾਖਲ ਕਰਵਾਇਆ। ਜਾਣਕਾਰੀ ਅਨਸਾਰ ਬ਼ਜਰੀ ਨਾਲ ਭਰੇ ਟਿੱਪਰ ਦੀ ਟੱਕਰ ਏਨੀ ਜ਼ਬਰਦਸਤ ਸੀ ਕਿ ਇੱਕ ਦਮ ਧੂੰਆਂਧਾਰ ਹੋ ਗਿਆ ਘਰ ਦੇ ਅੰਦਰ ਹਫੜਾ-ਦਫੜੀ ਮਚ ਗਈ ਪਰ ਖੁਸ਼ਕਿਸਮਤੀ ਨਾਲ ਟਿੱਪਰ ਘਰ ਦੀ ਬਾਹਰੀ ਕੰਧ ਨਾਲ ਟਕਰਾਉਣ ਤੋਂ ਬਾਅਦ ਘਰ ਦੇ ਵਿਹੜੇ ਵਿਚ ਜਾ ਕੇ ਰੁਕ ਗਿਆ ਜਿਸ ਕਾਰਨ ਪਰਿਵਾਰ ਦੇ ਸਾਰੇ ਮੈਂਬਰ ਵਾਲ-ਵਾਲ ਬਚ ਗਏ ਪਰ ਤਿੰਨ ਮੱਝਾਂ ਅਤੇ ਦੋ ਕੱਟੜੂ ਜ਼ਖਮੀ ਹੋ ਗਏ, ਘਰ ਦੇ ਮਾਲਕ ਸਾਬਕਾ ਸਰਪੰਚ ਹਰਮਿੰਦਰ ਸਿੰਘ ਨੇ ਤੁਰੰਤ ਇੱਕ ਪਸ਼ੂ ਡਾਕਟਰ ਨੂੰ ਬੁਲਾਇਆ ਤੇ ਜ਼ਖਮੀ ਮੱਝਾਂ ਤੇ ਵੱਛਿਆਂ ਦਾ ਇਲਾਜ ਸ਼ੁਰੂ ਕਰਵਾਇਆ। ਪਿੰਡ ਵਾਸੀਆਂ ਨੇ ਟਿੱਪਰ ਦੇ ਡਰਾਈਵਰ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਤੇ ਐਬੂਲੈਂਸ ਰਾਂਹੀ ਹਸਪਤਾਲ ਲਿਜਾਇਆ ਗਿਆ। ਇਸ ਮੌਕੇ ਪਿੰਡ ਵਾਸੀ ਤੇ ਸਾਬਕਾ ਸਰਪੰਚ ਹਰਮਿੰਦਰ ਸਿੰਘ, ਜਸਪ੍ਰੀਤ ਸਿੰਘ,ਨੌਜਵਾਨ ਆਗੂ ਸਪਿੰਦਰ ਸਿੰਘ ਨੇ ਦੱਸਿਆ ਕਿ ਓਵਰਲੋਡ ਟਿੱਪਰ ਲੋਕਾਂ ਦੀ ਜਾਨ ਦੇ ਦੁਸ਼੍ਮਣ ਬਣੇ ਹੋਏ ਹਨ ਟਿੱਪਰ ਚਾਲਕ ਟੋਲ ਦੀ ਪਰਚੀ ਬਚਾਉਣ ਲਈ ਨੈਸ਼ਨਲ ਹਾਈਵੇ ਸੋਲਖੀਆ ਟੋਲ ਪਲਾਜ਼ਾ ਤੋਂ ਪਹਿਲਾ ਬਹਿਰਾਮਪੁਰ ਜਿੰਮੀਦਾਰਾਂ ਪਿੰਡ ਨੂੰ ਆਉਦੀ ਲਿੰਕ ਸੜਕ ਤੋਂ ਆ ਕੇ ਵਾਇਆ ਸਾਲਾਪੁਰ ਤੋਂ ਖਾਬੜਾ, ਸਿੰਘ ਨੂੰ ਹੋ ਕੇ ਆਉਦੇ ਜਾਂਦੇ ਹਨ. ਜਦਕਿ ਇਸ ਸੜਕ ’ਤੇ ਸਕੂਲ ਪੈਂਦੇ ਹਨ। ਬੱਚੇ ਆਉਦੇ-ਜਾਂਦੇ ਹਨ ਪਰ ਪ੍ਰਸ਼ਾਸ਼ਨ ਇਨ੍ਹਾਂ ਬੇਲਗਾਮ ਹੋਏ ਟਿੱਪਰਾਂ ਨੂੰ ਰੋਕਣ ਲਈ ਕੋਈ ਉਪਰਾਲਾਂ ਨਹੀ ਕਰ ਰਿਹਾ। ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਨੂੰ ਤੋੜਨ ’ਚ ਓਵਰਲੋਡ ਵਹੀਕਲਾਂ ਦਾ ਵੱਡਾ ਰੋਲ ਹੈ। ਉਨ੍ਹਾਂ ਸਰਕਾਰ ਦੇ ਨੁਮਾਇੰਦਿਆ ਨੂੰ ਅਪੀਲ ਕੀਤੀ ਕਿ ਸੜਕਾਂ ’ਤੇ ਇਨਸਾਨੀ ਜਾਨਾਂ ਨੂੰ ਬਚਾਉਣ ਲਈ ਲਿੰਕ ਸੜਕਾਂ ਤੇ ਇਨਾਂ ਓਵਰਲੋਡ ਵਹੀਕਲਾਂ ਦਾ ਚੱਲਣਾ ਬੰਦ ਕਰੇ, ਕਿਉਕਿ ਲੋਕ ਨਿਰਮਾਨ ਵਿਭਾਗ ਦੇ ਅਧਿਕਾਰੀ ਤਾਂ ਇਹ ਕਹਿੰਦੇ ਹਨ ਕਿ ਇਹ ਲਿੰਕ ਸੜਕਾਂ ਤਾਂ ਆਮ ਵਹੀਕਲਾਂ ਤੇ ਲੋਕਾਂ ਦੇ ਲੰਘਣ ਲਈ ਬਣਾਈਆ ਜਾਂਦੀਆ ਹਨ, ਓਰਵਲੋਡ ਵ੍ਹੀਕਲਾਂ ਲਈ ਨਹੀਂ।