ਸਫਾਈ ਕਰਮਚਾਰੀਆਂ ਦੀ ਹੜਤਾਲ, ਸ਼ਹਿਰ ’ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ, ਬਦਬੂ ਫੈਲਣੀ ਸ਼ੁਰੂ
ਸਫਾਈ ਕਰਮਚਾਰੀਆਂ ਦੀ ਹੜਤਾਲ,ਸ਼ਹਿਰ ਵਿਚ ਥਾਂ ਥਾਂ ਲੱਗੇ ਕੂੜੇ ਦੇ ਢੇਰ,ਬਦਬੂ ਫੈਲਣੀ ਸ਼ੁਰੂ
Publish Date: Sun, 10 May 2026 06:06 PM (IST)
Updated Date: Mon, 11 May 2026 04:06 AM (IST)

ਸਫਾਈ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਅੱਜ, ਭਰਾਤਰੀ ਜਥੇਬੰਦੀਆ ਦੇ ਆਗੂ ਤੇ ਮੈਂਬਰ ਹੋਣਗੇ ਸ਼ਾਮਲ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸਫਾਈ ਮਜ਼ਦੂਰ ਸੰਘ ਯੂਨੀਅਨ ਪੰਜਾਬ ਦੇ ਸੱਦੇ ‘ਤੇ ਜ਼ਿਲ੍ਹੇ ਵਿਚ ਕੌਸਲ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਅਣਮਿੱਥੇ ਸਮੇਂ ਲਈ ਕੰਮ ਛੋਡ ਹੜਤਾਲ ਅੱਜ ਸੋਮਵਾਰ ਨੂੰ ਸੱਤਵੇਂ ਦਿਨ ਵਿਚ ਦਾਖਲ ਹੋ ਗਈ ਹੈ। ਉੱਧਰ ਯੂਨੀਅਨ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦੇ ਮੂਡ ’ਚ ਹੈ। ਜਿਸ ਨੂੰ ਲੈ ਕੇ ਰੂਪਨਗਰ ਵਿਖੇ ਅੱਜ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉੱਧਰ ਸਫਾਈ ਕਰਮਚਾਰੀਆਂ ਹੜਤਾਲ ਨਾਲ ਗਲੀਆਂ ਮਹੱਲਿਆ ਤੇ ਚੋਰਾਹਿਆਂ ਵਿਚ ਕੂੜੇ ਦੇ ਢੇਰ ਵੱਡੇ ਹੋ ਰਹੇ ਹਨ ਗਰਮੀ ਦਾ ਮੌਸਮ ਹੋਣ ਕਾਰਨ ਬਦਬੂ ਤੇ ਮੱਛਰ ਪਣਪ ਰਿਹਾ ਹੈ। ਰੂਪਨਗਰ ਸ਼ਹਿਰ ਦੇ ਗਿਆਨੀ ਜ਼ੈਲ ਸਿੰਘ ਨਗਰ, ਕਾਲਜ਼ ਰੋਡ, ਹਸਪਤਾਲ ਰੋਡ, ਡੀਏਵੀ ਸਕੂਲ ਰੋਡ, ਪੁਲ ਬਜਾਰ ਨੇੜੇ ਜੋੜੇ ਟਰਾਸਫਾਰਮਰ ਵਾਲੇ ਚੌਕ ਵਿਚ ਲੱਗੇ ਕੂੜੇ ਦੇ ਢੇਰ ਜੇਕਰ ਚੁੱਕੇ ਨਾ ਗਏ ਤਾਂ ਬਜਾਰ ਵਿਚੋਂ ਲੱਗਣਾ ਮੁਸ਼ਕਲ ਹੋ ਜਾਵੇਗਾ। ਜਿਸ ਤੋਂ ਦੁਕਾਨਦਾਰ ਤੇ ਦੂਰ ਦੁਰਾਂਡੇ ਤੋਂ ਖਰੀਦਦਾਰੀ ਕਰਨ ਵਾਲੇ ਗਾਹਕ ਪਰੇਸ਼ਾਨ ਹੋ ਰਹੇ ਹਨ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਜੇ ਕੁਮਾਰ ਭੱਟੀ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਸਨ ਪ੍ਰੰਤੂ ਸੱਤਾ ਵਿਚ ਆਉਣ ਤੋਂ ਬਾਅਦ ਮੁਲਾਜ਼ਮਾਂ ਨੂੰ ਸੜਕਾਂ ’ਤੇ ਰੁਲਣ ਲਈ ਛੱਡ ਦਿੱਤਾ ਗਿਆ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਕੋਈ ਲਿਖਤੀ ਭਰੋਸਾ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਇਹ ਹੜ੍ਹਤਾਲ ਜਾਰੀ ਰਹੇਗੀ। ਇਸ ਮੌਕੇ ਯੂਨੀਅਨ ਆਗੂਆਂ ਨੇ ਆਉਟਸੋਰਸ ਤੇ ਠੇਕਾ ਆਧਾਰਿਤ ਕਰਮਚਾਰੀਆਂ ਜਿਵੇਂ ਸਫਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ, ਸੇਵਾਦਾਰ, ਇਲੈਕਟ੍ਰਿਸ਼ਨ, ਪੰਪ ਆਪਰੇਟਰ, ਕੰਪਿਊਟਰ ਆਪਰੇਟਰ, ਕਲਰਕ, ਡਰਾਇਵਰ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਚੁੱਕੀ। ਇਸ ਤੋਂ ਇਲਾਵਾ 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮਿਊਂਸਿਪਲ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਤੇ ਉਨ੍ਹਾਂ ਨੂੰ ਪੀਪੀਐੱਫ ਵਿੱਚੋਂ ਵਾਪਸੀਯੋਗ ਕਰਜ਼ਾ ਲੈਣ ਦੀ ਮਨਜ਼ੂਰੀ ਦੇਣ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਕਰਨ ਲਈ ਠੇਕੇਦਾਰੀ ਸਿਸਟਮ ਨੂੰ ਜੜ੍ਹੋਂ ਖ਼ਤਮ ਕਰਕੇ ਸਿੱਧੀ ਭਰਤੀ ਕੀਤੀ ਜਾਵੇ। 1 ਜਨਵਰੀ, 2016 ਤੋਂ ਪੇ-ਕਮਿਸ਼ਨ ਦੀਆਂ ਰਿਪੋਰਟਾਂ ਅਨੁਸਾਰ ਬਕਾਏ ਜਾਰੀ ਕਰਨਾ ਅਤੇ ਵਧੀਆਂ ਹੋਈਆਂ ਤਨਖਾਹਾਂ ਨੂੰ ਲਾਗੂ ਕਰਨਾ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾਕਿ ਕੁੰਭਕਰਨੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਸੋਮਵਾਰ ਨੂੰ ਰੂਪਨਗਰ ਕੌਸਲ ਨੇੜੇ ਯੂਨੀਅਨ ਦਫਤਰ ਵਿਖੇ ਕਰਮਚਾਰੀ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਨਗੇ ਜਿਸ ਵਿਚ ਭਰਾਤਰੀ ਜਥੇਬੰਦੀਆ ਦੇ ਆਗੂ ਤੇ ਮੈਂਬਰ ਸ਼ਾਮਲ ਹੋਣਗੇ। ਸਫਾਈ ਕਰਮਚਾਰੀਆਂ ਦੀਆਂ ਮੰਗਾਂ ਬਿਨਾਂ ਦੇਰੀ ਪੂਰੀਆਂ ਹੋਣ : ਬਿੰਟਾ ਰੋਪੜ ਵਪਾਰ ਮੰਡਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਬਿੰਟਾ ਨੇ ਕਿਹਾ ਕਿ ਸਰਕਾਰ ਨੂੰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਬਿਨ੍ਹਾਂ ਕਿਸੇ ਦੇਰੀ ਹੱਲ ਕਰਕੇ ਸ਼ਹਿਰਾਂ ਵਿਚ ਸਫਾਈ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾਕਿ ਹੜਤਾਲ ਕਾਰਨ ਬਜਾਰਾਂ ਵਿਚ ਕੂੜੇ ਦੇ ਢੇਰ ਵੱਧ ਰਹੇ ਹਨ ਜੇਕਰ ਇਸੇ ਤਰਾਂ ਰਿਹਾ ਤਾਂ ਦੁਕਾਨਦਾਰਾਂ ਦਾ ਸਿੱਧੇ ਰੂਪ ਵਿਚ ਆਰਥਿਕ ਨੁਕਸਾਨ ਹੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਅਜਿਹੇ ਬਦਬੂ ਮਾਰ ਰਹੇ ਬਜਾਰ ਵਿਚ ਕੋਈ ਗਾਹਕ ਨਹੀ ਆਵੇਗਾ। ਉਨ੍ਹਾਂ ਕਿਹਾਕਿ ਜੇਕਰ ਥੋੜਾ ਵੀ ਮੀਂਹ ਪੈ ਗਿਆ ਤਾਂ ਦੁਕਾਨਦਾਰਾਂ ਨੂੰ ਦੁਕਾਨ ਖੋਲਣੀ ਵੀ ਮੁਸ਼ਕਿਲ ਹੋ ਜਾਵੇਗੀ। ਸਫਾਈ ਸੇਵਕਾਂ ਨਾਲ ਧਰਨੇ ’ਤੇ ਬੈਠਣ ਲਈ ਤਿਆਰ ਹਾਂ : ਸੰਜੇ ਨਗਰ ਕੌਂਸਲ ਰੂਨਪਗਰ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਗਰ ਕੌਂਸਲ ਦੇ ਕੱਚੇ ਅਤੇ ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਕੇ ਆਪਣਾ ਵਾਅਦਾ ਪੂਰਾ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲ ਤੋਂ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੂੰ ਰੈਗੂਲਰ ਕਰਨ ਲਈ ਵਿਚਾਰ ਨਹੀਂ ਕੀਤਾ ਗਿਆ ਹੈ ਅਤੇ ਝੂਠੇ ਲਾਰਿਆਂ ਵਿਚ ਹੀ ਸਰਕਾਰ ਨੇ ਆਪਣਾ ਸਮਾਂ ਲੰਘਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਤਾਂ ਉਹ ਵੀ ਸਫਾਈ ਸੇਵਕਾਂ ਨਾਲ ਧਰਨੇ ’ਤੇ ਬੈਠਣ ਲਈ ਤਿਆਰ ਹਨ।