ਕਿਸਾਨ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲੈਣ ਲਾਹਾ : ਖੇਤੀਬਾੜੀ ਅਫ਼ਸਰ
ਜ਼ਿਲ੍ਹਾ ਪੱਧਰੀ ਕੈਂਪ ਦੁਆਰਾ ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ
Publish Date: Sun, 10 May 2026 04:05 PM (IST)
Updated Date: Mon, 11 May 2026 04:00 AM (IST)

ਜ਼ਿਲ੍ਹਾ ਪੱਧਰੀ ਕੈਂਪ ਦੁਆਰਾ ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਵਿਖੇ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਵੱਲੋਂ ਸਾਉਣੀ ਦੀਆਂ ਫਸਲਾਂ ਬਾਰੇ ਨਵੀਨਤਮ ਅਤੇ ਤਕਨੀਕੀ ਜਾਣਕਾਰੀ ਦੇ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਸੰਯੁਕਤ ਡਾਇਰੈਕਟਰ ਖੇਤੀਬਾੜੀ ਇੰਜੀਨੀਅਰ ਡਾ.ਜਗਦੀਸ਼ ਸਿੰਘ, ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਵਿਨੈ ਕੁਮਾਰ ਅਤੇ ਸਬ ਡਵੀਜ਼ਨਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਮੁੱਖ ਤੌਰ ’ਤੇ ਸ਼ਾਮਲ ਹੋਏ। ਇਸ ਕੈਂਪ ਦਾ ਉਦਘਾਟਨ ਸੰਯੁਕਤ ਡਾਇਰੈਕਟਰ ਖੇਤੀਬਾੜੀ ਇੰਜੀਨੀਅਰ ਡਾ.ਜਗਦੀਸ਼ ਸਿੰਘ ਨੇ ਕੀਤਾ ਅਤੇ ਉਨ੍ਹਾਂ ਨੇ ਵੱਖ-ਵੱਖ ਬਲਾਕਾਂ ਤੋਂ ਆਏ ਲੱਗਭੱਗ 1200 ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਵੈਟਨਰੀ ਅਫਸਰ ਡਾ.ਮਨਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਮੂੰਹ ਖੁਰ, ਗਲ ਘੋਟੂ, ਬਲੈਕ ਕੁਆਟਰ ਅਤੇ ਹੋਰ ਬਿਮਾਰੀਆਂ ਦੀਆਂ ਵੈਕਸੀਨਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਦਿੰਦੇ ਹੋਏ ਪਸ਼ੁ ਪਾਲਕਾਂ ਨੂੰ ਵੈਕਸੀਨ ਲਗਾਉਣ ਅਤੇ ਕਿਸਾਨਾਂ ਨੂੰ ਪਸ਼ੂ ਪਾਲਣ ਧੰਦੇ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਤੋਂ ਪਹੁੰਚੇ ਡਾ.ਜਗਮਨਜੋਤ ਸਿੰਘ ਮਾਨ ਨੇ ਝੋਨੇ ਦੀਆਂ ਪੀਏਯੂ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਕਿਸਮਾਂ, ਖਾਦਾਂ ਦੀ ਵਰਤੋਂ ਜਿਵੇਂ ਕਿ ਜੈਵਿਕ, ਜੀਵਾਣੂ ਅਤੇ ਰਸਾਇਣਿਕ ਖਾਦ, ਨਦੀਨਾਂ ਦੀ ਰੋਕਥਾਮ ਅਤੇ ਪੀਏਯੂ ਦੀਆਂ ਪ੍ਰਮੁੱਖ ਕਿਤਾਬਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਤੇ ਡਾ.ਅਕੁੰਰਦੀਪ ਪ੍ਰੀਤੀ ਸਹਾਇਕ ਪ੍ਰੋਫੈਸਰ ਵਣ ਖੇਤੀ ਅਤੇ ਡਾ.ਉਰਵੀ ਸ਼ਰਮਾ (ਪੌਦ ਸੁਰੱਖਿਆ) ਵੱਲੋਂ ਵੱਖ-ਵੱਖ ਵਿਸ਼ੇ ਜਿਵੇਂ ਕਿ ਪਾਪੂਲਰਾਂ ਦੀ ਖੇਤੀ, ਪੌਦ ਸੁਰੱਖਿਆ ਬਾਰੇ ਜਾਣਕਾਰੀ ਦਿੰਦੇ ਹੋਏ ਚਿੱਟੀ ਪਿੱਠ ਵਾਲੇ ਟਿੱਢੇ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਦੱਸਿਆ। ਜ਼ਿਲ੍ਹਾ ਪਸਾਰ ਵਿਗਿਆਨੀ (ਬਾਗਬਾਨੀ) ਫਾਰਮ ਸਲਾਹਕਾਰ ਸੇਵਾ ਕੇਂਦਰ ਰੂਪਨਗਰ ਡਾ.ਅਵਨੀਤ ਕੌਰ ਵੱਲੋਂ ਫਲਦਾਰ ਬਾਗ-ਬੂਟਿਆਂ ਨੂੰ ਲਗਾਉਣ ਅਤੇ ਗਰਮੀ ਵਿਚ ਇਨ੍ਹਾਂ ਦੀ ਸਾਂਭ ਸੰਭਾਲ ਦੇ ਨਾਲ-ਨਾਲ ਫਲ ਮੱਖੀ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਭਾਕਿਯੂ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗੰਨਾ ਮਿੱਲ ਮੋਰਿੰਡਾ ਦੇ ਡਾਇਰੈਕਟਰ ਰਣਧੀਰ ਸਿੰਘ ਮਾਜਰੀ ਨੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ.ਵਿਨੈ ਕੁਮਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਫਸਲ ਤੋਂ ਮੱਕੀ ਵੱਲ ਫਸਲੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਸਾਨਾਂ ਨੂੰ ਫਾਰਮਰ ਰਜਿਸਟਰੀ ਕਰਵਾਉਣ, ਪਾਣੀ ਦੀ ਬੱਚਤ, ਖੇਤੀ ਵਿਚ ਇਨਪੁੱਟ ਲਾਗਤ ਘਟਾਉਣ ਅਤੇ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਵੀ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਕਿਸਾਨ ਆਧੁਨਿਕ ਅਤੇ ਵਿਗਿਆਨਕ ਖੇਤੀ ਤਰੀਕੇ ਅਪਣਾ ਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ ਤੇ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦੇ ਹੋਏ ਇਸ ਨੂੰ ਮਿੱਟੀ ਵਿਚ ਮਿਲਾਉਣ ਨਾਲ ਹੋਣ ਵਾਲੇ ਲਾਭ ਦੀ ਜਾਣਕਾਰੀ ਦਿੱਤੀ।