ਕੁੱਤਿਆਂ ਦਾ ਅਤੰਕ, ਉੱਚਾ ਖੇੜਾ ਦੀ ਦੁਕਾਨਦਾਰ ਮਹਿਲਾ ਨੂੰ ਬੁਰੀ ਤਰ੍ਹਾਂ ਨੋਚਿਆ
ਕੁੱਤਿਆਂ ਦਾ ਅਤੰਕ, ਉੱਚਾ ਖੇੜਾ ਦੀ ਦੁਕਾਨਦਾਰ ਮਹਿਲਾ ਨੂੰ ਬੁਰੀ ਤਰ੍ਹਾਂ ਨੋਚਿਆ
Publish Date: Sat, 18 Apr 2026 07:37 PM (IST)
Updated Date: Sun, 19 Apr 2026 04:15 AM (IST)

ਡੂੰਘੇ ਜ਼ਖਮ ਤੋਂ ਖੂਨ ਰੋਕਣਾ ਹੋਇਆ ਮੁਸ਼ਕਲ, ਪੀਜੀਆ ਚੰਡੀਗੜ੍ਹ ਰੈਫਰ ਕੀਤਾ ਡਾਕਟਰ ਨੇ ਜ਼ਖ਼ਮ ਨੂੰ ਡਾਗ ਬਾਈਟ ਥਰਡ ਡਿਗਰੀ ਦੱਸਿਆ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਦੇ ਉੱਚਾ ਖੇੜਾ ਵਿਖੇ ਸ਼੍ਰੀ ਰਾਮ ਮੰਦਿਰ ਦੇ ਨੇੜੇ ਇੱਕ ਕੁੱਤੇ ਨੇ ਇੱਕ ਬਜ਼ੁਰਗ ਮਹਿਲਾ ਦੀ ਖੱਬੀ ਲੱਤ ਨੂੰ ਬੁਰੀ ਤਰ੍ਹਾਂ ਵੱਢ ਲਿਆ। ਕੁੱਤੇ ਨੇ ਔਰਤ ਦੀ ਲੱਤ ਨੂੰ ਇੰਨੀ ਬੁਰੀ ਤਰ੍ਹਾਂ ਕੱਟਿਆ ਨਾਲ ਲੱਤ ਤੋਂ ਮਾਸ ਲਟਕਣ ਲੱਗਿਆ ਤੇ ਬਹੁਤ ਜ਼ਿਆਦਾ ਖੂਨ ਨਿਕਲ ਗਿਆ। ਇਸ ਦੌਰਾਨ ਰਾਹਗੀਰ ਮੋਟਰਸਾਈਕਲ ਸਵਾਰਾਂ ਨੇ ਉਸਦੀ ਲੱਤ ਦੁਆਲੇ ਕੱਪੜਾ ਬੰਨ੍ਹ ਕੇ ਖੂਨ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਖੂਨ ਵਗਣਾ ਬੰਦ ਨਹੀਂ ਹੋਇਆ। ਉਕਤ ਮਹਿਲਾ ਨੂੰ ਗੰਭੀਰ ਹਾਲਤ ਵਿਚ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਲਿਜਾਇਆ ਗਿਆ। ਡਾਕਟਰਾਂ ਨੇ ਤੁਰੰਤ ਜ਼ਖਮੀ ਮਹਿਲਾ ਨੂੰ ਮੁੱਢਲੀ ਸਹਾਇਤਾ ਉਪਰੰਤ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਡਾਕਟਰ ਨੇ ਕਿਹਾ ਕਿ ਕੁੱਤੇ ਵੱਲੋਂ ਦਿੱਤਾ ਡੂੰਘਾ ਜ਼ਖਮ (ਡਾਗ ਬਾਈਟ ਥਰਡ ਡਿਗਰੀ) ਕੁੱਤੇ ਦੇ ਕੱਟਣ ਦੀ ਤੀਜੀ ਸ਼੍ਰੇਣੀ ਵਿਚ ਆਉਂਦਾ ਹੈ। ਅਜਿਹੇ ਮਾਮਲਿਆਂ ਵਿਚ, ਇੱਕ ਯੋਗ ਡਾਕਟਰ ਵੱਲੋਂ ਤੁਰੰਤ ਇਲਾਜ ਜ਼ਰੂਰੀ ਹੁੰਦਾ ਹੈ। ਜ਼ਖਮੀ ਮਹਿਲਾ ਦੀ ਪਛਾਣ ਸ਼ਕੁੰਤਲਾ (60) ਪਤਨੀ ਸੱਤਪਾਲ ਨਿਵਾਸੀ ਉੱਚਾ ਖੇੜਾ ਰੂਪਨਗਰ ਵਜੋਂ ਹੋਈ ਹੈ। ਇਸ ਸਬੰਧੀ ਜ਼ਖਮੀ ਮਹਿਲਾ ਦੇ ਪੁੱਤਰ ਸੰਜੀਵ ਕੁਮਾਰ ਮੋਨੂੰ ਨੇ ਦੱਸਿਆ ਕਿ ਉਸਦੀ ਮਾਂ ਮਾਤਾ ਰਾਣੀ ਮੁਹੱਲਾ ਵਿਚ ਤਕੀਆ ਸ਼ਿਵ ਮੰਦਰ ਦੇ ਕੋਲ ਇੱਕ ਕਰਿਆਨੇ ਦੀ ਦੁਕਾਨ ਚਲਾਉਂਦੀ ਹੈ। ਉਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਹ ਦੁਕਾਨ ਦਾ ਸਮਾਨ ਲੈਣ ਲਈ ਬਜ਼ਾਰ ਗਈ ਸੀ ਅਤੇ ਬਜ਼ਾਰ ਤੋਂ ਸਮਾਨ ਲਿਆਉਂਦੇ ਸਮੇਂ ਸ਼ਾਮ ਕਰੀਬ 4 ਵਜੇ ਜਦੋਂ ਉਸਦੀ ਮਾਤਾ ਸਥਾਨਕ ਰਾਮਾ ਮੰਦਰ ਦੇ ਕੋਲ ਪਹੁੰਚੀ ਤਾਂ ਉੱਥੇ ਬੈਠੇ ਆਵਾਰਾ ਕੁੱਤਿਆਂ ਨੇ ਉਸਦੀ ਮਾਤਾ ’ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸ ਕਿਹਾ ਕਿ ਦੋ ਦਿਨ ਪਹਿਲਾਂ ਵੀ ਇੱਕ ਔਰਤ ਨੂੰ ਕੁੱਤੇ ਨੇ ਵੱਢ ਲਿਆ ਸੀ। ਉਸਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਪ੍ਰਬੰਧਨ ਨੂੰ ਵੱਧ ਰਹੇ ਖਤਰਨਾਕ ਕੁੱਤਿਆਂ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡਾਕਟਰ ਨੇ ਸਲਾਹ ਦਿੱਤੀ ਹੈ ਕਿ ਐਂਟੀ-ਰੇਬੀਜ਼ ਇਲਾਜ ਦੌਰਾਨ ਪਲਾਸਟਿਕ ਸਰਜਰੀ ਦੀ ਲੋੜ ਪੈ ਸਕਦੀ ਹੈ। ਇਸ ਦੌਰਾਨ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਸਥਾਨਕ ਰਾਮਾ ਮੰਦਿਰ ਚੌਂਕ ਵਿਖੇ ਅਵਾਰਾ ਕੁੱਤਿਆਂ ਦਾ ਝੁੰਡ ਬੈਠਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਇਨ੍ਹਾਂ ਦੋ ਦਿਨ ਪਹਿਲਾਂ ਵੀ ਅਵਾਰਾ ਕੁੱਤਿਆਂ ਵੱਲੋਂ ਇੱਕ ਹੋਰ ਮਹਿਲਾ ’ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਸੀ। ਇਨ੍ਹਾਂ ਘਟਨਾਵਾਂ ਦੇ ਕਾਰਨ ਸਥਾਨਕ ਵਾਸੀਆਂ ਵਿਚ ਅਵਾਰਾ ਕੁੱਤਿਆਂ ਨੂੰ ਲੈ ਕਿ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਬੱਚੇ ਤੇ ਬਜ਼ੁਰਗ ਅਕਸਰ ਇਸੀ ਰਸਤੇ ਤੋਂ ਆਉਂਦੇ ਜਾਂਦੇ ਹਨ। ਇਸ ਦੇ ਇਲਾਵਾ ਬੱਚੇ ਇਸ ਚੌਂਕ ਵਿਚ ਖੇਡਦੇ ਵੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੁੱਤਿਆਂ ਦੇ ਕਾਰਨ ਕਦੀ ਵੀ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਸਥਾਨਕ ਪ੍ਰਸ਼ਾਸਨ ਤੋਂ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ। ਸਾਬਕਾ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਕਿਰਨ ਸੋਨੀ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ ਅਤੇ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਜਲਦੀ ਹੀ ਗੰਭੀਰ ਕਾਰਵਾਈ ਕਰਨੀ ਚਾਹੀਦੀ ਹੈ।