ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾਂ ਵਧਾਈ, ਸ਼ਹਿਰ ਦੇ ਨੀਵੇਂ ਇਲਾਕਿਆ ਵਿਚ ਭਰਿਆ ਪਾਣੀ
ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਚਿੰਤਾਂ ਵਧਾਈ ,ਸ਼ਹਿਰ ਦੇ ਨੀਵੇਂ ਇਲਾਕਿਆ ਵਿਚ ਭਰਿਆ ਪਾਣੀ
Publish Date: Wed, 08 Apr 2026 07:22 PM (IST)
Updated Date: Thu, 09 Apr 2026 04:09 AM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਖੇਤਾਂ ਵਿਚ ਪੱਕੀ ਖੜੀ ਕਣਕ ਦੇ ਕਟਾਈ ਮੌਕੇ ਸ਼ੁਰੂ ਹੋਈ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਚਿੰਤਾਂ ਵਧਾ ਦਿੱਤੀ ਹੈ। ਮੰਗਲਵਾਰ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਰੁਕ ਰੁਕ ਕੇ ਮੀਂਹ ਪਿਆ ਅਤੇ ਬੁੱਧਵਾਰ ਨੂੰ ਦਿਨੇ ਕਰੀਬ ਚਾਰ ਵਜ਼ੇ ਤੋਂ ਸ਼ੁਰੂ ਹੋਏ ਮੀਂਹ ਨੇ ਕਣਕ ਦੀ ਫਸਲ ਦੀ ਕਟਾਈ ਨੂੰ ਰੋਕ ਦਿੱਤਾ ਹੈ ਉੱਥੇ ਆਮ ਜਨਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਉੱਧਰ ਮੌਸਮ ਵਿਭਾਗ ਵੱਲੋਂ 27 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨਸਾਰ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਹੋ ਗਈ ਹੈ ਪਰ ਮੌਸਮ ਦੇ ਬਦਲੇ ਮਿਜ਼ਾਜ ਨੇ ਹੁਣ ਕਟਾਈ ਨੂੰ ਕੁੱਝ ਦਿਨ ਪਿਛਾੜ ਦਿੱਤਾ ਹੈ ਜਦਕਿ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਕਿਸਾਨਾਂ ਵੱਲੋਂ ਲਿਆਈ ਜਾਣ ਵਾਲੀ ਕਣਕ ਨੂੰ ਖਰੀਦਣ ਅਤੇ ਕਣਕ ਦੀ ਸਾਂਭ-ਸੰਭਾਲ ਲਈ ਪੁਖਤਾ ਪ੍ਰਬੰਧ ਯਕੀਨੀ ਕੀਤੇ ਜਾਣ, ਕਿਸਾਨਾ ਵੱਲੋਂ ਲਿਆਂਦੀ ਜਾ ਰਹੀ ਫਸਲ ਨੂੰ ਬੇ-ਮੌਸਮੀ ਬਾਰਿਸ਼ ਤੋਂ ਬਚਾਉਣ ਲਈ ਆੜ੍ਹਤੀਆਂ ਨੂੰ ਲੋੜੀਂਦੀਆਂ ਤਰਪਾਲਾਂ ਦੇ ਪ੍ਰਬੰਧ ਕਰਨ ਲਈ ਪਹਿਲਾਂ ਹੀ ਆਦੇਸ਼ ਜਾਰੀ ਕਰ ਦਿੱਤੇ ਗਏ ਸਨ, ਜਿਸ ਕਾਰਨ ਅੱਜ ਹੋਈ ਬੇਮੌਸਮੀ ਬਾਰਿਸ਼ ਨਾਲ ਮੰਡੀ ਵਿੱਚ ਪਈ ਫਸਲ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ। ਉੱਧਰ ਕਿਸਾਨ ਜਸਬੀਰ ਸਿੰਘ,ਪਰਮਜੀਤ ਸਿੰਘ,ਰਾਮ ਸਿੰਘ ਨੇ ਕਿਹਾਕਿ ਅਸੀ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਾਂ ਕਿ ਮੀਂਹ ਅਤੇ ਤੇਜ਼ ਹਵਾਵਾਂ ਨਾ ਚੱਲਣ ਜੇਕਰ ਅਜਿਹਾ ਹੁੰਦਾ ਹੈ, ਤਾਂ ਪੱਕੀ ਕਣਕ ਦੀ ਫ਼ਸਲ ਡਿੱਗ ਜਾਵੇਗੀ, ਭਿੱਜ ਜਾਵੇਗੀ ਅਤੇ ਬਰਬਾਦ ਹੋ ਜਾਵੇਗੀ, ਅਤੇ ਕਿਸਾਨਾਂ ਦੀ ਮਹੀਨਿਆਂ ਦੀ ਮਿਹਨਤ ਕੁਝ ਘੰਟਿਆਂ ਵਿਚ ਬਰਬਾਦ ਹੋ ਜਾਵੇਗੀ। ਮੌਸਮ ਵਿਭਾਗ ਅਨਸਾਰ ਰੂਪਨਗਰ ਵਿਚ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਸੀ। ਸ਼ਹਿਰ ਦੇ ਨੀਵੇਂ ਇਲਾਕਿਆਂ ਅਤੇ ਟੁੱਟੀਆਂ ਸੜਕਾਂ ਤੇ ਮੀਂਹ ਦਾ ਪਾਣੀ ਇਕੱਠਾ ਹੋ ਗਿਆ ਹੈ। ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਗਾਰਡਨ ਕਲੋਨੀ, ਨਿਊ ਗਾਰਡਨ ਕਲੋਨੀ, ਲਖਵਿੰਦਰਾ ਐਨਕਲੇਵ, ਮਲਹੋਤਰਾ ਕਲੋਨੀ ਰੋਡ ਅਤੇ ਕ੍ਰਿਸ਼ਨਾ ਨਗਰ ਵਿਚ। ਸ਼ਾਮ 6 ਵਜੇ ਦੇ ਕਰੀਬ, ਅਸਮਾਨ ਵਿਚ ਬੱਦਲਾਂ ਤੋਂ ਇੱਕ ਸਤਰੰਗੀ ਪੀਂਘ ਬਣ ਗਈ। ਥੋੜ੍ਹੀ ਦੇਰ ਬਾਅਦ, ਇੱਕ ਦੂਜੀ ਸਤਰੰਗੀ ਪੀਂਘ, ਇੱਕ ਦਰਮਿਆਨੇ ਰੰਗ ਦੀ, ਪਹਿਲੀ ਸਤਰੰਗੀ ਪੀਂਘ ਦੇ ਉੱਪਰ ਦਿਖਾਈ ਦਿੱਤੀ। ਮੰਗਲਵਾਰ ਰਾਤ ਤੋਂ ਬੁੱਧਵਾਰ ਸ਼ਾਮ ਤੱਕ, ਆਨੰਦਪੁਰ ਸਾਹਿਬ ਵਿਚ 15 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਰੂਪਨਗਰ ਵਿੱਚ 12 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਨੁਸਾਰ, ਵੀਰਵਾਰ ਤੋਂ ਤਾਪਮਾਨ ਵਧਣ ਦੀ ਉਮੀਦ ਹੈ, ਅਤੇ ਹਲਕੇ ਬੱਦਲ ਛਾਏ ਰਹਿਣਗੇ।