ਇਲਾਕਾ ਸੰਘਰਸ਼ ਕਮੇਟੀ ਵੱਲੋਂ ਥਰਮਲ ਅੱਗੇ ਰੋਸ ਮੁਜ਼ਾਹਰਾ
ਇਲਾਕਾ ਸੰਘਰਸ਼ ਕਮੇਟੀ ਵੱਲੋਂ ਥਰਮਲ ਦੇ ਮੇਨ ਗੇਟ ਅੱਗੇ ਕੀਤਾ ਗਿਆ ਰੋਸ ਮੁਜਾਹਰਾ
Publish Date: Wed, 08 Apr 2026 05:44 PM (IST)
Updated Date: Thu, 09 Apr 2026 04:03 AM (IST)

ਪੁਸ਼ਪਿੰਦਰ ਗੋਲੀਆ, ਪੰਜਾਬੀ ਜਾਗਰਣ, ਘਨੌਲੀ : ਇਲਾਕਾ ਸੰਘਰਸ਼ ਕਮੇਟੀ ਲੌਦੀਮਾਜਰਾ-ਘਨੌਲੀ ਵੱਲੋਂ ਥਰਮਲ ਦੇ ਮੇਨ ਗੇਟ ’ਤੇ ਪੰਜਾਬ ਸਰਕਾਰ ਤੇ ਥਰਮਲ ਚੀਫ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਝੀਲਾਂ ਦੇ ਪਾਣੀ ਨਾਲ ਸੇਮ ਆ ਜਾਣ ਕਾਰਨ ਦਬੁਰਜੀ, ਮੱਦੋਮਾਜਰਾ, ਰਣਜੀਤਪੁਰਾ, ਗੁੰਨੋ ਮਾਜਰਾ ਆਦਿ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਹਨ। ਇਸ ਮੌਕੇ ਨਿਰਮਲ ਸਿੰਘ ਲੌਦੀਮਾਜਰਾ, ਗਿਆਨ ਸਿੰਘ ਘਨੌਲੀ, ਮਾ.ਜਗਤਾਰ ਸਿੰਘ, ਮਾ.ਅਵਤਾਰ ਸਿੰਘ ਆਦਿ ਪਤਵੰਤਿਆਂ ਨੇ ਕਿਹਾ ਕਿ ਥਰਮਲ ਦੀਆਂ ਝੀਲਾਂ ਵੱਲੋਂ ਪਾਈ ਗਈ ਸੇਮ ਦੇ ਕਾਰਨ ਇਲਾਕੇ ਦੇ ਪਿੰਡਾਂ ਦੇ ਕੁਝ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਈ ਵਾਰ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਵੀ ਇਸ ਸਬੰਧੀ ਪੱਤਰ ਲਿਖ ਚੁੱਕੇ ਹਨ ਪ੍ਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨ ਪਹਿਲਾਂ ਹੀ ਕੁਦਰਤੀ ਮਾਰ ਝੱਲ ਰਹੇ ਹਨ ਪ੍ਰੰਤੂ ਇਸ ਦੇ ਕਾਰਨ ਉਨ੍ਹਾਂ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਹੈ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਥਰਮਲ ਪਲਾਂਟ ਅਤੇ ਅੰਬੂਜਾ ਅਧਿਕਾਰੀਆਂ ਨੂੰ ਕਿਸਾਨਾਂ ਦੀਆਂ ਬਰਬਾਦ ਹੋਈਆ ਫਸਲਾਂ ਦਾ ਬਣਦਾ ਮੁਆਵਜ਼ਾ 70 ਹਜ਼ਾਰ ਰੁਪਏ ਪ੍ਰਤੀ ਕਿਸਾਨ ਨੂੰ ਦਿੱਤਾ ਜਾਵੇ ਤੇ ਰਾਖ ਆਮ ਲੋਕਾਂ ਨੂੰ ਭਰਤ ਆਦਿ ਪਾਉਣ ਲਈ ਮੁੱਹਈਆ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਮਸਲੇ ਦਾ ਜਲਦੀ ਹੀ ਕੋਈ ਹੱਲ੍ਹ ਨਹੀਂ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕੁਲਵਿੰਦਰ ਸਿੰਘ, ਸਰਪੰਚ ਅਮਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਕਸ਼ਮੀਰ ਸਿੰਘ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਸਰਪੰਚ ਜਰਨੈਲ ਸਿੰਘ, ਦਲਜੀਤ ਸਿੰਘ, ਗੁਰਜੀਤ ਸਿੰਘ, ਮਨਜੀਤ ਸਿੰਘ, ਹਰਨੇਕ ਸਿੰਘ, ਸੋਹਣ ਸਿੰਘ, ਪਰਵਾਨ ਸਿੰਘ, ਸਰਵਣ ਸਿੰਘ, ਸਤਵੰਤ ਸਿੰਘ, ਵਿਸਾਖਾ ਸਿੰਘ, ਗੁਰਿੰਦਰ ਸਿੰਘ, ਕੁਲਜੀਤ ਸਿੰਘ ਗੋਲੀਆ, ਅਜੈਬ ਸਿੰਘ, ਸੋਮਾ ਸਿੰਘ, ਪਰਮਜੀਤ ਸਿੰਘ, ਦਿਲਬਾਗ ਸਿੰਘ, ਹਰਬੰਸ ਸਿੰਘ, ਕੁਲਦੀਪ ਸਿੰਘ, ਰਾਮ ਲੋਕ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ, ਗੁਰਨੈਬ ਸਿੰਘ, ਅਵਤਾਰ ਸਿੰਘ, ਜੋਗਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਕਿਸਾਨ ਹਾਜ਼ਰ ਸਨ।