ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸਾ਼ਲ ਚੜ੍ਹਦੀ ਕਲਾ ਪੰਥਕ ਇਕੱਠ
ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸਾ਼ਲ ਚੜ੍ਹਦੀ ਕਲਾ ਪੰਥਕ ਇਕੱਠ
Publish Date: Sat, 21 Feb 2026 07:47 PM (IST)
Updated Date: Sun, 22 Feb 2026 04:13 AM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਬੰਦੀ ਸਿੰਘਾਂ ਦੀ ਰਿਹਾਈ ਲਈ ਪਿੰਡ ਹਵਾਰਾ ਵਿਖੇ ਵਿਸ਼ਾਲ ਚੜ੍ਹਦੀ ਕਲਾ ਪੰਥਕ ਇਕੱਠ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਇਕੱਠ ਦੌਰਾਨ ਜਿੱਥੇ ਕੇਂਦਰ ਅਤੇ ਸੂਬੇ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮਸਲਿਆਂ ਦੇ ਹੱਲ੍ਹ ਲਈ ਸੰਜੀਦਗੀ ਨਾਲ ਆਪੋ ਆਪਣੀ ਭੂਮਿਕਾ ਨਾ ਨਿਭਾਉਣ ਦੀ ਨਿਖੇਧੀ ਕੀਤੀ ਗਈ ਉੱਥੇ ਹੀ ਇਸ ਪੰਥਕ ਇਕੱਠ ਵੱਲੋਂ ਪੰਥਕ ਏਕਤਾ ਦਾ ਵੀ ਹੋਕਾ ਦਿੱਤਾ ਗਿਆ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਅਤੇ ਬੇਅਦਬੀਆਂ ਲਈ ਸਖਤ ਤੋਂ ਸਖਤ ਕਾਨੂੰਨ ਬਣਾਉਣ ਲਈ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿਚ ਦੋ ਮਤੇ ਪ੍ਰਵਾਨਗੀ ਲਈ ਵਿਧਾਨ ਸਭਾ ਦੇ ਸਪੀਕਰ ਨੂੰ ਭੇਜੇ ਜਾਣ ਬਾਰੇ ਦੱਸਿਆ ਗਿਆ। ਇਸ ਮੌਕੇ ਇਕੱਠ ਨੂੰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜੱਥੇਦਾਰ ਹਰਪ੍ਰੀਤ ਸਿੰਘ, ਐੱਸਜੀਪੀਸੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਸਰਬਜੀਤ ਸਿੰਘ ਖਾਲਸਾ ਐੱਮਪੀ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਐਡਵੋਕੇਟ ਮਨਦੀਪ ਸਿੰਘ ਸਿੱਧੂ, ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਭਾਈ ਤਰਸੇਮ ਸਿੰਘ, ਭਾਈ ਕਰਮਜੀਤ ਸਿੰਘ ਸੁਨਾਮ, ਨਿਹੰਗ ਮੁਖੀ ਬਾਬਾ ਰਾਮਰਾਜ ਸਿੰਘ ਅਤੇ ਤਾਮਿਲਨਾਡੂ ਦੇ ਸਿੱਖ ਆਗੂ ਐਡਵੋਕੇਟ ਜੀਵਨ ਸਿੰਘ ਨੇ ਸੰਬੋਧਨ ਕਰਦਿਆਂ ਜਿੱਥੇ ਕੇਂਦਰ ਸਰਕਾਰ ’ਤੇ ਇੱਕੋ ਸੰਵਿਧਾਨ ਤਹਿਤ ਘੱਟ ਗਿਣਤੀਆਂ ਤੇ ਬਹੁ ਗਿਣਤੀ ਲਈ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ ਗਿਆ, ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਰ ਬੰਦੀ ਸਿੰਘਾਂ ਦੇ ਪਿੰਡਾਂ ਵਿਚ ਵੀ ਅਜਿਹੇ ਪੰਥਕ ਇਕੱਠ ਕਰਨ ਅਤੇ ਜਾਗਰੂਕ ਕਰਨ ਦਾ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਪੰਥਕ ਏਕਤਾ ਦਾ ਸੱਦਾ ਦਿੱਤਾ ਗਿਆ ਪ੍ਰੰਤੂ ਬੰਦੀ ਸਿੰਘਾਂ ਦੀ ਰਿਹਾਈ ਤੇ ਪੰਥਕ ਮਸਲਿਆਂ ਦੇ ਹੱਲ੍ਹ ਲਈ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਈ ਜਾਵੇ, ਇਸ ਬਾਰੇ ਕਿਸੇ ਵੀ ਆਗੂ ਵੱਲੋਂ ਕੋਈ ਸਪੱਸ਼ਟ ਐਲਾਨ ਨਹੀਂ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਪੈਰੋਲ ਸਬੰਧੀ ਫਾਈਲ 21 ਅਕਤੂਬਰ 2025 ਤੋਂ ਭਗਵੰਤ ਮਾਨ ਦੇ ਟੇਬਲ ’ਤੇ ਪਈ ਹੈ ਪ੍ਰੰਤੂ ਜਾਣਬੁੱਝ ਕੇ ਪੰਜਾਬ ਸਰਕਾਰ ਵੱਲੋਂ ਹੁਣ ਤਕ ਇਸ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚਿਆਂ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬਿਆਨ ਦਿੰਦੇ ਸਨ ਪ੍ਰੰਤੂ ਉਨ੍ਹਾਂ ਦਾ ਹਰਾ ਪੈੱਨ ਬੰਦੀ ਸਿੰਘਾਂ ਦੀ ਰਿਹਾਈ ’ਤੇ ਦਸਤਖਤ ਕਰਨ ਲਈ ਕਿਉਂ ਨਹੀਂ ਚੱਲਦਾ। ਭਗਵੰਤ ਮਾਨ ਨੇ ਕਿਹਾ ਕਿ ਸੀ ਕਿ ਸਰਕਾਰ ਆਉਣ ’ਤੇ ਬੰਦੀ ਸਿੰਘ ਤੁਰੰਤ ਰਿਹਾਅ ਕੀਤੇ ਜਾਣਗੇ। ਇਸ ਪੰਥਕ ਇਕੱਠ ਦੌਰਾਨ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਸਰਬ ਸੰਮਤੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ 1 ਮਾਰਚ ਤੱਕ ਬੰਦੀ ਸਿੰਘਾਂ ਨੂੰ ਛੁੱਟੀ ਦੇਣ ਦਾ ਸਮਾਂ ਦਿੱਤਾ ਗਿਆ।