ਗੁਰਦੁਆਰਾ ਸਾਹਿਬ ਦੀ ਜ਼ਮੀਨ ਸਬੰਧੀ ਕੀਤਾ ਜਾ ਰਿਹਾ ਗੁੰਮਰਾਹਕੁੰਨ ਪ੍ਰਚਾਰ:ਮੰਨਣ
ਗੁਰਦੁਆਰਾ ਸਾਹਿਬ ਦੀ ਜ਼ਮੀਨ ਸਬੰਧੀ ਕੀਤਾ ਜਾ ਰਿਹਾ ਗੁੰਮਰਾਹਕੁੰਨ ਪ੍ਰਚਾਰ:ਮੰਨਣ
Publish Date: Sat, 21 Feb 2026 06:58 PM (IST)
Updated Date: Sun, 22 Feb 2026 04:10 AM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਵਿਖੇ ਐੱਸਜੀਪੀਸੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਕੁਲਵੰਤ ਸਿੰਘ ਮੰਨਣ ਅਤੇ ਪਰਮਜੀਤ ਸਿੰਘ ਲੱਖੇਵਾਲ ਨੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰੂਪਨਗਰ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ ਜ਼ਮੀਨ ਸਬੰਧੀ ਕੀਤੇ ਜਾ ਰਹੇ ਝੂਠੇ ਪ੍ਰਚਾਰ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਜਿਹੇ ਬਿਆਨ ਸਿੱਖ ਸੰਸਥਾ ਨੂੰ ਬਦਨਾਮ ਕਰਨ ਅਤੇ ਸੰਗਤ ਵਿਚ ਭੰਬਲਭੂਸਾ ਪੈਦਾ ਕਰਨ ਦੇ ਇਰਾਦੇ ਨਾਲ ਦਿੱਤੇ ਜਾ ਰਹੇ ਹਨ। ਕੁਲਵੰਤ ਸਿੰਘ ਮੰਨਣ ਨੇ ਸਪੱਸ਼ਟ ਕੀਤਾ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਦੀ 28 ਮਰਲੇ ਜ਼ਮੀਨ ਸਬ-ਕਮੇਟੀ ਵੱਲੋਂ ਕੀਤੀ ਗਈ ਸਿਫਾਰਿਸ਼ ਅਨੁਸਾਰ ਜੋ ਕੇ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 891, 28 ਨਵੰਬਰ 2024 ਰਾਹੀਂ ਪ੍ਰਵਾਨਗੀ ਦਿੰਦੇ ਹੋਏ, ਇਸ ਦੇ ਬਦਲੇ ਗੁਰਦੁਆਰਾ ਸਾਹਿਬ ਦੇ ਨੇੜੇ 3 ਕਨਾਲਾਂ ਅਤੇ 12 ਮਰਲੇ ਜ਼ਮੀਨ ਖਰੀਦਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਸ ਕੰਮ ਲਈ, 10 ਦਸੰਬਰ, 2024 ਨੂੰ ਪ੍ਰਧਾਨ ਵੱਲੋਂ ਨਿਯੁਕਤ ਸਬ-ਕਮੇਟੀ ਦੇ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਕੁਲਵੰਤ ਸਿੰਘ ਮੰਨਣ ਅਤੇ ਹਲਕਾ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਦੀ ਹਾਜ਼ਰੀ ਵਿਚ ਇੱਕ ਇਸ਼ਤਿਹਾਰ ਲਗਾ ਕੇ ਇੱਕ ਖੁੱਲੀ ਬੋਲੀ ਪ੍ਰਕਿਰਿਆ ਰਾਹੀਂ ਵਿਕਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਸ ਬੋਲੀ ਦੌਰਾਨ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਇਸ ਸਬੰਧੀ ਸਾਰਾ ਰਿਕਾਰਡ ਬੋਲੀ ਰਜਿਸਟਰ ਵਿਚ ਦਰਜ ਹੈ। ਉਨ੍ਹਾਂ ਕਿਹਾ ਕਿ ਸਬ-ਕਮੇਟੀ ਦੀ ਸਿਫਾਰਸ਼ ਅਨੁਸਾਰ ਇਸ ਜ਼ਮੀਨ ਨੂੰ ਰਜਿਸਟਰ ਕਰਨ ਦਾ ਅਧਿਕਾਰ ਪਟਵਾਰੀ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਦਿੱਤਾ ਗਿਆ ਸੀ, ਜਿਸ ਵਿਚ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 151, ਮਿਤੀ 31 ਦਸੰਬਰ 2024 ਰਾਹੀਂ, ਸਬ-ਕਮੇਟੀ ਵੱਲੋਂ ਕੀਤੀ ਗਈ ਕਾਰਵਾਈ ਦੀ ਪੁਸ਼ਟੀ ਕੀਤੀ ਗਈ ਸੀ। ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 891, ਮਿਤੀ 28 ਨਵੰਬਰ 2024 ਰਾਹੀਂ, ਸਬ-ਕਮੇਟੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਪ੍ਰਵਾਨਿਤ ਕੀਮਤ ਅਨੁਸਾਰ ਗੁਰਦੁਆਰਾ ਸਾਹਿਬ ਦੇ ਨੇੜੇ 3 ਕਨਾਲ, 12 ਮਰਲੇ ਜ਼ਮੀਨ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ 28 ਮਰਲੇ ਜ਼ਮੀਨ 59 ਲੱਖ, 81 ਹਜ਼ਾਰ 938 ਰੁਪਏ ਵਿਚ ਵੇਚੀ ਸੀ। ਇਸ ਦੇ ਬਦਲੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ 4 ਕਨਾਲ (14 ਮਰਲੇ) ਕੀਮਤੀ ਜ਼ਮੀਨ ਲਗਭਗ 1 ਕਰੋੜ,7 ਲੱਖ ਰੁਪਏ ਵਿਚ ਖਰੀਦੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ, ਜਾਇਦਾਦ ਸਬ-ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ, ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਗਈ ਸੀ। ਇਸ ਮੌਕੇ ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਸਿੰਘ ਸਾਹਿਬ, ਇਹ ਜ਼ਮੀਨ ਸਿਰਫ਼ ਇੱਕ ਕਿੱਲਾ ਨਹੀਂ ਸੀ, ਸਗੋਂ ਸਿਰਫ਼ 28 ਮਰਲੇ ਸੀ। ਇਸ ਨੂੰ ਵੇਚ ਕੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਲਗਭਗ ਅੱਧਾ ਕਿੱਲਾ ਜ਼ਮੀਨ ਖਰੀਦੀ ਗਈ ਸੀ। ਸਿੰਘ ਸਾਹਿਬ, ਤੁਸੀਂ ਖੁਦ ਕਈ ਵੀਡੀਓਜ਼ ਵਿਚ ਕਹਿ ਰਹੇ ਹੋ ਕਿ ਜੇਕਰ ਕੋਈ ਗੁਰਦੁਆਰਾ ਸਾਹਿਬ ਨੂੰ ਜ਼ਮੀਨ ਵੇਚਦਾ ਹੈ, ਤਾਂ ਉਸਦੀ ਜ਼ਮੀਨ ਲੈਣੀ ਪਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਬਾਰੇ ਗਲਤ ਜਾਣਕਾਰੀ ਫੈਲਾ ਕੇ ਸੰਗਤ ਨੂੰ ਗੁੰਮਰਾਹ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਲਾ ਮਹੱਲਾ ਦੌਰਾਨ ਸਬੂਤ ਪੇਸ਼ ਕਰਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਹੋਲਾ ਮਹੱਲਾ ਅਜੇ ਬਹੁਤ ਦੂਰ ਹੈ, ਇਸ ਤੋਂ ਪਹਿਲਾਂ ਉਹ ਕੁਝ ਸਬੂਤ ਪੇਸ਼ ਕਰਨ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਢਾਹ ਲਗਾਉਣ ਵਾਲੀਆਂ ਅਜਿਹੀਆਂ ਕਾਰਵਾਈਆਂ ਤੋਂ ਬਚਣ ਦੀ ਅਪੀਲ ਕਰਦਿਆਂ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ।