ਗੁਰਮੁੱਖੀ ਚੇਤਨਾ ਸਾਈਕਲ ਮਾਰਚ ਰਾਹੀਂ ਪੰਜਾਬੀ ਭਾਸ਼ਾ ਸੰਭਾਲ ਦਾ ਦਿੱਤਾ ਸੰਦੇਸ਼
ਗੁਰਮੁੱਖੀ ਚੇਤਨਾ ਸਾਇਕਲ ਮਾਰਚ ਰਾਹੀਂ ਪੰਜਾਬੀ ਭਾਸ਼ਾ ਸੰਭਾਲ ਦਾ ਸੰਦੇਸ਼ ਦਿੱਤਾ
Publish Date: Sat, 21 Feb 2026 05:51 PM (IST)
Updated Date: Sun, 22 Feb 2026 04:07 AM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਬੁਲੰਦ ਪ੍ਰੈੱਸ ਕਲੱਬ ਸ਼੍ਰੀ ਚਮਕੌਰ ਸਾਹਿਬ ਵੱਲੋਂ ਮਾਂ-ਬੋਲੀ ਪੰਜਾਬੀ ਦੀ ਮਹੱਤਤਾ ਨੂੰ ਉਜਾਗਰ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਮੁਖੀ ਲਿੱਪੀ ਨਾਲ ਜੋੜਨ ਦੇ ਉਦੇਸ਼ ਨਾਲ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਮੌਕੇ ਵਿਸ਼ੇਸ਼ ਗੁਰਮੁੱਖੀ ਚੇਤਨਾ ਸਾਇਕਲ ਮਾਰਚ ਕੱਢਿਆ ਗਿਆ। ਇਸ ਮੌਕੇ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ਼੍ਰੀ ਚਮਕੌਰ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਤੱਕ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਾਇਕਲ ਮਾਰਚ ਕੱਢਿਆ ਗਿਆ। ਇਸ ਦੌਰਾਨ ਭਾਗੀਦਾਰਾਂ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਸਬੰਧੀ ਨਾਅਰੇ ਲਗਾ ਕੇ ਲੋਕਾਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਕਲਸੀ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਹੋਣ ਦੇ ਬਾਵਜੂਦ ਕਈ ਵਿੱਦਿਅਕ ਸੰਸਥਾਵਾਂ ਵਿਚ ਪੰਜਾਬੀ ਭਾਸ਼ਾ ਪ੍ਰਤੀ ਬੇਰੁਖੀ ਦੇਖਣ ਨੂੰ ਮਿਲਦੀ ਹੈ, ਜਿਸਦੇ ਮੱਦੇਨਜ਼ਰ ਜਾਗਰੂਕਤਾ ਮਾਰਚ ਆਯੋਜਿਤ ਕੀਤਾ ਗਿਆ। ਕਲੱਬ ਮੈਂਬਰ ਮਹਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੁਜਾਫ਼ਤ, ਸੇਂਟ ਫਰੀਦ ਵਰਲਡ ਸਕੂਲ ਮਨਸੂਹਾ, ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ, ਸ਼੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੰਤ ਬਾਬਾ ਪਿਆਰਾ ਸਿੰਘ ਪਬਲਿਕ ਸਕੂਲ ਅਤੇ ਸਾਰਗ ਸਮਾਰਟ ਸਕੂਲ ਬੈਂਕ ਰੋਡ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੇ ਸਾਈਕਲਾਂ ’ਤੇ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ। ਇਸ ਮਾਰਚ ਨੂੰ ਬਾਬਾ ਸੁਖਪਾਲ ਸਿੰਘ ਭੈਰੋ ਮਾਜਰਾ ਵਾਲੇ, ਆਲ ਇੰਡੀਆ ਮੀਡੀਆ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ.ਵਿਪਨ ਸ਼ਰਮਾ ਅਤੇ ਡਾ.ਰਾਜਪਾਲ ਚੌਧਰੀ ਵੱਲੋਂ ਸਾਂਝੇ ਤੌਰ ’ਤੇ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਅਮਨਦੀਪ ਕੌਰ ਰਾਏ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਬੁਲੰਦ ਪ੍ਰੈਸ ਕਲੱਬ ਵੱਲੋਂ ਚਲਾਏ ਜਾ ਰਹੇ ਸਾਡੀ ਭਾਸ਼ਾ ਸਾਡਾ ਮਾਣ ਮੁਹਿੰਮ ਦੀ ਸ਼ਲਾਘਾ ਕਰਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਕਲੱਬ ਦੇ ਜਨਰਲ ਸਕੱਤਰ ਅਵਤਾਰ ਸਿੰਘ ਭੰਗੂ ਨੇ ਦੱਸਿਆ ਕਿ ਦਸ਼ਮੇਸ਼ ਹਸਪਤਾਲ, ਬਾਂਸਲ ਮੈਡੀਕਲ ਸਟੋਰ, ਲੱਕੀ ਮੈਡੀਕਲ ਸਟੋਰ, ਗਰੇਵਾਲ ਬੂਟ ਹਾਊਸ ਅਤੇ ਬਾਂਸਲ ਬੁੱਕ ਡਿਪੂ ਸਮੇਤ ਸ਼ਹਿਰ ਦੇ ਵਪਾਰੀਆਂ ਵੱਲੋਂ ਮਾਰਚ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਚਾਹ, ਬਿਸਕੁੱਟ, ਜੂਸ ਅਤੇ ਪਾਣੀ ਦੇ ਲੰਗਰ ਲਗਾਏ ਗਏ। ਇਸ ਦੌਰਾਨ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਪ੍ਰਬੰਧਕਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰੋ.ਸੁਖਵਿੰਦਰ ਕੌਰ, ਪ੍ਰੋ.ਪਰਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਦੀ ਅਗਵਾਈ ਕੀਤੀ। ਕਲੱਬ ਦੇ ਕੈਸ਼ੀਅਰ ਰਜਿੰਦਰ ਸਿੰਘ ਨੇ ਮਾਰਚ ਨੂੰ ਸਫਲ ਬਣਾਉਣ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਡਾ.ਹਰਪ੍ਰੀਤ ਕੌਰ, ਡਾ.ਰਜਿੰਦਰ ਕੌਰ, ਲਵਲੀਨ ਕੌਰ, ਅਨੁਰਾਧਾ ਧੀਮਾਨ, ਜਸਵੰਤ ਸਿੰਘ ਅਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਗੁਰਮੁੱਖ ਸਿੰਘ ਸਮੇਤ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮਾਰਚ ਦੇ ਅੰਤ ’ਚ ਸਮੂਹ ਭਾਗੀਦਾਰਾਂ ਨੇ ਸੰਕਲਪ ਲਿਆ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਅੱਗੇ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਉਪਰਾਲੇ ਜਾਰੀ ਰੱਖੇ ਜਾਣਗੇ।