ਨਗਰ ਕੌਸਲ ਦੀ ਪ੍ਰਧਾਨਗੀ, ਰਾਜੂ ਸਤਿਆਲ ਦੇ ਦੋਵੇਂ ਹੱਥਾਂ ’ਚ ਲੱਡੂ
ਨਗਰ ਕੌਸਲ ਦੀ ਪ੍ਰਧਾਨਗੀ, ਰਾਜੂ ਸਤਿਆਲ ਦੇ ਦੋਵੇਂ ਹੱਥਾਂ ’ਚ ਲੱਡੂ,ਸ਼ਹਿਰ ਵਿਚ ਚਰਚਾਂ ਜੋਰਾਂ ‘ਤੇ
Publish Date: Sat, 30 May 2026 06:28 PM (IST)
Updated Date: Sat, 30 May 2026 06:32 PM (IST)
ਰੂਪਨਗਰ ਵਿਚ ਆਪ ਦਾ ਪ੍ਰਧਾਨ ਬਣਨਾ ਤੈਅ, ਭਾਜਪਾ ਚਾਰ, ਅਕਾਲੀ ਦਲ ਤਿੰਨ ਵਾਰਡ ਜਿੱਤੇ
ਲਖਵੀਰ ਖਾਬੜਾ,ਪੰਜਾਬੀ ਜਾਗਰਣ,
ਰੂਪਨਗਰ: ਨਗਰ ਕੌਸਲ ਚੋਣਾਂ ਦੇ ਨਤੀਜਿਆ ਤੋਂ ਬਾਅਦ ਹੁਣ ਰੂਪਨਗਰ ਕੌਸਲ ਦੀ ਪ੍ਰਧਾਨਗੀ ਦੀ ਕੁਰਸੀ ‘ਤੇ ਕੌਣ ਬੈਠੇਗਾਂ ਇਸ ਦੀ ਸਿਆਸੀ ਸੱਥਾਂ ਵਿਚ ਚਰਚਾਂ ਹੋਣੀ ਸ਼ੁਰੂ ਹੋ ਗਈ ਹੈ। ਆਪ ਨੂੰ ਬਹੁਮਤ ਮਿਲ ਗਿਆ ਹੈ ਅਤੇ ਵਿਰੋਧੀ ਦਲ ਵਿਚ ਭਾਜਪਾ ਦੇ ਚਾਰ ਤੇ ਸ੍ਰੋਮਣੀ ਅਕਾਲੀ ਦਲ ਦੇ ਤਿੰਨ ਕੌਸਲਰ ਜਿੱਤਣ ਨਾਲ ਮਜਬੂਤ ਬਣ ਗਈ ਹੈ। ਉੱਧਰ ਸ਼ਹਿਰ ਦੇ ਸਿਆਸੀ ਪੰਡਤਾਂ ਨੇ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਵਾਰਡ ਨੰਬਰ 19 ਤੋਂ ਜਿੱਤੇ ਇੰਦਰਪਾਲ ਸਿੰਘ ਰਾਜੂ ਸਤਿਆਲ ਦੇ ਦੋਵੇਂ ਹੱਥੀ ਲੱਡੂ ਦੱਸ ਰਹੇ ਹਨ ਕਿਉਕਿ ਵਾਰਡ ਨੰਬਰ 21 ਤੋਂ ਉਨ੍ਹਾਂ ਧਰਮਪਤਨੀ ਤਰਨਜੀਤ ਕੌਰ ਜੇਤੂ ਰਹੇ ਹਨ। ਉਨ੍ਹਾਂ ਦਾ ਮੰਨਣਾਂ ਹੈ ਕਿ ਆਪ ਵਿਧਾਇਕ ਦਿਨੇਸ਼ ਚੱਢਾ ਆਪਣੇ ਵਿਸਵਾਸ਼ ਪਾਤਰ ਕੌਸਲਰ ਨੂੰ ਹੀ ਸ਼ਹਿਰ ਦੀ ਕਮਾਂਡ ਦੇਵੇਗਾਂ ਕਿਉਕਿ 2027 ਵਿਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਵਿਚ ਰੂਪਨਗਰ ਸ਼ਹਿਰ ਦੀ ਵੋਟ ਵੱਡੀ ਅਹਿਮੀਅਤ ਰੱਖਦੀ ਹੈ। ਕੌਸਲ ਚੋਣਾਂ ਵਿਚ ਆਪ ਉਮੀਦਵਾਰ ਦਾ 13 ਵਾਰਡਾਂ ‘ਤੇ ਵੱਡੀ ਲੀਡ ਨਾਲ ਜਿੱਤਣਾ ਤੇ 4 ਵਾਰਡਾਂ ਵਿਚ ਵਿਰੋਧੀ ਨੂੰ ਦੂਜੇ ਨੰਬਰ ਦੀ ਟੱਕਰ ਦਿੱਤੀ ਹੈ। ਕੌਸਲ ਦੀ ਪ੍ਰਧਾਨਗੀ ਲਈ ਭਾਵੇਂ ਚੋਣ ਨਤੀਜਿਆ ਤੋਂ ਬਾਅਦ ਹਲਕਾ ਵਿਧਾਇਕ ਨੇ ਮੀਡੀਆਂ ਸਾਹਮਣੇ ਪੱਤੇ ਨਹੀ ਖੋਲੇ ਪਰ ਇਹ ਚਰਚਾਂ ਹੁੰਦੀ ਰਹੀ ਹੈ ਕਿ ਕੌਸਲ ਦਾ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਹੀ ਬਣੇਗਾ ਕਿਉਕਿ ਵਿਧਾਇਕ ਦੇ ਟੋਪ ਟੈੱਨ ਵਿਚ ਸਤਿਆਲ ਇੱਕ ਨੰਬਰ ‘ਤੇ ਹੈ। ਰਾਜੂ ਸਤਿਆਲ ਦੇ ਪਿਤਾ ਅਮਰਜੀਤ ਸਿੰਘ ਸਤਿਆਲ ਨਗਰ ਕੌਸਲ ਦੇ ਪ੍ਰਧਾਨ ਰਹਿ ਚੁੱਕੇ ਹਨ ਉਨ੍ਹਾਂ ਦੀ ਸਖਸ਼ੀਅਤ ਰਾਜਸੀ ਤੇ ਸਿੱਖ ਪ੍ਰਤੀਨਿੱਧ ਵਜ਼ੋ ਜਾਣੀ ਜਾਂਦੀ ਸੀ। ਉੱਧਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੰਨੀਏਂ ਤਾਂ ਕੌਸਲ ਦੀ ਪ੍ਰਧਾਨਗੀ ਰੂਟੇਸ਼ਨ ਵਿਚ ਜਰਨਲ ਮਰਦ ਜਾਂ ਇਸਤਰੀ ਅਤੇ ਐਸਸੀ ਮਰਦ ਜਾਂ ਔਰਤ ਲਈ ਸਰਕਾਰ ਰਿਜ਼ਵ ਵੀ ਕਰ ਸਕਦੀ ਹੈ ਕਿਉਕਿ ਰੂਪਨਗਰ ਵਿਚ ਅਜੈ ਤੱਕ ਕੌਸਲ ਦੀ ਪ੍ਰਧਾਨਗੀ ਜਰਨਲ ਵਰਗ ਦੇ ਮਰਦ ਕੋਲ ਰਹੀ ਹੈ। ਉੱਧਰ ਆਪ ਦੇ ਚੋਣ ਨਿਸ਼ਾਨ ‘ਤੇ ਜਰਨਲ ਔਰਤਾਂ ਦੀ ਗੱਲ ਕਰੀਏਂ ਤਾਂ ਵਾਰਡ ਨੰਬਰ 06 ਤੋਂ ਸੰਤੋਸ਼ ਕੁਮਾਰੀ, ਵਾਰਡ ਨੰਬਰ 16 ਤੋਂ ਸੁਰਜੀਤ ਕੌਰ, ਵਾਰਡ ਨੰਬਰ 20 ਤੋਂ ਜਗਮੋਹਣ ਕੌਰ, ਵਾਰਡ ਨੰਬਰ 21 ਤੋਂ ਤਰਨਜੀਤ ਕੌਰ ਜਿੱਤੇ ਹਨ, ਇਸੇ ਤਰਾਂ ਵਾਰਡ ਨੰਬਰ 18 ਤੋਂ ਐਸਸੀ ਉਮੀਦਵਾਰ ਸੁਰਿੰਦਰ ਕੌਰ ਤੇ ਸੁਖਜਿੰਦਰ ਸਿੰਘ ਫੋਜੀ ਵਾਰਡ ਨੰਬਰ 7 ਤੋਂ ਜੇਤੂ ਹਨ।