ਮੋਰਿੰਡਾ ਵਿਖੇ ਨਗਰ ਕੌਂਸਲ ਚੋਣ ’ਚ ਕਾਂਗਰਸ ਦੀ ਚੜ੍ਹਤ, ਆਪ ਤੇ ਭਾਜਪਾ ਨਹੀਂ ਖੋਲ੍ਵ ਸਕੀਆਂ ਖਾਤਾ
ਮੋਰਿੰਡਾ ਵਿਖੇ ਨਗਰ ਕੌਂਸਲ ਚੋਣ ’ਚ ਕਾਂਗਰਸ ਦੀ ਚੜ੍ਹਤ, ਆਪ ਤੇ ਭਾਜਪਾ ਨਹੀਂ ਖੋਲ ਸਕੀਆਂ
Publish Date: Fri, 29 May 2026 03:57 PM (IST)
Updated Date: Fri, 29 May 2026 03:58 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਨਗਰ ਕੌਂਸਲ ਮੋਰਿੰਡਾ ਦੀਆਂ ਜਨਰਲ ਚੋਣਾਂ 2026 ਦੇ ਅਧਿਕਾਰਤ ਨਤੀਜੇ ਐੱਸਡੀਐੱਮ ਚੇਤਨ ਬੰਗੜ ਦੀ ਰਹਿਨੁਮਾਈ ਹੇਠ ਰਿਟਰਨਿੰਗ ਅਫ਼ਸਰ-ਕਮ-ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂ ਤੇ ਅਸਿਸਟੈਂਟ ਰਿਟਰਨਿੰਗ ਅਫਸਰ-ਕਮ-ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਵੱਲੋਂ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਚੋਣ ਨਤੀਜਿਆਂ ਵਿਚ ਕਾਂਗਰਸ ਨੇ ਵੱਡੀ ਜਿੱਤ ਦਰਜ ਕਰਦਿਆਂ ਮੋਰਿੰਡਾ ਨਗਰ ਕੌਂਸਲ ’ਤੇ ਆਪਣਾ ਕਬਜ਼ਾ ਮਜ਼ਬੂਤ ਕਰ ਲਿਆ ਹੈ। ਮੋਰਿੰਡਾ ਦੇ ਕੁੱਲ 15 ਵਾਰਡਾਂ ਵਿੱਚੋਂ ਕਾਂਗਰਸ ਨੇ 10 ਵਾਰਡਾਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਆਜ਼ਾਦ ਉਮੀਦਵਾਰਾਂ ਨੇ 5 ਵਾਰਡਾਂ ’ਚ ਬਾਜ਼ੀ ਮਾਰੀ ਹੈ। ਇਸ ਦੇ ਇਲਾਵਾ ਸ਼੍ਰੋਮਣੀ ਅਕਾਲੀ ਦਲ ਸਿਰਫ਼ 1 ਸੀਟ ’ਤੇ ਸਿਮਟ ਕੇ ਰਹਿ ਗਿਆ, ਜਦਕਿ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਆਪਣਾ ਖਾਤਾ ਤੱਕ ਖੋਲਣ ਵਿਚ ਨਾਕਾਮ ਰਹੀਆਂ। ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮੋਰਿੰਡਾ ਦੇ ਸਾਰੇ 15 ਵਾਰਡਾਂ ਵਿਚ ਕੁੱਲ 13,881 ਵੋਟਾਂ ਪੋਲ ਹੋਈਆਂ ਸਨ। ਜਿਨ੍ਹਾਂ ਵਿੱਚੋਂ ਕਾਂਗਰਸ ਕੁੱਲ 6,827 ਵੋਟਾਂ ਲੈ ਕੇ ਸਭ ਤੋਂ ਅੱਗੇ ਰਹੀ। ਆਜ਼ਾਦ ਉਮੀਦਵਾਰ ਕੁੱਲ 4,354 ਵੋਟਾਂ ਨਾਲ ਦੂਜੇ ਨੰਬਰ ’ਤੇ ਰਹੇ, ਆਪ 1,407 ਵੋਟਾਂ ਮਿਲੀਆਂ ਪਰ ਕੋਈ ਸੀਟ ਨਹੀਂ ਜਿੱਤ ਸਕੀ, ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੁੱਲ 455 ਵੋਟਾਂ ਅਤੇ ਭਾਜਪਾ ਨੂੰ ਕੁੱਲ 428 ਵੋਟਾਂ ਮਿਲੀਆਂ ਹਨ। ਮੋਰਿੰਡਾ ਨਗਰ ਕੌਂਸਲ ਚੋਣਾਂ ਸਬੰਧੀ ਅਧਿਕਾਰੀਆਂ ਵੱਲੋਂ ਜਾਰੀ ਨਤੀਜਿਆਂ ਅਨੁਸਾਰ ਵਾਰਡ ਨੰਬਰ 1 (ਮਹਿਲਾ) ਕਾਂਗਰਸੀ ਉਮੀਦਵਾਰ ਗੁੰਜਨ ਸੂਦ ਨੇ 322 ਵੋਟਾਂ ਪ੍ਰਾਪਤ ਕੀਤੀਆਂ ਜਦ ਕਿ ਅਜ਼ਾਦ ਉਮੀਦਵਾਰ ਨੂੰ 234 ਵੋਟਾਂ ਮਿਲੀਆਂ। ਵਾਰਡ ਨੰਬਰ 2 (ਐੱਸਸੀ) ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਢਿੱਲੋਂ ਨੇ 564 ਵੋਟਾਂ ਪ੍ਰਾਪਤ ਕਰਕੇ ਵੱਡੀ ਜਿੱਤ ਦਰਜ ਕੀਤੀ, ਜਦਕਿ ਆਪ ਨੂੰ 157 ਅਤੇ ਆਜ਼ਾਦ ਉਮੀਦਵਾਰ ਨੂੰ 152 ਵੋਟਾਂ ਮਿਲੀਆਂ ਹਨ। ਵਾਰਡ ਨੰਬਰ 3 (ਮਹਿਲਾ) ਕਾਂਗਰਸ ਦੀ ਨੇਹਾ ਸ਼ਰਮਾ ਨੇ 360 ਵੋਟਾਂ ਹਾਸਲ ਕਰਕੇ ਆਜ਼ਾਦ ਉਮੀਦਵਾਰ (306 ਵੋਟਾਂ) ਨੂੰ ਮਾਤ ਦਿੱਤੀ। ਵਾਰਡ ਨੰਬਰ 4 (ਜਨਰਲ) ਕਾਂਗਰਸ ਦੇ ਹਰਜੀਤ ਸਿੰਘ (401 ਵੋਟਾਂ) ਨੇ ਆਜ਼ਾਦ ਉਮੀਦਵਾਰ (297 ਵੋਟਾਂ) ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਮੋਰਿੰਡਾ ਦੇ ਵਾਰਡ ਨੰਬਰ 5 (ਐੱਸਸੀ ਮਹਿਲਾ) ਵਿਚ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਆਜ਼ਾਦ ਉਮੀਦਵਾਰ ਸੁਰਿੰਦਰ ਕੌਰ ਨੇ 387 ਵੋਟਾਂ ਲੈ ਕੇ ਕਾਂਗਰਸ (366 ਵੋਟਾਂ) ਨੂੰ ਮਾਮੂਲੀ ਫਰਕ ਨਾਲ ਹਰਾਇਆ। ਅਕਾਲੀ ਦਲ ਨੂੰ ਇੱਥੇ 109 ਵੋਟਾਂ ਮਿਲੀਆਂ। ਵਾਰਡ ਨੰਬਰ 6 (ਜਨਰਲ) ਆਜ਼ਾਦ ਉਮੀਦਵਾਰ ਮਨਦੀਪ ਸਿੰਘ ਬਾਜਵਾ ਨੇ 409 ਵੋਟਾਂ ਲੈ ਕੇ ਕਾਂਗਰਸ (199 ਵੋਟਾਂ) ਨੂੰ ਵੱਡੇ ਫਰਕ ਨਾਲ ਹਰਾਇਆ। ਵਾਰਡ ਨੰਬਰ 7 (ਐੱਸਸੀ ਮਹਿਲਾ ) ਪਿੰਕੀ ਕੌਰ ਕਾਂਗਰਸ ਨੇ 536 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ, ਜਦਕਿ ਆਪ ਦੇ ਉਮੀਦਵਾਰ ਨੂੰ 305 ਵੋਟਾਂ ਮਿਲੀਆਂ। ਵਾਰਡ ਨੰਬਰ 8 (ਬੀਸੀ) ਕਾਂਗਰਸ ਦੇ ਉਮੀਦਵਾਰ ਨੇ 627 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ ਜਦਕਿ ਆਜ਼ਾਦ ਉਮੀਦਵਾਰ ਨੂੰ 599 ਵੋਟਾਂ ਮਿਲੀਆਂ। ਵਾਰਡ ਨੰਬਰ 9 (ਮਹਿਲਾ) ਵਿਚ ਵੀ ਸਖਤ ਮੁਕਾਬਲਾ ਹੋਇਆ। ਇੱਥੇ ਕਮਲਜੀਤ ਕੌਰ ਕਾਂਗਰਸ ਨੇ 420 ਵੋਟਾਂ ਲੈ ਕੇ ਆਜ਼ਾਦ ਉਮੀਦਵਾਰ (414 ਵੋਟਾਂ) ਨੂੰ ਮਹਿਜ਼ 6 ਵੋਟਾਂ ਨਾਲ ਹਰਾ ਕੇ ਸੀਟ ਆਪਣੇ ਨਾਮ ਕੀਤੀ ਜਦਕਿ ਵਾਰਡ ਨੰਬਰ 10 (ਜਨਰਲ) ਵਿਚ ਕਾਂਗਰਸ ਦੀ ਦਲਜੀਤ ਕੌਰ ਨੇ 812 ਵੋਟਾਂ ਦੀ ਰਿਕਾਰਡ ਵੋਟਿੰਗ ਨਾਲ ਆਜ਼ਾਦ ਉਮੀਦਵਾਰ (109 ਵੋਟਾਂ) ਨੂੰ ਕਰਾਰੀ ਹਾਰ ਦਿੱਤੀ। ਵਾਰਡ ਨੰਬਰ 11 (ਮਹਿਲਾ) ਵਿਚ ਕਾਂਗਰਸ ਦੀ ਸਿਕੰਦਰ ਕੌਰ ਨੇ 803 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ, ਜਦਕਿ ਆਜ਼ਾਦ ਉਮੀਦਵਾਰ ਨੂੰ 195 ਵੋਟਾਂ ਮਿਲੀਆਂ। ਵਾਰਡ ਨੰਬਰ 12 (ਜਨਰਲ) ਸ਼੍ਰੋਮਣੀ ਅਕਾਲੀ ਦਲ ਦੇ ਜਗਪਾਲ ਸਿੰਘ ਜੌਲੀ ਨੇ ਇਸ ਵਾਰਡ ਵਿਚ ਆਪਣੀ ਸਾਖ ਬਚਾਉਂਦੇ ਹੋਏ 346 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਕਾਂਗਰਸ ਨੂੰ 262 ਵੋਟਾਂ ਮਿਲੀਆਂ। ਵਾਰਡ ਨੰਬਰ 13 (ਮਹਿਲਾ) ਆਜ਼ਾਦ ਉਮੀਦਵਾਰ ਰਜਿੰਦਰ ਕੌਰ ਨੇ 497 ਵੋਟਾਂ ਲੈ ਕੇ ਕਾਂਗਰਸ (181 ਵੋਟਾਂ) ਨੂੰ ਵੱਡੀ ਮਾਤ ਦਿੱਤੀ। ਵਾਰਡ ਨੰਬਰ 14 (ਐੱਸਸੀ) ਕਾਂਗਰਸ ਦੇ ਹਰਜਿੰਦਰ ਸਿੰਘ (504 ਵੋਟਾਂ) ਅਤੇ ਆਪ (442 ਵੋਟਾਂ) ਵਿਚਾਲੇ ਸਿੱਧੀ ਟੱਕਰ ਹੋਈ, ਜਿਸ ਵਿਚ ਕਾਂਗਰਸ ਨੇ ਬਾਜ਼ੀ ਮਾਰੀ। ਵਾਰਡ ਨੰਬਰ 15 (ਜਨਰਲ) ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਖੱਟੜਾ ਨੇ 539 ਵੋਟਾਂ ਲੈ ਕੇ ਕਾਂਗਰਸ (470 ਵੋਟਾਂ) ਨੂੰ ਹਰਾਇਆ ਹੈ। ਇਨ੍ਹਾਂ ਚੋਣ ਨਤੀਜਿਆਂ ਨੇ ਸਥਾਨਕ ਸਿਆਸਤ ਵਿਚ ਕਾਂਗਰਸ ਦੀ ਮਜ਼ਬੂਤ ਪਕੜ ਨੂੰ ਸਾਬਤ ਕਰ ਦਿੱਤਾ ਹੈ। ਇੱਥੇ ਆਪ ਅਤੇ ਭਾਜਪਾ ਵੱਲੋਂ ਪੂਰਾ ਜ਼ੋਰ ਲਗਾਉਣ ਦੇ ਬਾਵਜੂਦ ਕੋਈ ਵੀ ਸੀਟ ਜਿੱਤਣ ਵਿਚ ਅਸਫ਼ਲ ਰਹੀਆਂ, ਜਦਕਿ ਆਜ਼ਾਦ ਉਮੀਦਵਾਰਾਂ ਨੇ ਕਈ ਵਾਰਡਾਂ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਸਮੀਕਰਨ ਵਿਗਾੜ ਕੇ ਰੱਖ ਦਿੱਤੇ। ਇਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰੱਥਕਾਂ ਵੱਲੋਂ ਮੋਰਿੰਡਾ ਸ਼ਹਿਰ ਵਿਚ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ।