ਸੀਪੀਆਈਐੱਮ ਵੱਲੋਂ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਡੀਸੀ ਨੂੰ ਮੰਗ ਪੱਤਰ
ਸੀਪੀਆਈਐੱਮ ਵੱਲੋਂ ਲੋਕਾਂ ਦੇ ਮਸਲਿਆਂ ਦੇ ਹੱਲ੍ਹ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
Publish Date: Fri, 22 May 2026 05:14 PM (IST)
Updated Date: Fri, 22 May 2026 05:16 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸੀਪੀਆਈਐੱਮ ਤਹਿਸੀਲ ਕਮੇਟੀ ਰੂਪਨਗਰ ਵੱਲੋਂ ਲੋਕਾਂ ਦੇ ਮਸਲਿਆਂ ਦੇ ਹੱਲ੍ਹ ਲਈ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਅਦਿੱਤਿਆ ਡੇਚਲਵਾਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੰਗਪੱਤਰ ਰਾਹੀਂ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਬਹੁਤ ਸਾਰੇ ਮਸਲੇ ਪ੍ਰਸ਼ਾਸਨ ਕੋਲ ਵਾਰ ਵਾਰ ਚੁੱਕਣ ਦੇ ਬਾਵਜੂਦ ਵੀ ਹੱਲ੍ਹ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਜਿਵੇਂ ਕਿ 2019 ਦੇ ਅੰਜਲੀ ਦੇਵੀ ਦੇ ਸ਼ਗਨ ਸਕੀਮ ਦੇ ਪੈਸੇ ਅਜੇ ਤੱਕ ਨਹੀਂ ਆਏ, ਗ੍ਰਾਮ ਪੰਚਾਇਤ ਚੱਕ ਕਰਮਾਂ ਦੀ ਨਿਸ਼ਾਨਦੇਹੀ ਦਾ ਕੰਮ ਲੰਮੇ ਸਮੇਂ ਤੋਂ ਲਟਕ ਰਿਹਾ ਹੈ, ਪਿੰਡ ਮਨਸਾਲੀ ਵਿਖੇ ਐੱਸਸੀ ਆਬਾਦੀ ਦੀ ਪੁਲੀ ਦਾ ਕੰਮ ਤਕਰੀਬਨ 20-22 ਸਾਲ ਤੋਂ ਲਟਕ ਰਿਹਾ ਹੈ, ਪਿਆਰਾ ਸਿੰਘ ਪਿੰਡ ਬੇਲੀਆਂ ਦਾ ਕੋਆਪਰੇਟਿਵ ਸੁਸਾਇਟੀ ਦਾ ਮੁਆਫੀ ਯੋਗ ਕਰਜਾ ਪਹਿਲਾਂ ਮਾਫ ਕਰ ਦਿੱਤਾ ਗਿਆ ਸੀ ਪਰੰਤੂ ਹੁਣ ਸੁਸਾਇਟੀ ਵੱਲੋਂ ਕਰਜ਼ਾ ਮੋੜਨ ਲਈ ਕਿਹਾ ਜਾ ਰਿਹਾ ਹੈ, ਇਸੇ ਤਰ੍ਹਾਂ ਕਿਸੇ ਵਿਅਕਤੀ ਦੇ ਨਾਮ ਜਾਂ ਵਲਦੀਅਤ ਵਿਚ ਛੋਟੀ ਮੋਟੀ ਗਲਤੀ ਕਾਰਨ ਲੋਕਾਂ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ, ਜਿਸ ਦਾ ਕੋਈ ਆਸਾਨ ਹੱਲ੍ਹ ਕੀਤੇ ਜਾਣ ਅਤੇ ਸਕੂਲਾਂ ਤੇ ਘਰਾਂ ਵਿਚ ਰਸੋਈ ਗੈਸ ਦੀ ਸਪਲਾਈ ਸਮਾਂਬੱਧ ਯਕੀਨੀ ਬਣਾਈ ਜਾਣ ਦੀ ਮੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਵੱਲੋਂ ਸੀਪੀਆਈਐੱਮ ਦੇ ਵਫਦ ਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਸਬੰਧਿਤ ਵਿਭਾਗਾਂ ਤੋਂ ਇਨ੍ਹਾਂ ਮਸਲਿਆਂ ਦੇ ਹੱਲ੍ਹ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਸੀਪੀਆਈਐੱਮ ਤਹਿਸੀਲ ਕਮੇਟੀ ਰੂਪਨਗਰ ਦੀ ਮੀਟਿੰਗ ਕਾਮਰੇਡ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਕੀਤੀ ਗਈ। ਇਸ ਮੀਟਿੰਗ ਦੌਰਾਨ ਲੋਕਾਂ ਦੇ ਮਸਲਿਆਂ ਦੇ ਹੱਲ੍ਹ ਕਰਵਾਉਣ ਲਈ ਪ੍ਰਸ਼ਾਸਨ ਤੱਕ ਪਹੁੰਚ ਕਰਨ, 29 ਮਈ ਦੇ ਕਿਸਾਨਾਂ ਮਜ਼ਦੂਰਾਂ ਦੇ ਜਲੰਧਰ ਵਿਖੇ ਕੀਤੇ ਜਾ ਰਹੇ ਇਕੱਠ ਵਿਚ ਭਰਵੀਂ ਸ਼ਮੂਲੀਅਤ ਕਰਨ, ਵਾਰਡ ਨੰਬਰ:9 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਪਰਮਿੰਦਰ ਸਿੰਘ ਭਿੰਦਾ ਦੀ ਹਮਾਇਤ ਕਰਨ ਅਤੇ ਪੱਨਬੱਸ, ਪੰਜਾਬ ਰੋਡਵੇਜ਼ ਅਤੇ ਪੈਪਸੂ ਦੇ ਕੰਟਰੈਕਟ ਵਰਕਰਜ਼ ਅਤੇ ਹੋਰ ਆਪਣੇ ਹੱਕਾਂ ਲਈ ਲੜ ਰਹੇ ਮਜ਼ਦੂਰ-ਮੁਲਾਜ਼ਮਾਂ ਦੇ ਸੰਘਰਸ਼ ਦੀ ਡਟ ਕੇ ਹਮਾਇਤ ਕਰਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਘੱਟੋ ਘੱਟ ਉਜਰਤਾਂ ਲਾਗੂ ਕੀਤੀਆਂ ਜਾਣ ਅਤੇ ਕਾਮਿਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣ। ਇਸ ਮੌਕੇ ਤਹਿਸੀਲ ਸਕੱਤਰ ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ, ਕਾਮਰੇਡ ਦਲੀਪ ਸਿੰਘ ਘਨੌਲਾ, ਕਾਮਰੇਡ ਤਰਲੋਚਨ ਸਿੰਘ ਹੁਸੈਨਪੁਰ, ਕਾਮਰੇਡ ਭਗਤ ਸਿੰਘ ਬਿੱਕੋਂ, ਕਾਮਰੇਡ ਸੁਪਿੰਦਰ ਸਿੰਘ ਘਨੌਲੀ, ਕਾਮਰੇਡ ਪ੍ਰਭਾ ਦੇਵੀ, ਕਾਮਰੇਡ ਰੰਜਨਾ ਦੇਵੀ, ਮਹਿੰਦਰ ਕੁਮਾਰ ਸਾਬਕਾ ਪੰਚ ਚੱਕ ਕਰਮਾਂ ਆਦਿ ਹਾਜ਼ਰ ਸਨ।