ਕਿਸਾਨ ਯੂਨੀਅਨ ਖੋਸਾ ਵੱਲੋਂ 24 ਨੂੰ ਗੱਗੋ ਵਿਖੇ ਇਕੱਠ ਦਾ ਐਲਾਨ
ਕਿਸਾਨ ਯੂਨੀਅਨ ਖੋਸਾ ਵੱਲੋਂ 24 ਮਈ ਨੂੰ ਗੱਗੋ ਵਿਖੇ ਇਕੱਠ ਦਾ ਐਲਾਨ
Publish Date: Thu, 21 May 2026 04:39 PM (IST)
Updated Date: Thu, 21 May 2026 04:40 PM (IST)

ਅਸ਼ੋਕ ਚੇਤਲ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ : ਸ੍ਰੀ ਚਮਕੌਰ ਸਾਹਿਬ ਬਲਾਕ ਅਧੀਨ ਆਉਂਦੇ ਪਿੰਡਾਂ ਦੇ ਨਾਲ ਭਾਰਤ ਮਾਲਾ ਪ੍ਰੋਜੈਕਟ ਤਹਿਤ ਹੋ ਰਹੀ ਕਥਿਤ ਬੇਇਨਸਾਫੀ ਅਤੇ ਪ੍ਰਸ਼ਾਸਨਿਕ ਬੇਰੁਖੀ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਇਸ ਸਬੰਧੀ ਭਾਕਿਯੂ ਖੋਸਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਗਧਰਾਮ ਨੇ ਐਲਾਨ ਕੀਤਾ ਕਿ ਹਾਈਵੇਅ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਖਿਲਾਫ 24 ਮਈ ਨੂੰ ਪਿੰਡ ਗੱਗੋਂ ਵਿਖੇ ਇੱਕ ਵਿਸ਼ਾਲ ਇਕੱਠ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਸ੍ਰੀ ਚਮਕੌਰ ਸਾਹਿਬ ਬਲਾਕ ਅਧੀਨ ਆਉਂਦੇ ਪਿੰਡਾਂ ਲਈ ਲੋੜੀਂਦੇ ਸਰਵਿਸ ਰੋਡ (ਸਰਵਿਸ ਲੇਨ) ਦਾ ਨਿਰਮਾਣ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਦੇ ਕਾਰਨ ਸਥਾਨਕ ਲੋਕਾਂ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਰਗ ’ਤੇ ਬਣਾਏ ਗਏ ਅੰਡਰਪਾਸਾਂ ਦੀ ਹਾਲਤ ਬੇਹੱਦ ਮਾੜੀ ਹੈ ਕਿਉਂਕਿ ਹਾਈਵੇਅ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਐਕਸਪ੍ਰੈੱਸ ਮਾਰਗ ਦਾ ਨਿਰਮਾਣ ਕਰ ਰਹੀ ਕੰਪਨੀ ਵੱਲੋਂ ਬਣਾਏ ਗਏ ਅੰਡਰਪਾਸਾਂ ਦੀ ਪਿਛਲੇ 3 ਸਾਲਾਂ ਤੋਂ ਸਫ਼ਾਈ ਤੱਕ ਨਹੀਂ ਕੀਤੀ ਗਈ। ਇਸ ਦੇ ਕਾਰਨ ਉੱਥੇ ਗੰਦਗੀ ਅਤੇ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ 13 ਮਈ ਤੋਂ ਪਿੰਡ ਗੱਗੋਂ ਵਿਖੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਾਂ ਹਾਈਵੇਅ ਦੇ ਕਿਸੇ ਵੀ ਉੱਚ ਅਧਿਕਾਰੀ ਨੇ ਅਜੇ ਤੱਕ ਪ੍ਰਦਰਸ਼ਨਕਾਰੀਆਂ ਨਾਲ ਕੋਈ ਤਾਲਮੇਲ ਨਹੀਂ ਕੀਤਾ ਅਤੇ ਨਾ ਹੀ ਕੋਈ ਮਸਲਾ ਹੱਲ੍ਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ 24 ਮਈ ਦਾ ਇਕੱਠ ਕੀਤਾ ਜਾਵੇਗਾ ਅਤੇ ਤਿੱਖੇ ਸੰਘਰਸ਼ ਦੀ ਨਵੀਂ ਰੂਪ-ਰੇਖਾ ਤੈਅ ਕੀਤੀ ਜਾਵੇਗੀ। ਇਸ ਮੌਕੇ ਮਾ.ਸੁਰਿੰਦਰਪਾਲ ਸਿੰਘ, ਕਰਨ ਕੰਧੋਲਾ, ਰਮਨ ਧਾਰਨੀ, ਸਤਨਾਮ ਸਿੰਘ, ਪਰਵਿੰਦਰ ਸਿੰਘ, ਗੁਰਿੰਦਰ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।