ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕੋ ਪਰਿਵਾਰ ਦੇ 3 ਮੈਂਬਰ ਜ਼ਖਮੀ
ਪਿੰਡ ਸਹੇੜੀ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕੋ ਪਰਿਵਾਰ ਦੇ 3 ਜੀਅ ਜ਼ਖਮੀ
Publish Date: Sat, 16 May 2026 04:55 PM (IST)
Updated Date: Sat, 16 May 2026 04:57 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਪਿੰਡ ਸਹੇੜੀ ਵਿਖੇ ਬੀਤੇ ਦਿਨੀਂ ਦੋ ਭਰਾਵਾਂ ਦਰਮਿਆਨ ਜ਼ਮੀਨ ਸਬੰਧੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਵਿਚ ਇੱਕੋ ਪਰਿਵਾਰ ਦੇ ਲੜਕੀ ਸਮੇਤ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਝਗੜੇ ਵਿਚ ਵੱਡੇ ਭਰਾ ਵੱਲੋਂ ਆਪਣੇ ਹਥਿਆਰਬੰਦ ਸਾਥੀਆਂ ਨਾਲ ਛੋਟੇ ਭਰਾ ਸਮੇਤ ਉਸ ਦੇ ਬੇਟਾ ਅਤੇ ਬੇਟੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮੋਰਿੰਡਾ ਪੁਲਿਸ ਵੱਲੋਂ ਨੇ 2 ਅਣਪਛਾਤਿਆਂ ਸਮੇਤ 9 ਹੋਰ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਸਹੇੜੀ ਵੱਲੋਂ ਲਿਖਵਾਏ ਬਿਆਨ ਵਿਚ ਦੱਸਿਆ ਗਿਆ ਕਿ ਜ਼ਮੀਨ ਦੀ ਵੰਡ ਨੂੰ ਲੈ ਕੇ ਉਸ ਦਾ ਆਪਣੇ ਵੱਡੇ ਭਰਾ ਅਜੀਤ ਸਿੰਘ ਨਾਲ ਝਗੜਾ ਚੱਲਦਾ ਸੀ, ਜਿਸ ਸਬੰਧੀ ਦਸੰਬਰ 2025 ਵਿਚ ਪਹਿਲਾਂ ਵੀ ਆਪਸੀ ਸਮਝੌਤਾ ਹੋ ਚੁੱਕਾ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਅਪਣੇ ਬੇਟੇ ਨਾਲ ਜੇਸੀਬੀ ਮਸ਼ੀਨ ਨਾਲ ਜ਼ਮੀਨ ਵਿਚ ਪਾਈਪ ਪਾਉਣ ਲੱਗੇ ਤਾਂ ਉਸ ਦੇ ਵੱਡੇ ਭਰਾ ਅਜੀਤ ਸਿੰਘ ਨੇ ਆਪਣੇ ਲੜਕਿਆਂ/ਪੋਤਿਆਂ ਤੇ ਹੋਰ ਅਣਪਛਾਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨਾਲ ਮਿਲ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਸ ਸਮਤੇ ਉਸ ਦਾ ਲੜਕਾ ਤੇ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਉਸ ਨੇ ਦੋਸ਼ ਲਗਾਏ ਕਿ ਇਸ ਦੌਰਾਨ ਉਸ ਦੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਇਸ ਦੌਰਾਨ ਪੁਲਿਸ ਦੇ ਆਉਣ ਦਾ ਪਤਾ ਲੱਗਣ ਅਤੇ ਉਨਾਂ ਦਾ ਸ਼ੋਰ ਸੁਣ ਕੇ ਪਿੰਡ ਵਾਸੀਆ ਦੇ ਇਕੱਠੇ ਹੋਣ ਕਾਰਨ ਸਾਰੇ ਹਮਲਾਵਰ ਉਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਐੱਸਐੱਚਓ ਨੇ ਦੱਸਿਆ ਕਿ ਪੁਲਿਸ ਵੱਲੋਂ ਨੇ ਥਾਣਾ ਸਿਟੀ ਮੋਰਿੰਡਾ ਵਿਖੇ ਐੱਲਐੱਲਆਰ ਅਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ’ਤੇ 2-3 ਅਣਪਛਾਤਿਆਂ ਸਮੇਤ 9 ਵਿਅਕਤੀਆਂ ਅਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਸੁਖਪਾਲ ਸਿੰਘ, ਗੁਰਸੇਵਕ ਸਿੰਘ, ਮਨਪ੍ਰੀਤ ਸਿੰਘ, ਮੈਂਡੀ ਅਤੇ ਸੈਂਡੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਕਸ਼ਮੀਰੀ ਲਾਲ ਨੇ ਦੱਸਿਆ ਕਿ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।