ਥਰਮਲ ਪਲਾਂਟ ਦੇ ਕੱਚੇ ਕਾਮਿਆਂ ਨੇ ਲੜੀਵਾਰ ਸੰਘਰਸ਼ ਕੀਤਾ ਸ਼ੁਰੂ
ਥਰਮਲ ਪਲਾਂਟ ਦੇ ਕੱਚੇ ਕਾਮਿਆਂ ਨੇ ਲੜੀਵਾਰ ਸੰਘਰਸ਼ ਕੀਤਾ ਸ਼ੁਰੂ
Publish Date: Sat, 16 May 2026 04:34 PM (IST)
Updated Date: Sat, 16 May 2026 04:36 PM (IST)

ਪੁਸ਼ਪਿੰਦਰ ਗੋਲੀਆ, ਪੰਜਾਬੀ ਜਾਗਰਣ ਘਨੌਲੀ : ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਕੱਚੇ ਕਾਮਿਆਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਪੱਕੇ ਕੀਤੇ ਜਾਣ ਵਾਲੇ ਕਾਮਿਆਂ ਦੀ ਸੂਚੀ ਵਿੱਚੋਂ ਥਰਮਲ ਪਲਾਂਟ ਦੇ ਕੱਚੇ ਕਾਮਿਆਂ ਨੂੰ ਬਾਹਰ ਰੱਖੇ ਜਾਣ ਦੇ ਰੋਸ ਵਜੋਂ ਲੜੀਵਾਰ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਥਰਮਲ ਪਲਾਂਟ ਦੇ ਕੱਚੇ ਕਾਮਿਆਂ ਵੱਲੋਂ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੱਕੇ ਹੋਣ ਦੀ ਆਸ ਵਿਚ ਥਰਮਲ ਪਲਾਂਟ ਅੰਦਰ ਵੱਖ ਵੱਖ ਸਾਇਟੀਆਂ, ਠੇਕੇਦਾਰਾਂ ਅਤੇ ਕੰਪਨੀਆਂ ਅਧੀਨ ਕੰਮ ਕਰਦੇ ਕੱਚੇ ਕਾਮਿਆਂ ਨੇ ਆਪਣੀਆਂ ਉਮਰਾਂ ਲੰਘਾ ਦਿੱਤੀਆਂ ਹਨ ਅਤੇ ਬਹੁਤ ਸਾਰੇ ਤਾਂ ਸੇਵਾ ਮੁਕਤ ਵੀ ਹੋ ਗਏ ਹਨ ਪ੍ਰੰਤੂ ਅਜੇ ਤੱਕ ਉਨ੍ਹਾਂ ਨੂੰ ਸਿਵਾਏ ਲਾਰਿਆਂ ਤੋਂ ਕੁੱਝ ਵੀ ਨਸੀਬ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੱਚੇ ਕਾਮਿਆਂ ਨੂੰ ਥਰਮਲ ਪਲਾਂਟ ਚਲਾਉਣ ਦਾ ਪੂਰਾ ਤਜਰਬਾ ਹੋ ਚੁੱਕਾ ਹੈ ਅਤੇ ਸੇਵਾ ਮੁਕਤ ਹੋਏ ਪੱਕੇ ਕਾਮਿਆਂ ਦਾ ਕੰਮ ਵੀ ਹੁਣ ਕੱਚੇ ਕਾਮੇ ਹੀ ਸੰਭਾਲ ਰਹੇ ਹਨ। ਉਹ ਆਪੋ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਨਿਪੁੰਨ ਵੀ ਹੋ ਚੁੱਕੇ ਹਨ ਪ੍ਰੰਤੂ ਇਨ੍ਹਾਂ ਦੇ ਨਾਮ ਪੱਕੇ ਕਾਮਿਆਂ ਦੀ ਸੂਚੀ ਤੋਂ ਬਾਹਰ ਰੱਖੇ ਜਾਣ ਦਾ ਫੈਸਲਾ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਸੰਘਰਸ਼ ਨੂੰ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰੱਖਿਆ ਜਾਵੇਗਾ। ਇਸ ਰੋਸ ਰੈਲੀ ਨੂੰ ਹਰਮੇਸ਼ ਧੀਮਾਨ, ਮਹਿੰਦਰ ਸਿੰਘ, ਆਰਕੇ ਤਿਵਾੜੀ, ਪਰਗਟ ਸਿੰਘ ਘਨੌਲੀ, ਜਗਵਿੰਦਰ ਸਿੰਘ, ਬਲਵਿੰਦਰ ਸਿੰਘ, ਸਿਮਰਨਜੀਤ ਸਿੰਘ ਨੀਲੋਂ , ਬਲਵਿੰਦਰ ਸਿੰਘ ਸਸਕੌਰ, ਤਰਨ ਲੋਤਰਾ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਜਸਕਰਨ ਸਿੰਘ, ਰਜਿੰਦਰ ਸਿੰਘ, ਪਵਨਪ੍ਰੀਤ ਸਿੰਘ, ਬਜਿੰਦਰ ਕੁਮਾਰ, ਕੁਲਦੀਪ ਮਿਨਹਾਸ, ਬਲਜੀਤ ਸਿੰਘ, ਗੁਰਚਰਨ ਸਿੰਘ, ਸੁਖਦੀਪ ਸਿੰਘ, ਗਗਨਦੀਪ ਸਿੰਘ, ਹਰਜਿੰਦਰ ਸਿੰਘ, ਸਾਹਿਲ ਕੁਮਾਰ, ਕੁਲਵਿੰਦਰ ਸਿੰਘ, ਮੱਖਣ ਸਿੰਘ, ਜਸਕਰਨ ਸਿੰਘ ਆਦਿ ਨੇ ਸੰਬੋਧਨ ਕੀਤਾ।