ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਅਰਜ਼ੀਆਂ ਦੀ ਮੰਗ
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਅਰਜ਼ੀਆਂ ਦੀ ਮੰਗ
Publish Date: Sat, 16 May 2026 03:06 PM (IST)
Updated Date: Sat, 16 May 2026 03:06 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਭਾਰਤ ਸਰਕਾਰ ਵੱਲੋਂ ਹਰ ਸਾਲ ਪ੍ਰਦਾਨ ਕੀਤਾ ਜਾਂਦਾ “ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀਐੱਮਆਰਬੀਪੀ)” ਇਸ ਸਾਲ ਵੀ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੂਪਨਗਰ ਰਾਜਿੰਦਰ ਕੌਰ ਨੇ ਦੱਸਿਆ ਕਿ ਦੇਸ਼ ਦੇ ਰਾਸ਼ਟਰਪਤੀ ਵੱਲੋਂ ਇਹ ਪੁਰਸਕਾਰ ਉਨ੍ਹਾਂ ਬੱਚਿਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਅਤੇ ਵਿਲੱਖਣ ਉਪਲੱਬਧੀਆਂ ਹਾਸਲ ਕੀਤੀਆਂ ਹੋਣ। ਉਨ੍ਹਾਂ ਦੱਸਿਆ ਕਿ ਬਹਾਦਰੀ ਭਰੇ ਕਾਰਜ ਕਰਕੇ ਦੂਜਿਆਂ ਲਈ ਮਿਸਾਲ ਕਾਇਮ ਕਰਨ ਜਾਂ ਆਪਣੀਆਂ ਵਿਸ਼ੇਸ਼ ਯੋਗਤਾਵਾਂ ਦੇ ਆਧਾਰ ’ਤੇ ਖੇਡਾਂ, ਸਮਾਜ ਸੇਵਾ, ਵਿਗਿਆਨ ਅਤੇ ਤਕਨਾਲੌਜੀ, ਵਾਤਾਵਰਣ ਸੁਰੱਖਿਆ ਅਤੇ ਕਲਾ ਆਦਿ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਬੱਚਿਆਂ ਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਲਈ ਭਾਰਤ ਦੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਯੋਗ ਹਨ। ਯੋਗ ਉਮੀਦਵਾਰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਧਿਕਾਰਕ ਵੈੱਬਸਾਈਟ https://awards.gov.in ’ਤੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਅਰਜ਼ੀਆਂ 31 ਜੁਲਾਈ, 2026 ਤੱਕ ਭਰੀਆਂ ਜਾ ਸਕਦੀਆਂ ਹਨ। ਇਸ ਅਵਾਰਡ ਤਹਿਤ ਚੁਣੇ ਗਏ ਬੱਚਿਆਂ ਨੂੰ ਇੱਕ ਮੈਡਲ ਪ੍ਰਦਾਨ ਕੀਤਾ ਜਾਂਦਾ ਹੈ, ਜੋ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ ਭੇਂਟ ਕੀਤਾ ਜਾਂਦਾ ਹੈ। ਉਨ੍ਹਾਂ ਯੋਗ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਪੁਰਸਕਾਰ ਲਈ ਸਮੇਂ ਸਿਰ ਆਨਲਾਈਨ ਅਰਜ਼ੀ ਦੇ ਕੇ ਇਸ ਸੁਨਹਿਰੇ ਮੌਕੇ ਦਾ ਲਾਭ ਲੈਣ।