ਸਫ਼ਾਈ ਸੇਵਕਾਂ ਦੀ ਹੜਤਾਲ ਜਾਰੀ ਰਹੇਗੀ, ਸਰਕਾਰ ਨਾਲ ਮੀਟਿੰਗ ਅਸਫਲ
ਸਫ਼ਾਈ ਸੇਵਕਾਂ ਦੀ ਹੜਤਾਲ ਜਾਰੀ ਰਹੇਗੀ, ਸਰਕਾਰ ਨਾਲ ਐਕਸ਼ਨ ਕਮੇਟੀ ਦੀ ਮੀਟਿੰਗ ਰਹੀ ਅਸਫਲ
Publish Date: Fri, 15 May 2026 05:50 PM (IST)
Updated Date: Fri, 15 May 2026 05:51 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਸਫਾਈ ਕਰਮਚਾਰੀਆਂ ਦੀ ਹੜਤਾਲ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀ ਪੰਜਾਬ ਮਿਊਂਸੀਪਲ ਕਰਮਚਾਰੀ ਐਕਸ਼ਨ ਕਮੇਟੀ ਨਾਲ ਹੋਈ ਮੀਟਿੰਗ ਦਾ ਕੋਈ ਸਾਰਥਿਕ ਨਤੀਜਾ ਨਹੀਂ ਨਿਕਲਿਆ ਹੈ। ਕਮੇਟੀ ਦੇ ਵਫ਼ਦ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਅਸਥਾਈ, ਆਊਟਸੋਰਸਡ ਅਤੇ ਠੇਕਾ ਕਰਮਚਾਰੀਆਂ ਨੂੰ ਸਥਾਈ ਰੁਜ਼ਗਾਰ ਦੇਣ ਦੀ ਆਪਣੀ ਮੁੱਖ ਮੰਗ ਪੇਸ਼ ਕੀਤੀ। ਉਨ੍ਹਾਂ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਤੇ ਸਹੀ ਫੈਸਲਾ ਲਵੇਗੀ। ਹਾਲਾਂਕਿ, ਵਫ਼ਦ ਦੇ ਆਗੂਆਂ ਨੇ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਰਮਚਾਰੀਆਂ ਦੀ ਨੌਕਰੀ ਦੀ ਪੁਸ਼ਟੀ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਵਿਚ ਸ਼ਿਰਕਤ ਕੀਤੀ ਅਤੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਤੇ ਉਨ੍ਹਾਂ ਨਾਲ ਚਰਚਾ ਕੀਤੀ, ਉਨ੍ਹਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ। ਵਫ਼ਦ ਵਿਚ ਐਕਸ਼ਨ ਕਮੇਟੀ ਦੇ ਸਰਪ੍ਰਸਤ ਕੁਲਵੰਤ ਸਿੰਘ ਸੈਣੀ, ਮਿਊਂਸੀਪਲ ਕਰਮਚਾਰੀ ਸੰਗਠਨ ਕਪੂਰਥਲਾ ਦੇ ਪ੍ਰਧਾਨ ਗੋਪਾਲ ਥਾਪਰ, ਸਫਾਈ ਸੇਵਕ ਯੂਨੀਅਨ ਦੇ ਉਪ ਪ੍ਰਧਾਨ ਅਸ਼ੋਕ ਸਰਵਣ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਅਤੇ ਕਨਵੀਨਰ ਰਮੇਸ਼ ਕੁਮਾਰ ਜੈਚੰਦ ਸ਼ਾਮਲ ਸਨ। ਰੂਪਨਗਰ ਤੋਂ ਸੰਘਰਸ਼ ਕਮੇਟੀ ਦੇ ਸੀਨੀਅਰ ਮੈਂਬਰ ਗੋਪਾਲ ਥਾਪਰ ਅਤੇ ਪਰਿਤੋਸ਼ ਕੁਮਾਰ ਭੱਟੀ ਮਿੰਕਾ ਨੇ ਇੱਕ ਪ੍ਰੈਸ ਨੋਟ ਰਾਂਹੀ ਕਿਹਾ ਕਿ 25-30 ਸਾਲ ਬੀਤ ਗਏ ਹਨ, ਅਤੇ ਕਰਮਚਾਰੀ ਅਜੇ ਵੀ ਕੱਚੇ ਹਨ। ਸਰਕਾਰ ਪਹਿਲਾਂ ਹੀ ਸਾਢੇ ਚਾਰ ਸਾਲ ਗੁਆ ਚੁੱਕੀ ਹੈ, ਅਤੇ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾਕਿ ਹੁਣ ਲੱਗਦਾ ਹੈ ਕਿ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਆਸਾਨੀ ਨਾਲ ਨਹੀਂ ਮੰਨੇਗੀ, ਪੰਜਾਬ ਦੇ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚ 6 ਮਈ ਤੋਂ ਹੜਤਾਲ ਚੱਲ ਰਹੀ ਹੈ। ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਆਰਜ਼ੀ ਸਫਾਈ ਕਰਮਚਾਰੀਆਂ, ਕਲਰਕਾਂ ਅਤੇ ਪੰਪ ਆਪਰੇਟਰਾਂ ਨੂੰ ਨਿਯਮਤ ਨਹੀਂ ਕਰਦੀ।