ਕੋਰਮ ਪੂਰਾ ਨਾ ਹੋਣ ਕਾਰਨ ਨਹੀ ਹੋ ਸਕੀ ਰੂਪਨਗਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਦੀ ਚੋਣ
ਕੋਰਮ ਪੂਰਾ ਨਾ ਹੋਣ ਕਾਰਨ ਨਹੀ ਹੋ ਸਕੀ ਰੂਪਨਗਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਦੀ ਚੋਣ
Publish Date: Fri, 15 May 2026 05:39 PM (IST)
Updated Date: Fri, 15 May 2026 05:42 PM (IST)

ਜੇਕਰ ਪ੍ਰਸ਼ਾਸ਼ਨ ਨੇ ਨਿਯਮਾਂ ਨੂੰ ਅੱਖੋਪਰੌਖੇ ਕਰਕੇ ਚੇਅਰਪਰਸਨ ਦੀ ਚੋਣ ਕੀਤੀ ਤਾਂ ਕਾਂਗਰਸ ਸੰਘਰਸ਼ ਕਰੇਗੀ : ਵਿਸਕੀ। ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਇਹ ਗੱਲ ਸੁਣਨ ਜਾਂ ਪੜਣ ਲਈ ਅਨੌਖੀ ਲੱਗੇ ਕਿ ਇੱਕ ਜ਼ਿਲ੍ਹਾ ਪੱਧਰੀ ਸਿਆਸੀ ਕੁਰਸੀ ਦੀ ਚੋਣ ਲਈ ਸੱਤਾਧਿਰ ਗੈਰਹਾਜਰ ਰਹੇ ਤੇ ਵਿਰੋਧੀ ਧਿਰ ਪਹੁੰਚ ਜਾਵੇ। ਜੀ ਹਾਂ ਇਹ ਸੱਚ ਹੈ ਰੂਪਨਗਰ ਵਿਚ ਇਸ ਤਰਾਂ ਹੀ ਹੋਇਆ ਹੈ। ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਚੇਅਰਪਰਸਨ ਦੀ ਚੋਣ ਕੋਰਮ ਪੂਰਾ ਨਾ ਹੋਣ ਕਾਰਨ ਪ੍ਰਸ਼ਾਸ਼ਨ ਨੇ ਹੁਣ 18 ਮਈ ਦਿਨ ਸੋਮਵਾਰ ਨੂੰ ਮੁੜ ਤੈਅ ਕੀਤੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਦੇ ਚੁਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਸ਼ਾਸ਼ਨ ਵੱਲੋਂ ਦਿੱਤੇ 11 ਵਜ਼ੇ ਸਮੇਂ ‘ਤੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਪਹੁੰਚ ਗਏ ਜਦਕਿ ਸੱਤਾ ਧਿਰ ਦੇ ਮੈਂਬਰ ਨਹੀ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨੂੰ ਐਸਡੀਐਮ ਰੂਪਨਗਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਦੀ ਚੋਣ ਸਰਕਾਰ ਦੇ ਹੁਕਮਾਂ ‘ਤੇ ਰੱਖੀ ਗਈ ਸੀ ਪਰ ਕੋਰਮ ਪੂਰਾ ਨਾ ਹੋਣ ‘ਤੇ ਚੋਣ ਲਈ ਅਗਲਾ ਸਮਾਂ ਮਿਤੀ 18 ਮਈ ਦਿਨ ਸੋਮਵਾਰ ਨੂੰ ਰੱਖਿਆ ਗਿਆ ਹੈ। ਉੱਧਰ ਭਰੋਸੇਯੋਗ ਸੂਤਰਾਂ ਦੀ ਜਾਣਕਾਰੀ ਅਨਸਾਰ ਚੇਅਰਪਰਸਨ ਦੀ ਚੋਣ ਲਈ ਸੱਤਾਧਿਰ ਦਾ ਸਿਆਸੀ ਗਣਿਤ ਫਿੱਟ ਨਹੀ ਸੀ ਕਿਉਕਿ 10 ਜ਼ਿਲ੍ਹਾ ਪ੍ਰੀਸ਼ਦ ਜੋਨਾਂ ਵਿਚੋਂ 6 ਜੋਨਾਂ ਤੋਂ ਕਾਂਗਰਸ ਦਾ ਸਿਆਸੀ ਪੱਲੜਾ ਭਾਰੀ ਹੈ। ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾਕਿ ਪ੍ਰਸ਼ਾਸ਼ਨ ਵੱਲੋਂ ਵੀਰਵਾਰ 5 ਵਜ਼ੇ ਫੋਨ ਕਰਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਰਿੰਡਾ ਦਿਹਾਤੀ ਤੋਂ ਗੁਰਬਿੰਦਰ ਸਿੰਘ ਕਕਰਾਲੀ,ਬੇਲਾ ਜੋਨ ਤੋਂ ਸੁਲੱਖਣ ਸਿੰਘ, ਮੁੰਡੀਆਂ ਜੋਨ ਤੋਂ ਰਣਵੀਰ ਕੌਰ ਮਾਵੀ, ਕੋਟਲਾ ਜੋਨ ਤੋਂ ਊਸ਼ਾ ਦੇਵੀ, ਭਰਤਗੜ੍ਹ ਜੋਨ ਤੋਂ ਪ੍ਰੀਤੀ ਸ਼ਰਮਾ ਅਤੇ ਦੜੋਲੀ ਜੋਨ ਤੋਂ ਜਸਪਾਲ ਸਿੰਘ ਢਾਹੇਂ ਅਤੇ ਬਲਾਕ ਸੰਮਤੀ ਮੋਰਿੰਡਾ ਦੇ ਚੇਅਰਪਰਸਨ ਹਰਵਿੰਦਰ ਕੌਰ ਸੰਧੂ, ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਗੁਰਦੀਪ ਸਿੰਘ ਗੜ੍ਹੀ ਨੂੰ ਚੇਅਰਮੈਨ ਦੀ ਚੋਣ ਲਈ ਬੁਲਾਇਆ ਗਿਆ ਸੀ ਪਰ ਕਾਂਗਰਸ ਦੇ ਜਿੱਤੇ ਮੈਂਬਰ ਦਿੱਤੇ ਸਮੇਂ ‘ਤੇ ਪਹੁੰਚ ਗਏ ਪਰ ਸੱਤਾਧਿਰ ਦਾ ਕੋਈ ਜ਼ਿਲ੍ਹਾ ਪ੍ਰਸ਼ੀਦ ਮੈਂਬਰ ਨਹੀ ਪਹੁੰਚਿਆ ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਸੱਤਾਧਿਰ ਚੇਅਰਪਰਸਨ ਦੀ ਚੋਣ ਨਹੀ ਕਰਵਾਉਣਾ ਚਾਹੰਦੀ। ਉਨ੍ਹਾਂ ਕਿਹਾਕਿ ਸਾਡੇ ਮੈਂਬਰ ਇੱਕਮੁੱਠ ਹਨ ਸਾਡਾ ਵਿਸਵਾਸ਼ ਹੈ ਕਿ ਅਸੀ 18 ਮਈ ਨੂੰ ਵੀ ਚੇਅਰਪਰਸਨ ਦੀ ਚੋਣ ਜਿੱਤ ਲੈਣੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਪਹਿਲਾਂ ਹੀ ਚੇਅਰਪਰਸਨ ਦੀ ਚੋਣ ਲੇਟ ਕਰ ਦਿੱਤੀ ਹੈ ਜੇਕਰ ਅੱਜ ਚੋਣ ਰੱਖੀ ਗਈ ਸੀ ਉਸ ਨੂੰ ਜਾਣਬੁੱਝ ਸੱਤਾਧਿਰ ਦੇ ਇਸ਼ਾਰੇ ‘ਤੇ ਪ੍ਰਸ਼ਾਸ਼ਨ ਨੇ ਅੱਗੇ ਕੀਤਾ ਹੈ। ਉਨ੍ਹਾਂ ਕਿਹਾਕਿ ਜੇਕਰ ਪ੍ਰਸ਼ਾਸ਼ਨ ਨੇ ਨਿਯਮਾਂ ਨੂੰ ਅੱਖੋਪਰੌਖੇ ਕਰਕੇ ਚੇਅਰਮੈਨ ਦੀ ਚੋਣ ਕੀਤੀ ਤਾਂ ਕਾਂਗਰਸ ਪਾਰਟੀ ਹਰੇਕ ਪੱਧਰ ‘ਤੇ ਸੰਘਰਸ਼ ਕਰਨ ਤੋਂ ਗੁਰੇਜ਼ ਨਹੀ ਕਰੇਗੀ। ਇਸ ਮੌਕੇ ਤੇ ਸਾਬਕਾ ਚੇਅਰਮੈਨ ਨਰਿੰਦਰ ਸਿੰਘ ਮਾਵੀ, ਮੇਵਾ ਸਿੰਘ ਗਿੱਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮ ਸਿੰਘ ਭੰਗਾਲਾ, ਬਲਾਕ ਕਾਂਗਰਸ ਮੋਰਿੰਡਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਬਬਲਾ ਸਰਪੰਚ ਗੋਸਲਾ, ਲਖਵੀਰ ਸਿੰਘ ਲੱਖਾ ਆਦਿ ਹਾਜਰ ਸਨ।