ਵਿਦੇਸ਼ੀ ਵਿਦਿਆਰਥੀਆਂ ਦੀ ਜਾਣਕਾਰੀ ਪੋਰਟਲ ‘ਤੇ ਅਪਲੋਡ ਕਰਨੀ ਲਾਜ਼ਮੀ : ਜ਼ਿਲ੍ਹਾ ਮੈਜਿਸਟਰੇਟ
ਵਿਦੇਸ਼ੀ ਵਿਦਿਆਰਥੀਆਂ ਦੀ ਜਾਣਕਾਰੀ 24 ਘੰਟਿਆਂ ਅੰਦਰ ਐਫਆਰਆਰਓ ਪੋਰਟਲ ‘ਤੇ ਅਪਲੋਡ ਕਰਨੀ ਲਾਜ਼ਮੀ: ਜ਼ਿਲ੍ਹਾ ਮੈਜਿਸਟਰੇਟ
Publish Date: Tue, 12 May 2026 05:35 PM (IST)
Updated Date: Tue, 12 May 2026 05:36 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਅਦਿੱਤਿਆ ਡੇਚਲਵਾਲ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਨੂੰ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ “ਇਮੀਗ੍ਰੇਸ਼ਨ ਐਂਡ ਫੋਰਨਰਜ਼ ਐਕਟ, 2025” ਅਤੇ “ਇਮੀਗ੍ਰੇਸ਼ਨ ਐਂਡ ਫੋਰਨਰਜ਼ ਰੂਲਜ਼, 2025” ਦੀ ਪਾਲਣਾ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐਕਟ ਦੀ ਧਾਰਾ-9 ਅਨੁਸਾਰ ਹਰੇਕ ਯੂਨੀਵਰਸਿਟੀ, ਵਿੱਦਿਅਕ ਸੰਸਥਾ ਜਾਂ ਹੋਰ ਸੰਸਥਾ, ਜੋ ਕਿਸੇ ਵੀ ਵਿਦੇਸ਼ੀ ਵਿਦਿਆਰਥੀ ਨੂੰ ਦਾਖਲਾ ਦਿੰਦੀ ਹੈ, ਲਈ ਇਹ ਲਾਜ਼ਮੀ ਹੈ ਕਿ ਉਹ ਵਿਦਿਆਰਥੀ ਨਾਲ ਸਬੰਧਿਤ ਜਾਣਕਾਰੀ ਰਜਿਸਟ੍ਰੇਸ਼ਨ ਅਧਿਕਾਰੀ ਨੂੰ ਨਿਰਧਾਰਤ ਤਰੀਕੇ ਨਾਲ ਮੁਹੱਈਆ ਕਰਵਾਏ ਜਾਣ। ਉਨ੍ਹਾਂ ਨੇ ਦੱਸਿਆ ਕਿ ਨਵੇਂ ਨਿਯਮਾਂ ਅਨੁਸਾਰ ਕਿਸੇ ਵੀ ਵਿਦੇਸ਼ੀ ਵਿਦਿਆਰਥੀ ਨੂੰ ਦਾਖਲਾ ਦੇਣ ਤੋਂ 24 ਘੰਟਿਆਂ ਦੇ ਅੰਦਰ ਉਸ ਦੀ ਜਾਣਕਾਰੀ ਫਾਰਮ-II ਰਾਹੀਂ ਆਨਲਾਈਨ ਫੋਰਨਰਜ਼ ਰੀਜਨਲ ਰਜਿਸਟ੍ਰੇਸ਼ਨ ਆਫਿਸ (ਐੱਫਆਰਆਰਓ) ਨੂੰ ਦੇਣੀ ਲਾਜ਼ਮੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤਹਿਤ ਵਿਦਿਆਰਥੀ ਦਾ ਨਾਮ, ਪਾਸਪੋਰਟ ਅਤੇ ਵੀਜ਼ਾ ਵੇਰਵਾ, ਕੋਰਸ ਦਾ ਨਾਮ, ਕੋਰਸ ਦੀ ਮਿਆਦ, ਫੀਸ ਢਾਂਚਾ ਅਤੇ ਰਿਹਾਇਸ਼ੀ ਪਤਾ ਆਦਿ ਜਾਣਕਾਰੀ ਸਾਂਝੀ ਕਰਨੀ ਹੋਵੇਗੀ। ਇਸ ਤੋਂ ਇਲਾਵਾ ਸਿੱਖਿਆ ਸੰਸਥਾਵਾਂ ਨੂੰ ਹਰ ਸਮੈਸਟਰ ਦੌਰਾਨ ਵਿਦਿਆਰਥੀ ਦੇ ਅਕਾਦਮਿਕ ਨਤੀਜਿਆਂ ਅਤੇ ਸਾਲ ਵਿਚ ਦੋ ਵਾਰ ਹਾਜ਼ਰੀ ਸਬੰਧੀ ਵੇਰਵਾ ਵੀ ਅਪਲੋਡ ਕਰਨਾ ਹੋਵੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਅੱਗੇ ਦੱਸਿਆ ਕਿ ਜੇਕਰ ਕੋਈ ਵਿਦੇਸ਼ੀ ਵਿਦਿਆਰਥੀ ਹੋਸਟਲ ਵਿਚ ਰਹਿੰਦਾ ਹੈ ਤਾਂ ਉਸ ਸਬੰਧੀ ਵੱਖਰੇ ਤੌਰ ‘ਤੇ ਫਾਰਮ-III ਭਰਨਾ ਵੀ ਲਾਜ਼ਮੀ ਹੋਵੇਗਾ। ਉਨ੍ਹਾਂ ਜ਼ਿਲ੍ਹੇ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਹਦਾਇਤ ਕੀਤੀ ਕਿ ਉਹ ਨਵੇਂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ, ਕਿਉਂਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸੰਸਥਾਵਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਐਕਟ ਤਹਿਤ ਉਲੰਘਣਾ ਕਰਨ ‘ਤੇ 3 ਸਾਲ ਤੱਕ ਦੀ ਕੈਦ ਅਤੇ 3 ਲੱਖ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਹੈ।