ਪਿੰਡਾਂ ਦੀ ਕਾਇਆਕਲਪ ਲਈ ਵਿਕਾਸ ਫੰਡਾਂ ਦੀ ਕੋਈ ਕਮੀ ਨਹੀਂ : ਚੰਦਰਜਯੋਤੀ ਸਿੰਘ
ਪਿੰਡਾਂ ਦੀ ਕਾਇਆਕਲਪ ਲਈ ਵਿਕਾਸ ਫੰਡਾਂ ਦੀ ਕੋਈ ਕਮੀ ਨਹੀਂ:ਚੰਦਰਜਯੋਤੀ ਸਿੰਘ
Publish Date: Mon, 11 May 2026 05:40 PM (IST)
Updated Date: Mon, 11 May 2026 05:42 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਦੇ ਕਮੇਟੀ ਰੂਮ ਵਿਖੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰੂਪਨਗਰ ਚੰਦਰਜਯੋਤੀ ਸਿੰਘ ਵੱਲੋਂ ਜ਼ਿਲ੍ਹੇ ਦੇ ਸਮੂਹ ਬੀਡੀਪੀਓਜ਼ ਦੇ ਨਾਲ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਸਬੰਧੀ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹੇ ਦੇ ਸਮੂਹ ਬੀਡੀਪੀਓਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਪਿੰਡਾਂ ਦੀ ਕਾਇਆਕਲਪ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜ ਜੰਗੀ ਪੱਧਰ ’ਤੇ ਪੂਰੀ ਜ਼ਿੰਮੇਵਾਰੀ ਨਾਲ ਮੁਕੰਮਲ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਦੇ ਵਿਕਾਸ, ਸੜਕਾਂ ਦੇ ਨਿਰਮਾਣ, ਆਂਗਣਵਾੜੀਆਂ ਤੇ ਖੇਡਾਂ ਦੇ ਮੈਦਾਨਾਂ ਵੱਲ ਵਿਸ਼ੇਸ਼ ਧਿਆਨ ਦੇਣ ‘ਤੇ ਜ਼ੋਰ ਦਿੰਦਿਆਂ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਫੰਡਾਂ ਦੀ ਵਰਤੋਂ ਸਰਟੀਫਿਕੇਟ ਵੀ ਨਾਲੋ-ਨਾਲ ਤਿਆਰ ਕਰਕੇ ਸਮੇਂ ਸਿਰ ਜਮ੍ਹਾਂ ਕਰਵਾਏ ਜਾਣ। ਊਨ੍ਹਾਂ ਜ਼ਿਲ੍ਹਾ ਰੂਪਨਗਰ ਵਿਚ ਸੌਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦੀ ਸਮੀਖਿਆ ਕਰਦਿਆਂ ਕਿਹਾ ਕਿ ਕਾਰਜਾਂ ਦੀ ਹਫ਼ਤਾਵਾਰ ਰਿਪੋਰਟ ਦਿੱਤੀ ਜਾਵੇ ਤਾਂ ਜੋ ਨਿਰਧਾਰਿਤ ਸਮੇਂ ਦੌਰਾਨ ਵਿਕਾਸ ਕਾਰਜਾਂ ਨੂੰ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਪਿੰਡਾਂ ਵਿਖੇ ਸਥਾਨਾਂ ‘ਤੇ ਸੌਲਿਡ ਵੇਸਟ ਮੈਨੇਜਮੈਂਟ ਦੇ ਕੰਮਾਂ ਨੂੰ ਸਫਲਤਾਪੂਰਵਕ ਮੁਕੰਮਲ ਕੀਤਾ ਗਿਆ ਹੈ ਅਤੇ ਬਾਕੀ ਰਹਿੰਦੇ ਕੰਮਾਂ ਦੇ ਸ਼ੁਰੂ ਅਤੇ ਮੁਕੰਮਲ ਹੋਣ ਦੀ ਰਿਪੋਰਟ ਬੀਡੀਪੀਓ ਲਾਜ਼ਮੀ ਦੇਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਲਈ ਨਿਰਧਾਰਿਤ ਕੀਤੇ ਗਏ 37 ਪਿੰਡ ਕਲੀਨਿਕ ਸਫਲਤਾਪੂਰਵਕ ਤਿਆਰ ਕਰ ਲਏ ਗਏ ਹਨ। ਇਸੇ ਤਰਾਂ ਵਿਲੇਜ ਜਿਮਨੇਜ਼ਿਯਮ ਪ੍ਰੋਜੈਕਟ ਅਧੀਨ 22 ਜਿਮਨੇਜ਼ਿਯਮ ਦੇ ਨਿਰਧਾਰਿਤ ਟੀਚੇ ਵਿੱਚੋਂ 16 ਪਿੰਡ ਜਿਮਨੇਜ਼ਿਯਮਾਂ ਤੇ ਮਨਰੇਗਾ ਅਧੀਨ 41 ਆਂਗਣਵਾੜੀ ਕੇਂਦਰਾਂ ਦਾ ਨਿਰਮਾਣ, ਪੀਐੱਸਆਰਐੱਲਐੱਮ ਅਧੀਨ ਨਿਰਧਾਰਤ ਕੀਤੇ ਗਏ 1,921 ਸਵੈ ਸਹਾਇਤਾ ਸਮੂਹਾਂ ਦੇ ਟੀਚੇ ਦੇ ਮੁਕਾਬਲੇ 1,967 ਅਤੇ 620 ਕੈਸ਼ ਕਰੈਡਿਟ ਲਿੰਕੇਜ ਦੇ ਨਿਰਧਾਰਿਤ ਟੀਚੇ ਪ੍ਰਾਪਤ ਕਰ ਲਏ ਗਏ ਹਨ। ਇਸ ਮੀਟਿੰਗ ਦੌਰਾਨ ਉਨ੍ਹਾਂ ਸੜਕਾਂ, ਸੀਵਰੇਜ, ਜਲ ਸਪਲਾਈ ਸਕੀਮਾਂ ਅਤੇ ਹੋਰ ਬੁਨਿਆਦੀ ਢਾਂਚਾਗਤ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਪ੍ਰਾਜੈਕਟ ਨਿਰਧਾਰਤ ਸਮਾਂ ਸੀਮਾ ਵਿਚ ਮੁਕੰਮਲ ਕੀਤੇ ਜਾਣ।ਉਨ੍ਹਾਂ ਚੇਤਾਵਨੀ ਦਿੱਤੀ ਕਿ ਢਿੱਲ ਜਾਂ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਪੰਜਾਬ ਨਿਰਮਾਣ ਪ੍ਰੋਗਰਾਮ, ਸਮਾਰਟ ਵਿਲੇਜ ਸਕੀਮ, ਐੱਮਪੀ ਲੈਂਡ ਅਤੇ ਹੋਰ ਵਿਕਾਸ ਸਕੀਮਾਂ ਨਾਲ ਸਬੰਧਤ ਲੰਬਿਤ ਵਰਤੋਂ ਸਰਟੀਫਿਕੇਟਾਂ ਅਤੇ ਚੱਲ ਰਹੇ ਪ੍ਰਾਜੈਕਟਾਂ ਦੀ ਵੀ ਵਿਸਥਾਰ ਨਾਲ ਸਮੀਖਿਆ ਕੀਤੀ। ਇਸ ਮੌਕੇ ਜ਼ਿਲ੍ਹਾ ਪੇਂਡੂ ਵਿਕਾਸ ਅਤੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ, ਡਿਪਟੀ ਸੀਈਓ ਜ਼ਿਲ੍ਹਾ ਪ੍ਰੀਸ਼ਦ ਅਮਿਤ ਕੁਮਾਰ, ਐਕਸੀਅਨ ਪੰਚਾਇਤੀ ਰਾਜ ਅਵਤਾਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼ਰੂਤੀ ਸ਼ਰਮਾ, ਜ਼ਿਲ੍ਹੇ ਦੇ ਸਮੂਹ ਬੀਡੀਪੀਓਜ਼ ਸਮੇਤ ਲੋਕ ਨਿਰਮਾਣ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।