ਰੂਪਨਗਰ ਵਿਖੇ ਸਫਾਈ ਸੇਵਕਾਂ ਦੀ ਹੜ੍ਹਤਾਲ ਜਾਰੀ, ਸ਼ਹਿਰ ’ਚ ਲੱਗੇ ਕੂੜੇ ਦੇ ਢੇਰ
ਰੂਪਨਗਰ ਵਿਖੇ ਸਫਾਈ ਸੇਵਕਾਂ ਦੀ ਹੜ੍ਹਤਾਲ ਜਾਰੀ, ਸ਼ਹਿਰ ’ਚ ਲੱਗੇ ਕੂੜੇ ਦੇ ਢੇਰ
Publish Date: Sat, 09 May 2026 06:07 PM (IST)
Updated Date: Sat, 09 May 2026 06:09 PM (IST)

ਸਫਾਈ ਸੇਵਕਾਂ ਨਾਲ ਧਰਨੇ ’ਤੇ ਬੈਠਣ ਲਈ ਹਾਂ ਤਿਆਰ: ਸਾਬਕਾ ਪ੍ਰਧਾਨ ਸੰਜੇ ਵਰਮਾ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਰੂਪਨਗਰ:ਰੂਪਨਗਰ ਵਿਖੇ ਸਫਾਈ ਮਜ਼ਦੂਰ ਸੰਘ ਯੂਨੀਅਨ ਦੀ ਹੜ੍ਹਤਾਲ ਚੌਥੇ ਦਿਨ ਵੀ ਲਗਾਤਾਰ ਜਾਰ ਰਹੀ। ਇਸ ਦੌਰਾਨ ਸਮੂਹ ਸਫਾਈ ਸੇਵਕਾਂ ਵੱਲੋਂ ਯੂਨੀਅਨ ਪ੍ਰਧਾਨ ਅਜੇ ਕੁਮਾਰ ਭੱਟੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉੱਧਰ ਇਸ ਹੜ੍ਹਤਾਲ ਦੇ ਕਾਰਨ ਸ਼ਹਿਰ ਵਿਚ ਸਫਾਈ ਵਿਵਸਥਾ ਚਰਮਰਾ ਗਈ ਹੈ। ਸਫਾਈ ਕਰਮਚਾਰੀਆਂ ਦੀ ਹੜ੍ਹਤਾਲ ਦੇ ਕਾਰਨ ਸ਼ਹਿਰ ਮੁੱਖ ਚੌਰਾਹਿਆਂ ਵਿਚ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ, ਜਦਕਿ ਘਰ ਘਰ ਜਾ ਕੇ ਕੂੜਾ ਇਕੱਤਰ ਕਰਨ ਵਾਲੇ ਕੌਂਸਲ ਕਰਮਚਾਰੀਆਂ ਦੇ ਹੜ੍ਹਤਾਲ ’ਤੇ ਜਾਣ ਦੇ ਕਾਰਨ ਲੋਕ ਆਪਣੇ ਘਰਾਂ ਦਾ ਕੂੜਾ ਮੇਨ ਬਜਾਰ, ਪੁਲ ਬਜਾਰ, ਪੀਡਬਲਿਊਡੀ ਕਲੌਨੀ, ਕਾਲਜ ਰੋਡ, ਗਿਆਨੀ ਜ਼ੈਲ ਸਿੰਘ ਨਗਰ, ਹਸਪਤਾਲ ਮੇਨ ਗੇਟ ਦੇ ਸਾਹਮਣੇ ਆਦਿ ਚੌਰਾਹਿਆਂ ਜਾਂ ਰਸਤਿਆਂ ਵਿਚ ਸੁੱਟਣ ਲਈ ਮਜ਼ਬੂਰ ਹੋ ਰਹੇ ਹਨ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਜੇ ਕੁਮਾਰ ਭੱਟੀ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਸਨ ਪ੍ਰੰਤੂ ਸੱਤਾ ਵਿਚ ਆਉਣ ਤੋਂ ਬਾਅਦ ਮੁਲਾਜ਼ਮਾਂ ਨੂੰ ਸੜਕਾਂ ’ਤੇ ਰੁਲਣ ਲਈ ਛੱਡ ਦਿੱਤਾ ਗਿਆ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਕੋਈ ਲਿਖਤੀ ਭਰੋਸਾ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਇਹ ਹੜ੍ਹਤਾਲ ਜਾਰੀ ਰਹੇਗੀ। ਇਸ ਮੌਕੇ ਯੂਨੀਅਨ ਆਗੂਆਂ ਨੇ ਆਉਟਸੋਰਸ ਤੇ ਠੇਕਾ ਆਧਾਰਿਤ ਕਰਮਚਾਰੀਆਂ ਜਿਵੇਂ ਸਫਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ, ਸੇਵਾਦਾਰ, ਇਲੈਕਟ੍ਰਿਸ਼ਨ, ਪੰਪ ਆਪਰੇਟਰ, ਕੰਪਿਊਟਰ ਆਪਰੇਟਰ, ਕਲਰਕ, ਡਰਾਇਵਰ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਚੁੱਕੀ। ਇਸ ਤੋਂ ਇਲਾਵਾ 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮਿਊਂਸਿਪਲ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਉਨ੍ਹਾਂ ਨੂੰ ਪੀਪੀਐੱਫ ਵਿੱਚੋਂ ਵਾਪਸੀਯੋਗ ਕਰਜ਼ਾ ਲੈਣ ਦੀ ਮਨਜ਼ੂਰੀ ਦੇਣ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਕਰਨ ਲਈ ਠੇਕੇਦਾਰੀ ਸਿਸਟਮ ਨੂੰ ਜੜ੍ਹੋਂ ਖ਼ਤਮ ਕਰਕੇ ਸਿੱਧੀ ਭਰਤੀ ਕੀਤੀ ਜਾਵੇ। 1 ਜਨਵਰੀ, 2016 ਤੋਂ ਪੇ-ਕਮਿਸ਼ਨ ਦੀਆਂ ਰਿਪੋਰਟਾਂ ਅਨੁਸਾਰ ਬਕਾਏ ਜਾਰੀ ਕਰਨਾ ਅਤੇ ਵਧੀਆਂ ਹੋਈਆਂ ਤਨਖਾਹਾਂ ਨੂੰ ਲਾਗੂ ਕਰਨਾ ਆਦਿ ਸ਼ਾਮਲ ਹਨ।