ਯੁਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕਤਾ ਆਟੋ ਨੂੰ ਹਲਕਾ ਵਿਧਾਇਕ ਚੱਢਾ ਨੇ ਕੀਤਾ ਰਵਾਨਾ
ਯੁਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕਤਾ ਆਟੋ ਨੂੰ ਹਲਕਾ ਵਿਧਾਇਕ ਚੱਢਾ ਨੇ
Publish Date: Fri, 08 May 2026 07:55 PM (IST)
Updated Date: Sat, 09 May 2026 04:13 AM (IST)

ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਕਰਨਗੇ ਜਾਗਰੂਕ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦਿਆਂ ਵਿਧਾਨ ਸਭਾ ਹਲਕਾ ਰੂਪਨਗਰ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਨਵੀਂ ਪਹਿਲ ਕੀਤੀ ਗਈ ਹੈ। ਇਸ ਤਹਿਤ ਨਸ਼ਿਆਂ ਵਿਰੁੱਧ ਸੰਦੇਸ਼ ਦੇਣ ਵਾਲੇ ਸਲੋਗਨਾਂ ਅਤੇ ਆਡੀਓ ਪ੍ਰਣਾਲੀ ਨਾਲ ਲੈਸ ਜਾਗਰੂਕਤਾ ਆਟੋ ਪਿੰਡ-ਪਿੰਡ ਭੇਜੇ ਜਾਣਗੇ, ਜੋ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਗੇ। ਇਸ ਮੁਹਿੰਮ ਤਹਿਤ ਤਿਆਰ ਕੀਤੇ ਗਏ ਜਾਗਰੂਕਤਾ ਆਟੋਆਂ ਨੂੰ ਅੱਜ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕੇ ਵਿੱਚ ਸ਼ੁਰੂਆਤੀ ਪੜਾਅ ਤਹਿਤ ਲੱਗਭੱਗ ਛੇ ਆਟੋ ਚਲਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਆਟੋ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਦੱਸਿਆ ਕਿ ਆਟੋਆਂ ਉੱਤੇ ਨਸ਼ਾ ਵਿਰੋਧੀ ਸਲੋਗਨ ਲਗਾਏ ਗਏ ਹਨ ਅਤੇ ਮਿਊਜ਼ਿਕ ਸਿਸਟਮ ਰਾਹੀਂ ਵੀ ਲੋਕਾਂ ਤੱਕ ਜਾਗਰੂਕਤਾ ਸੰਦੇਸ਼ ਪਹੁੰਚਾਏ ਜਾਣਗੇ। ਲੱਗਭੱਗ ਇੱਕ ਮਹੀਨੇ ਤਕ ਇਹ ਆਟੋ ਹਲਕੇ ਦੇ ਪਿੰਡਾਂ ਵਿਚ ਘੁੰਮ ਕੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਸੁਚੇਤ ਕਰਨਗੇ। ਵਿਧਾਇਕ ਚੱਢਾ ਨੇ ਦੱਸਿਆ ਕਿ ਹਰ ਆਟੋ ਉੱਤੇ ਇੱਕ ਵਿਸ਼ੇਸ਼ ਸ਼ਿਕਾਇਤ ਬਾਕਸ ਵੀ ਲਗਾਇਆ ਗਿਆ ਹੈ। ਜੇਕਰ ਕਿਸੇ ਪਿੰਡ ਵਿਚ ਕੋਈ ਵਿਅਕਤੀ ਨਸ਼ਿਆਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਤਾਂ ਕੋਈ ਵੀ ਨਾਗਰਿਕ ਗੁਪਤ ਤਰੀਕੇ ਨਾਲ ਆਪਣੀ ਸ਼ਿਕਾਇਤ ਲਿਖ ਕੇ ਇਸ ਬਾਕਸ ਵਿਚ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਿਕਾਇਤਾਂ ਕੇਵਲ ਉੱਚ ਅਧਿਕਾਰੀਆਂ ਵੱਲੋਂ ਖੋਲ੍ਹੀਆਂ ਜਾਣਗੀਆਂ ਅਤੇ ਉਨ੍ਹਾਂ ’ਤੇ ਗੁਪਤ ਤਰੀਕੇ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਹਲਕਾ ਕੋਆਰਡੀਨੇਟਰ ਅਵਤਾਰ ਸਿੰਘ ਕੂਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਮੁਹਿੰਮ ਜ਼ਮੀਨੀ ਪੱਧਰ ’ਤੇ ਸਾਰਥਕ ਨਤੀਜੇ ਲਿਆਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਕਲੱਬ ਮੈਂਬਰ, ਪੰਚਾਇਤੀ ਨੁਮਾਇੰਦਾ ਜਾਂ ਸਮਾਜ ਸੇਵੀ ਇਸ ਮੁਹਿੰਮ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਹ ਸਿੱਧਾ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਆਟੋਆਂ ਉੱਤੇ ਲਗਾਏ ਗਏ ਬੈਨਰਾਂ ਅਤੇ ਸਲੋਗਨਾਂ ’ਤੇ ਦਿੱਤੇ ਨੰਬਰਾਂ ਰਾਹੀਂ ਵੀ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਜਿਸ ’ਤੇ ਤੁਰੰਤ ਅਤੇ ਗੁਪਤ ਤਰੀਕੇ ਨਾਲ ਕਾਰਵਾਈ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਐੱਸਡੀਐੱਮ ਜਸਪ੍ਰੀਤ ਸਿੰਘ, ਡੀਐੱਸਪੀ ਦੀਪਿੰਦਰ ਸਿੰਘ, ਐੱਸਐੱਚਓ ਪਵਨ ਕੁਮਾਰ, ਐੱਸਐੱਚਐੱਚਓ ਸੰਨੀ ਖੰਨਾ, ਜ਼ਿਲ੍ਹਾ ਕੋਆਰਡੀਨੇਟਰ ਹਰਪ੍ਰੀਤ ਸਿੰਘ ਕਾਹਲੋਂ, ਵਾਈਸ ਕੋਆਰਡੀਨੇਟਰ ਗੁਰਨਾਮ ਸਿੰਘ ਲਾਡਲ, ਵਾਈਸ ਕੋਆਰਡੀਨੇਟਰ ਸ਼ਮਸ਼ੇਰ ਸਿੰਘ ਪਤਿਆਲਾ, ਅਮਰਾਓ ਸਿੰਘ ਮੱਦੋਮਾਜਰਾ, ਹੈਪੀ ਝਿੰਜੜੀ, ਸੋਹਣ ਸਿੰਘ ਦਹੀਰਪੁਰ, ਗੁਰਨਾਇਬ ਸਿੰਘ ਘੁਮਾਣ, ਹਲਕਾ ਚਮਕੌਰ ਸਾਹਿਬ ਦੇ ਵਾਈਸ ਕੋਆਰਡੀਨੇਟਰ ਕੁਲਦੀਪ ਸਿੰਘ ਗਿੱਲ, ਅਮਰ ਸਿੰਘ ਜਸਵਿੰਦਰ ਸਿੰਘ ਚਹਿੜ ਮਜਾਰਾ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਹੋਰ ਟੀਮ ਹਾਜ਼ਰ ਸੀ।