ਮੁਲਾਜ਼ਮਾਂ ਤੇ ਸਫਾਈ ਮਜ਼ਦੂਰਾਂ ਦੀ ਹੜਤਾਲ ਦੀ ਜ਼ੋਰਦਾਰ ਹਮਾਇਤ ਦਾ ਐਲਾਨ ਇਫਟੂ

ਅਮਰਜੀਤ ਧੀਮਾਨ, ਪੰਜਾਬੀ ਜਾਗਰਣ,
ਮੋਰਿੰਡਾ: ਨਗਰ ਕੌਂਸਲ ਮੋਰਿੰਡਾ ਦੇ ਅਧਿਕਾਰੀਆ ਵੱਲੋਂ ਪਿਛਲੇ ਸੱਤ ਅੱਠ ਮਹੀਨਿਆਂ ਤੋਂ ਸ਼ਹਿਰ ਦੇ ਕੂੜੇ ਕਰਕਟ ਨੂੰ ਸੁੱਟਣ/ਜਮ੍ਹਾਂ ਕਰਨ ਜਾਂ ਸੈਗਰੀਗੇਟ ਕਰਨ ਲਈ ਕੋਈ ਢੁੱਕਵੇਂ ਪ੍ਰਬੰਧ ਨਾ ਕੀਤੇ ਜਾਣ ਕਾਰਨ ਨਗਰ ਕੌਂਸਲ ਕਥਿਤ ਰੂਪ ਵਿਚ ਸਫਾਈ ਸੁਧਾਰ ਵਿਵਸਥਾ ਲਾਗੂ ਕਰਨ ਵਿਚ ਨਾਕਾਮ ਸਾਬਿਤ ਹੋਈ ਹੈ। ਉੱਥੇ ਹੀ ਹੁਣ ਬੀਤੇ ਤਿੰਨ ਦਿਨਾਂ ਤੋਂ ਸਫਾਈ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਲਈ ਕੀਤੀ ਗਈ ਹੜਤਾਲ ਕਾਰਨ ਸ਼ਹਿਰ ਕੂੜੇ ਦੇ ਢੇਰ ਵਿੱਚ ਤਬਦੀਲ ਹੁੰਦਾ ਦਿਖਾਈ ਦੇ ਰਿਹਾ ਹੈ। ਉੱਥੇ ਹੀ ਸ਼ਹਿਰ ਵਾਸੀ ਸੰਭਾਵੀ ਗੰਭੀਰ ਬਿਮਾਰੀਆਂ ਦੇ ਪ੍ਰਕੋਪ ਤੋ ਡਰ ਤੋਂ ਸਹਿਮ ਵਿਚ ਦਿਖਾਈ ਦੇ ਰਹੇ ਹਨ। ਜਿੱਥੇ ਕਿਸੇ ਵੀ ਵਕਤ ਗੰਭੀਰ ਬਿਮਾਰੀਆਂ ਸ਼ਹਿਰ ਵਾਸੀਆਂ ਨੂੰ ਆਪਣੀ ਲਪੇਟ ਵਿਚ ਲੈ ਸਕਦੀਆਂ ਹਨ।
---
ਡੰਪ ਲਈ ਜਗ੍ਹਾ ਨਾ ਮਿਲਣ ਦੀ ਗੱਲ ਕਰਕੇ ਝਾੜ ਰਹੇ ਪੱਲਾ, ਨਗਰ ਕੌਂਸਲ ਅਧਿਕਾਰੀ
ਨਗਰ ਕੌਂਸਲ ਅਧਿਕਾਰੀ ਕੂੜਾ ਡੰਪ ਲਈ ਪਿਛਲੇ ਕਈ ਮਹੀਨਿਆਂ ਤੋਂ ਜਗ੍ਹਾ ਨਾ ਮਿਲਣ ਦੀ ਗੱਲ ਕਰਕੇ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜਦੇ ਦਿਖਾਈ ਦੇ ਰਹੇ ਹਨ। ਜਦਕਿ ਗਰਮੀ ਦਾ ਮੌਸਮ ਹੋਣ ਕਾਰਨ ਸ਼ਹਿਰ ਵਿਚ ਹਰ ਪਾਸੇ ਗੰਦਗੀ ਕਾਰਨ ਮੱਖੀ ਮੱਛਰਾਂ ਦੀ ਭਰਮਾਰ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਪਰਮਿੰਦਰ ਸਿੰਘ ਬਿੱਟੂ ਕੰਗ, ਲੱਖੀ ਸ਼ਾਹ, ਮਜੀਦ ਮੋਨੂ ਖਾਨ, ਐਨਆਰਆਈ ਜੁਗਰਾਜ ਸਿੰਘ ਮਾਨਖੇੜੀ, ਤਲਵਿੰਦਰ ਸਿੰਘ ਸੰਧਾਰੀ ਮਾਜਰਾ, ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਚੱਕਲ, ਮਨਮੋਹਨ ਕੁਮਾਰ, ਗੋਲਡੀ, ਅਮਨਪ੍ਰੀਤ ਸਿੰਘ ਅਮਨਾ, ਅਮਰੀਕ ਸਿੰਘ ਮੰਡਾਂ ਅਤੇ ਹੋਰਨਾਂ ਅਨੇਕਾਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਸ਼ਹਿਰ ਵਿਚ ਮੱਖੀ ਮੱਛਰਾਂ ਦੀ ਰੋਕਥਾਮ ਲਈ ਪਿਛਲੇ ਕਰੀਬ ਦੋ ਮਹੀਨੇ ਤੋਂ ਫੌਗਿੰਗ ਵੀ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸੈਨੇਟਰੀ ਵਿਭਾਗ ਦੇ ਸਬੰਧਤ ਅਧਿਕਾਰੀ /ਕਰਮਚਾਰੀ ਫੌਗਿੰਗ ਦੇ ਨਾਂ ਤੇ ਸਿਰਫ ਕਾਗਜ਼ੀ ਖਾਨਾ ਪੂਰਤੀ ਕਰਦੇ ਹਨ। ਜਦ ਕਿ ਇਸ ਸਬੰਧ ਵਿੱਚ ਕਾਰਜ ਸਾਧਕ ਅਫ਼ਸਰ ਰਵੀ ਜਿੰਦਲ ਨੇ ਕਿਹਾ ਕਿ ਸ਼ਹਿਰ ਵਿਚ ਫੌਗਿੰਗ ਕਰਵਾਉਣ ਲਈ ਰੋਸਟਰ ਬਣਾ ਦਿੱਤਾ ਗਿਆ ਹੈ ਅਤੇ ਇੱਕ ਦੋ ਦਿਨਾਂ ਵਿਚ ਹੀ ਸ਼ਹਿਰ ਵਿਚ ਫੌਗਿੰਗ ਸ਼ੁਰੂ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਮੰਨਿਆ ਕਿਥੇ ਬੇਸ਼ੱਕ ਸ਼ਹਿਰ ਵਿਚ ਫੌਗਿੰਗ ਸ਼ੁਰੂ ਨਹੀਂ ਹੋਈ ਪ੍ਰੰਤੂ ਬੀਤੇ ਦੋ ਮਹੀਨਿਆਂ ਵਿੱਚ ਜਿੱਥੇ ਕਿਤੇ ਵੀ ਸਮਾਗਮ ਹੁੰਦੇ ਰਹੇ ਹਨ, ਸ਼ਹਿਰ ਵਾਸੀਆਂ ਦੀ ਮੰਗ ਅਨੁਸਾਰ ਲੋੜਵੰਦ ਥਾਵਾਂ ’ਤੇ ਫੌਗਿੰਗ ਕਰਵਾਈ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰ ਵਿਚ ਲਗਾਤਾਰ ਫੌਗਿੰਗ ਕਰਵਾਉਣ ਲਈ ਰੋਸਟਰ ਬਣਾ ਦਿੱਤਾ ਗਿਆ ਹੈ। ਇਸ ਸਬੰਧੀ ਪਿਛਲੇ ਮਹੀਨਿਆਂ ਦੌਰਾਨ ਨਗਰ ਕੌਂਸਲ ਵੱਲੋਂ ਕੀਤੇ ਗਏ ਖਰਚਿਆਂ ਦੇ ਵੇਰਵੇ ਸਬੰਧੀ ਪੁੱਛੇ ਜਾਣ ਤੇ ਉਨਾਂ ਉਹ ਸਪੱਸ਼ਟ ਰੂਪ ਵਿਚ ਕੋਈ ਅੰਕੜੇ ਨਹੀਂ ਦੱਸ ਸਕਦੇ।
----
ਨਗਰ ਕੌਂਸਲ ਵੱਲੋਂ ਇੱਕ ਸਾਲ ਤੋਂ ਨਹੀਂ ਹੋ ਰਿਹਾ ਡੰਪ ਦੀ ਜਗ੍ਹਾ ਦਾ ਪ੍ਰਬੰਧ-
ਨਗਰ ਕੌਂਸਲ ਵੱਲੋਂ ਕੂੜੇ ਡੰਪ ਲਈ ਲਈ ਗਈ ਜ਼ਮੀਨ ਦਾ ਠੇਕਾ ਅਪ੍ਰੈਲ 2025 ਵਿਚ ਖਤਮ ਹੋ ਚੁੱਕਾ ਸੀ, ਜਿਸ ਉਪਰੰਤ ਨਗਰ ਕੌਂਸਲ ਵੱਲੋਂ ਕੂੜਾ ਡੰਪ ਬਣਾਉਣ ਲਈ ਕੁਝ ਮਹੀਨੇ ਪਹਿਲਾਂ ਭਟੇੜੀ ਵਿਖੇ ਇੱਕ ਕਿਸਾਨ ਤੋਂ ਕੂੜਾ ਡੰਪ ਲਈ ਜ਼ਮੀਨ ਵੀ ਠੇਕੇ ’ਤੇ ਲਈ ਗਈ ਸੀ ਅਤੇ ਇਸ ਸਬੰਧੀ ਜ਼ਮੀਨ ਮਾਲਕ ਨੂੰ ਲੱਖਾਂ ਰੁਪਏ ਦੀ ਅਦਾਇਗੀ ਵੀ ਕਰ ਦਿੱਤੀ ਗਈ ਸੀ। ਪਰੰਤੂ ਉਥੋਂ ਦੇ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਕੂੜਾ ਕਰਕਟ ਅਤੇ ਪੋਲੀਥੀਨ ਲਿਫਾਫੇ ਉਡ ਕੇ ਦੂਰ ਦੂਰ ਤੱਕ ਲੋਕਾਂ ਦੇ ਖੇਤਾਂ ਵਿਚ ਜਾਣ ਕਾਰਨ ਰੋਸ ਧਰਨਾ ਦੇ ਦਿੱਤਾ ਗਿਆ ਜੋ ਕਰੀਬ ਇਕ ਮਹੀਨਾ ਜਾਰੀ ਰਿਹਾ। ਜਿਸ ਕਾਰਨ ਨਗਰ ਕੌਂਸਲ ਵੱਲੋਂ ਉੱਥੇ ਕੂੜਾ ਡੰਪ ਨਹੀਂ ਕਰਨ ਦਿੱਤਾ ਗਿਆ ਇਸ ਸਬੰਧੀ ਸ਼ਹਿਰ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਨਗਰ ਕੌਂਸਲ ਅਧਿਕਾਰੀ ਬਿਨਾਂ ਕੋਈ ਸੋਚ ਵਿਚਾਰ ਕੀਤੇ ਨਗਰ ਕੌਂਸਲ ਦਾ ਲੱਖਾਂ ਰੁਪਏ ਬਰਬਾਦ ਕਰ ਰਹੇ ਹਨ ਅਤੇ ਨਤੀਜਾ ਸਿਫਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵੱਲੋਂ ਕੂੜਾ ਪ੍ਰਬੰਧਨ ਦੇ ਨਾਂ ਤੇ ਲੱਖਾਂ ਰੁਪਏ ਹਰ ਮਹੀਨੇ ਬਰਬਾਦ ਕੀਤੇ ਜਾ ਰਹੇ ਹਨ। ਜਦਕਿ ਜੇਕਰ ਨਗਰ ਕੌਂਸਲ ਵੱਲੋਂ ਸੂਝ ਅਤੇ ਸਿਆਣਪ ਤੋਂ ਕੰਮ ਲਿਆ ਹੁੰਦਾ ਤਾਂ ਨਗਰ ਕੌਂਸਲ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਸੀ।
---
ਹੁਣ ਸਫ਼ਾਈ ਕਰਮਚਾਰੀਆਂ ਦੀ ਹੋਈ ਅਣਮਿੱਥੇ ਸਮੇਂ ਲਈ ਹੜਤਾਲ
ਉੱਧਰ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਹੋਰ ਫੈਲੀ ਗੰਦਗੀ ਨੂੰ ਲੈ ਕੇ ਵੀ ਸ਼ਹਿਰ ਵਾਸੀ ਚਿੰਤਾ ਵਿਚ ਹਨ। ਇੱਕ ਸੈਨਟਰੀ ਇੰਸਪੈਕਟਰ ਅਨੁਸਾਰ ਸ਼ਹਿਰ ਵਿਚ 15 ਟਨ ਤੋਂ ਵੱਧ ਕੂੜਾ ਰੋਜ਼ਾਨਾ ਪੈਦਾ ਹੁੰਦਾ ਹੈ ਅਤੇ ਜੇਕਰ ਕੂੜੇ ਦੇ ਸ਼ਹਿਰ ਵਿਚ ਲੱਗੇ ਪਹਿਲੇ ਕੂੜੇ ਦੇ ਢੇਰਾਂ ਨੂੰ ਇੱਕ ਪਾਸੇ ਰੱਖ ਦਿੱਤਾ ਜਾਵੇ ਤਾਂ ਤਿੰਨ ਦਿਨਾਂ ਵਿਚ ਹੀ 50 ਟਨ ਤੋਂ ਵੱਧ ਕੂੜਾ ਇਕੱਠਾ ਹੋ ਚੁੱਕਾ ਹੈ।
==================
ਸ਼ਹਿਰ ਵਾਸੀਆਂ ਨੂੰ ਉਮੀਦਾਂ ਸਿਰਫ ਐੱਸਡੀਐੱਮ ਤੋਂ
ਹੁਣ ਸ਼ਹਿਰ ਵਾਸੀਆਂ ਦੀਆਂ ਨਿਗਾਹਾਂ ਅਤੇ ਉਮੀਦਾਂ ਨਗਰ ਕੌਂਸਲ ਦੇ ਨਵੇਂ ਪ੍ਰਸ਼ਾਸਨਿਕ ਅਧਿਕਾਰੀ ਉੱਤੇ ਟਿਕੀਆਂ ਹਨ। ਬੀਤੇ ਦਿਨੀ ਨਗਰ ਕੌਂਸਲ ਦੇ ਚੁਣੇ ਗਏ ਹਾਊਸ ਦੀ ਟਰਮ ਪੂਰੀ ਹੋ ਜਾਣ ਕਾਰਨ ਨਗਰ ਕੌਂਸਲ ਦਾ ਸਮੁੱਚਾ ਪ੍ਰਬੰਧ ਪ੍ਰਸ਼ਾਸਕ-ਕਮ- ਐੱਸਡੀਐੱਮ ਮੋਰਿੰਡਾ ਦੀ ਦੇਖਰੇਖ ਵਿਚ ਆ ਗਿਆ ਹੈ। ਲੋਕਾਂ ਨੂੰ ਪ੍ਰਸ਼ਾਸਕ-ਕਮ-ਐੱਸਡੀਐੱਮ ਮੋਰਿੰਡਾ ਚੇਤਨ ਬੰਗੜ ਤੋਂ ਕਾਫੀ ਉਮੀਦਾਂ ਹਨ ਕਿ ਜਿਸ ਕਾਰਜ ਲਈ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਜਾਂ ਹੋਰ ਅਧਿਕਾਰੀ ਬੁਰੀ ਤਰ੍ਹਾਂ ਨਾਲ ਫੇਲ ਹੋਏ ਹਨ, ਐਸਡੀਐਮ ਸ੍ਰੀ ਚੇਤਨ ਬੰਗੜ ਇਸ ਦਾ ਜਲਦੀ ਹੱਲ ਕੱਢਣਗੇ।