ਸਫਾਈ ਸੇਵਕਾਂ ਵੱਲੋਂ ਦੂਜੇ ਦਿਨ ਵੀ ਹੜਤਾਲ ਜਾਰੀ, ਸ਼ਹਿਰ ’ਚ ਲੱਗੇ ਕੂੜੇ ਦੇ ਢੇਰ
ਸਫਾਈ ਸੇਵਕਾਂ ਵੱਲੋਂ ਦੂਜੇ ਦਿਨ ਵੀ ਹੜਤਾਲ ਜਾਰੀ, ਸ਼ਹਿਰ ’ਚ ਲੱਗੇ ਕੂੜੇ ਦੇ ਢੇਰ
Publish Date: Thu, 07 May 2026 04:05 PM (IST)
Updated Date: Thu, 07 May 2026 04:08 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਮਿਊਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਨਗਰ ਕੌਂਸਲ ਮੋਰਿੰਡਾ ਦੇ ਸਫ਼ਾਈ ਸੇਵਕਾਂ ਵੱਲੋਂ ਯੂਨੀਅਨ ਦੇ ਪ੍ਰਧਾਨ ਰਾਮਗੋਪਾਲ ਰਾਜਪੂਤ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਗਈ ਹੜ੍ਹਤਾਲ ਦੂਜੇ ਦਿਨ ਵਿਚ ਦਾਖਲ ਹੋ ਗਈ ਹੈ। ਇਸੇ ਦੌਰਾਨ ਮਿਊਂਸੀਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਹਸਨ ਖਾਨ ਨੇ ਸਫਾਈ ਸੇਵਕਾਂ ਦੀ ਹੜ੍ਹਤਾਲ ਦਾ ਸਮਰਥਨ ਕੀਤਾ। ਇਸ ਮੌਕੇ ਹੜ੍ਹਤਾਲ ਦੇ ਦੂਜੇ ਦਿਨ ਵੀ ਸਮੂਹ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਪ੍ਰਸ਼ਾਸਨ ਦੇ ਅੜੀਅਲ ਵਤੀਰੇ ਖ਼ਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਸ਼ਹਿਰ ਦੀ ਸਫ਼ਾਈ ਵਿਵਸਥਾ ਮੁਕੰਮਲ ਰੂਪ ਵਿਚ ਠੱਪ ਕਰ ਦਿੱਤੀ। ਇਸ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕੂੜੇ ਦੇ ਵੱਡੇ ਢੇਰ ਲੱਗ ਗਏ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਮ ਗੋਪਾਲ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਸ਼ੁਕਰਾਨਾ ਯਾਤਰਾ ਕਰ ਰਹੇ ਹਨ, ਪ੍ਰੰਤੂ ਪੰਜਾਬ ਭਰ ਦੇ ਸ਼ਹਿਰਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਸੇਵਕਾਂ ਦੀ ਮੁੱਖ ਮੰਤਰੀ ਵੱਲੋਂ ਕੋਈ ਸਾਰ ਨਹੀ ਲਈ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਯੂਨੀਅਨ ਵੱਲੋਂ ਸਰਕਾਰ ਕੋਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਮੰਗਿਆ ਜਾਂਦਾ ਹੈ, ਪ੍ਰੰਤੂ ਹਾਲੇ ਤੱਕ ਸਰਕਾਰ ਵੱਲੋਂ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਟਾਲ-ਮਟੋਲ ਵਾਲੇ ਰਵੱਈਏ ਕਾਰਨ ਸਮੂਹ ਪੰਜਾਬ ਦੇ ਸਫਾਈ ਸੇਵਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਧਰ ਹੜ੍ਹਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਸਫਾਈ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਲਈ ਹੜ੍ਹਤਾਲ ’ਤੇ ਜਾਣ ਕਾਰਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਸਫਾਈ ਸੇਵਕਾਂ ਨੇ ਸਾਫ਼ ਕਿਹਾ ਹੈ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਇਹ ਹੜ੍ਹਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਵਾਈਸ ਪ੍ਰਧਾਨ ਗੁਰਜੀਤ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ, ਖ਼ਜ਼ਾਨਚੀ ਦੀਪਕ, ਪਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਫਾਈ ਸੇਵਕ ਹਾਜ਼ਰ ਸਨ।