ਜੀਟੀਯੂ ਨੇ ਮੰਗਾਂ ਸਬੰਧੀ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ
ਜੀਟੀਯੂ ਨੇ ਅਧਿਆਪਕ ਮੰਗਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਨੂੰ ਸੌਂਪਿਆ ਮੰਗ ਪੱਤਰ
Publish Date: Wed, 06 May 2026 04:33 PM (IST)
Updated Date: Wed, 06 May 2026 04:35 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਨੇ ਪੰਜਾਬ ਦੇ ਅਧਿਆਪਕਾਂ ਦੀਆਂ ਭੱਖਵੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਸੂਬਾਈ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਸੌਂਪਿਆ। ਇਸ ਤੋਂ ਪਹਿਲਾਂ ਕੀਤੀ ਮੀਟਿੰਗ ਵਿਚ ਅਧਿਆਪਕ ਆਗੂਆਂ ਨੇ 3704, 2392, 4161 ਭਰਤੀ ਦੇ ਰਿਕਾਸਟ ਲਿਸਟਾਂ ਜਾਰੀ ਹੋਣ ਉਪਰੰਤ ਮੈਰਿਟ ਲਿਸਟਾਂ ਵਿੱਚੋਂ ਬਾਹਰ ਕੀਤੇ ਅਧਿਆਪਕਾਂ ਨੂੰ ਤੁਰੰਤ ਮੈਰਿਟ ਲਿਸਟ ਵਿਚ ਸ਼ਾਮਿਲ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਸਮੂਹ ਅਧਿਆਪਕਾਂ ’ਤੇ ਪੰਜਾਬ ਦਾ ਪੇ ਸਕੇਲ ਲਾਗੂ ਕਰਨ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੀਆਂ ਅਸਾਮੀਆਂ ਦੀ ਸਮੂਹ ਸਕੂਲਾਂ ਵਿਚ ਬਰਾਬਰ ਵੰਡ ਕਰਕੇ ਜਲਦ ਤੋਂ ਜਲਦ ਬਦਲੀਆਂ ਦਾ ਪੋਰਟਲ ਖੋਲ੍ਹਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ਼ ਕਰਨ, ਬਾਰਡਰ ਏਰੀਆ ਭੱਤਾ ਅਤੇ ਪੇਂਡੂ ਭੱਤਾ ਸਮੇਤ 37 ਤਰ੍ਹਾਂ ਦੇ ਬੰਦ ਕੀਤੇ ਭੱਤੇ ਬਹਾਲ ਕਰਨ, ਏਸੀਪੀ ਅਧੀਨ ਸਕੀਮ ਤੁਰੰਤ ਬਹਾਲ ਕਰਨ, ਡੀਏ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕਰਨ, ਤਨਖਾਹ ਕਮਿਸ਼ਨ ਦਾ ਬਕਾਇਆ ਜਾਰੀ ਕਰਨ ਅਤੇ ਸਮੂਹ ਕੱਚੇ ਤੇ ਆਊਟਸੋਰਸ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ਼ ਕਰਨ ਦੀ ਮੰਗ ਕੀਤੀ। ਅਧਿਆਪਕਾਂ ਨੇ ਮੰਗ ਪੱਤਰ ਸੌਂਪਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਹੋਰ ਅਧਿਆਪਕ ਮਸਲਿਆਂ ਬਾਰੇ ਵੀ ਗੱਲਬਾਤ ਕੀਤੀ। ਇਸ ਮੌਕੇ ਅਵਤਾਰ ਸਿੰਘ ਜਵੰਦਾ, ਸੰਜੀਵ ਮੋਠਾਪੁਰ, ਸੁਖਵਿੰਦਰ ਸਿੰਘ, ਜੋਗਿੰਦਰ ਜੋਗਾ 4161, ਹਰਭਜਨ ਸਿੰਘ ਧਨੇੜਾ, ਜੋਤੀ ਟਿੱਬਾ ਟੱਪਰੀਆਂ, ਵੀਨਾ ਰਾਣੀ ਗੰਗੂਵਾਲ, ਅੰਕੁਸ਼ ਕੁਮਾਰ 6635, ਅੰਮ੍ਰਿਤਪਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।