ਜਾਇਦਾਦ ਹੜੱਪਣ ਦੇ ਦੋਸ਼ ’ਚ ਸਕੇ ਭਰਾ ਵਿਰੁੱਧ ਮਾਮਲਾ ਦਰਜ
ਪੁਲਿਸ ਵੱਲੋਂ ਜਾਇਦਾਦ ਹੜੱਪਣ ਦੇ ਦੋਸ਼ ਵਿਚ ਸਕੇ ਭਰਾ ਵਿਰੁੱਧ ਮਾਮਲਾ ਦਰਜ
Publish Date: Wed, 06 May 2026 03:17 PM (IST)
Updated Date: Wed, 06 May 2026 03:20 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਪੁਲਿਸ ਥਾਣਾ ਸਿਟੀ ਮੋਰਿੰਡਾ ਦੀ ਪੁਲਿਸ ਨੇ ਇੱਕ ਵਿਅਕਤੀ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਦੀ ਪੜ੍ਹਤਾਲ ਉਪਰੰਤ ਉਸ ਦੇ ਹੀ ਸਕੇ ਭਰਾ ਵਿਰੁੱਧ ਜਾਇਦਾਦ ਸਬੰਧੀ ਧੋਖਾਧੜੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਗੁਰਮੁੱਖ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੋਹਨ ਲਾਲ ਪੁੱਤਰ ਰਾਮ ਪ੍ਰਸਾਦ, ਵਾਸੀ ਪੁਰਾਣੀ ਬੱਸੀ ਰੋਡ ਮੋਰਿੰਡਾ ਨੇ ਦੱਸਿਆ ਕਿ ਉਸ ਨੇ ਆਪਣੇ ਦੋ ਭਰਾਵਾਂ ਧਰਮਪਾਲ ਅਤੇ ਭੂਸ਼ਣ ਕੁਮਾਰ ਨਾਲ ਮਿਲ ਕੇ ਸਾਲ 2000 ਵਿਚ ਸ਼ੇਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਵਾਰਡ ਨੰਬਰ-4 ਮੋਰਿੰਡਾ ਤੋਂ ਮੋਰਿੰਡਾ ਇਲਾਕੇ ਵਿਚ ਇੱਕ ਜਾਇਦਾਦ ਸਾਂਝੇ ਤੌਰ ’ਤੇ ਖਰੀਦੀ ਸੀ, ਜਿਸ ’ਤੇ ਉਹ ਕਾਬਜ਼ ਹਨ। ਉਸ ਨੇ ਦੱਸਿਆ ਕਿ ਇਸ ਜਾਇਦਾਦ ਦੀ ਰਜਿਸਟਰੀ ਤਿੰਨਾਂ ਭਰਾਵਾਂ ਦੇ ਨਾਮ ’ਤੇ ਸੀ ਪ੍ਰੰਤੂ ਕਿਸੇ ਕਾਰਨ ਮਾਲ ਵਿਭਾਗ ਦੇ ਰਿਕਾਰਡ ਵਿਚ ਇੰਤਕਾਲ ਦਰਜ ਨਹੀਂ ਹੋ ਸਕਿਆ ਸੀ। ਮੋਹਨ ਲਾਲ ਨੇ ਦੱਸਿਆ ਕਿ ਉਸ ਦੇ ਭਰਾ ਭੂਸ਼ਣ ਕੁਮਾਰ ਨੇ ਆਪਣੇ ਭਰਾਵਾਂ ਨੂੰ ਭਰੋਸੇ ਵਿਚ ਰੱਖਿਆ ਕਿ ਉਹ ਇੰਤਕਾਲ ਦਰਜ ਕਰਵਾ ਲਵੇਗਾ ਪ੍ਰੰਤੂ ਇਸੇ ਦੌਰਾਨ ਉਸ ਨੇ ਕਥਿਤ ਤੌਰ ’ਤੇ ਇਕ ਸਾਜ਼ਿਸ਼ ਤਹਿਤ ਜਾਇਦਾਦ ਦੇ ਪੁਰਾਣੇ ਮਾਲਕ ਸ਼ੇਰ ਸਿੰਘ ਦੇ ਵਾਰਸਾਂ ਪ੍ਰੀਤਅਰਸ਼ ਸਿੰਘ, ਦਮਨਜੋਤ ਸਿੰਘ, ਸੁਰਿੰਦਰ ਕੌਰ ਅਤੇ ਅਨੁਰੀਤ ਕੌਰ ਨਾਲ ਮਿਲ ਕੇ 12 ਨਵੰਬਰ, 2025 ਨੂੰ ਉਸੇ ਜਾਇਦਾਦ ਦੀ ਇੱਕ ਹੋਰ ਨਵੀਂ ਰਜਿਸਟਰੀ ਇਕੱਲੇ ਆਪਣੇ ਨਾਮ ਕਰਵਾ ਲਈ। ਇਸ ਤਰ੍ਹਾਂ ਉਸ ਨੇ ਆਪਣੇ ਦੂਜੇ ਦੋਵਾਂ ਭਰਾਵਾਂ ਦਾ ਹੱਕ ਮਾਰ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ। ਐੱਸਐੱਚਓ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਗੁਰਜੀਤ ਸਿੰਘ ਡੀਐੱਸਪੀ ਸਬ ਡਵੀਜ਼ਨ ਮੋਰਿੰਡਾ ਵੱਲੋਂ ਕੀਤੀ ਗਈ ਅਤੇ ਐੱਸਐੱਸਪੀ ਰੂਪਨਗਰ ਵੱਲੋਂ ਜਾਂਚ ਰਿਪੋਰਟ ਦੇ ਆਧਾਰ ਜਿਸ ਦੌਰਾਨਤੇ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਗਏ, ਜਿਸ ਅਨੁਸਾਰ ਮੋਰਿੰਡਾ ਸਿਟੀ ਪੁਲਿਸ ਨੇ ਭੂਸ਼ਣ ਕੁਮਾਰ ਪੁੱਤਰ ਰਾਮ ਪ੍ਰਸ਼ਾਦ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸਬ-ਇੰਸਪੈਕਟਰ ਕਸ਼ਮੀਰੀ ਲਾਲ ਨੂੰ ਸੌਂਪ ਦਿੱਤੀ ਗਈ ਹੈ।