ਵਾਰਡ-13 ’ਚ ਬੈਠੀਆਂ ਕਈ ਘਰਾਂ ਦੀਆਂ ਕੰਧਾਂ, ਡਰ ਦੇ ਸਾਏ ਹੇਠ ਰਾਤਾਂ ਕੱਟਦੇ ਨੇ ਪੀੜਤ ਪਰਿਵਾਰ
ਵਾਰਡ 13 ਦੇ ਮੁਹੱਲੇ ਚ ਦਬੀਆਂ ਕਈ ਘਰਾਂ ਦੀਆਂ ਕੰਧਾਂ, ਡਰ ਦੇ ਸਾਏ ਹੇਠ, ਰਾਤਾਂ ਕੱਟਦੇ ਹਨ ਪੀੜਤ ਪਰਿਵਾਰ
Publish Date: Sun, 03 May 2026 06:43 PM (IST)
Updated Date: Sun, 03 May 2026 06:44 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਨਗਰ ਕੌਂਸਲ ਦੇ ਅਧਿਕਾਰੀਆਂ ਦੀ ਕਥਿਤ ਲਾਪ੍ਰਵਾਹੀ ਦਾ ਖਮਿਆਜ਼ਾ ਵਾਰਡ ਨੰਬਰ 13 ਦੇ ਕਈ ਪਰਿਵਾਰ ਭੁਗਤ ਰਹੇ ਹਨ, ਜਿਨ੍ਹਾਂ ਦੇ ਘਰਾਂ ਦੀਆਂ ਕੰਧਾਂ ਬੈਠ ਗਈਆਂ ਹਨ ਅਤੇ ਉਨ੍ਹਾਂ ਦੇ ਸਿਰ ’ਤੇ ਹਰ ਸਮੇਂ ਮਕਾਨ ਡਿੱਗਣ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ। ਉਕਤ ਮੁਹੱਲੇ ਦੇ ਪ੍ਰਭਾਵਿਤ ਵਾਸੀਆਂ ਦਾ ਕਹਿਣਾ ਹੈ ਕਿ ਉਹ ਰਾਤਾਂ ਜਾਗ ਕੇ ਅਤੇ ਡਰ ਦੇ ਸਾਏ ਵਿਚ ਕੱਟ ਰਹੇ ਹਨ। ਜਦਕਿ ਇੱਕ ਪਰਿਵਾਰ ਵਾਲਿਆਂ ਦਾ ਤਾਂ ਇਹ ਕਹਿਣਾ ਹੈ ਕਿ ਉਹ ਤਾਂ ਹੁਣ ਆਪਣੇ ਘਰ ਦੇ ਅੰਦਰ ਸੌਂਣ ਦੀ ਥਾਂ ਗੁਆਂਢੀਆਂ ਦੇ ਘਰਾਂ ਵਿਚ ਸੌਂਣ ਲਈ ਮਜਬੂਰ ਹੋ ਗਏ ਹਨ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਇਸ ਮਹੱਲੇ ਵਿਚ ਲਗਭਗ ਚਾਰ ਮਕਾਨਾਂ ਦੀਆਂ ਕੰਧਾਂ ਬੈਠ ਗਈਆਂ ਹਨ ਅਤੇ ਉਨ੍ਹਾਂ ਕੰਧਾਂ ਦੱਬਣ ਦਾ ਕਾਰਨ ਨੀਹਾਂ ਵਿਚ ਪੈ ਰਿਹਾ ਸੀਵਰੇਜ ਦਾ ਗੰਦਾ ਪਾਣੀ ਦੱਸਿਆ। ਇਸ ਸਬੰਧੀ ਦਬ ਰਹੇ ਮਕਾਨਾਂ ਦੇ ਮਾਲਕਾਂ ਅਤੇ ਮੁਹੱਲਾ ਵਾਸੀਆਂ ਅਮਨਪ੍ਰੀਤ ਸਿੰਘ, ਕਮਲਜੀਤ ਸਿੰਘ, ਸੇਵਾਮੁਕਤ ਮੈਨੇਜਰ ਗੁਰਦੀਪ ਸਿੰਘ, ਹਰਸਿਮਰਨ ਸਿੰਘ, ਪ੍ਰੀਤਮ ਚੰਦ, ਗੁਰਪ੍ਰੀਤ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਭੁਪਿੰਦਰ ਕੌਰ ਆਦਿ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਮੱਸਿਆ ਪਿਛਲੇ ਲਗਭਗ ਇੱਕ ਸਾਲ ਤੋਂ ਆ ਰਹੀ ਹੈ ਅਤੇ ਉਹ ਉਦੋਂ ਦੇ ਹੀ ਨਗਰ ਕੌਂਸਲ ਅਧਿਕਾਰੀਆਂ ਕੋਲ ਫਰਿਆਦ ਕਰ ਕੇ ਥੱਕ ਹਾਰ ਚੁੱਕੇ ਹਨ। ਸੇਵਾਮੁਕਤ ਮੈਨੇਜਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਮਕਾਨ ਬੜੀਆਂ ਰੀਝਾਂ ਨਾਲ ਬਣਾਇਆ ਸੀ ਅਤੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਦੀ ਪੂੰਜੀ ਮਕਾਨ ’ਤੇ ਲਗਾ ਦਿੱਤੀ ਸੀ। ਜਦਕਿ ਹੁਣ ਉਨ੍ਹਾਂ ਦਾ ਮਕਾਨ ਡਿੱਗਣ ਕਿਨਾਰੇ ਪਿਆ ਹੈ ਅਤੇ ਕਦੇ ਵੀ ਮੰਦਭਾਗੀ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਅਤੇ ਹੋਰਨਾਂ ਮਹੱਲਾ ਵਾਸੀਆਂ ਨੇ ਦੱਸਿਆ ਕਿ ਜਦੋਂ ਕਿਤੇ ਰਾਤ ਨੂੰ ਥੋੜ੍ਹਾ ਜਿਹਾ ਖਟਾਕ ਵੀ ਹੁੰਦਾ ਹੈ ਤਾਂ ਉਹ ਸਹਿਮ ਜਾਂਦੇ ਹਨ ਅਤੇ ਉਨ੍ਹਾਂ ਦੇ ਮਨ ਵਿਚ ਸਭ ਤੋਂ ਪਹਿਲਾਂ ਇਹ ਗੱਲ ਆਉਂਦੀ ਹੈ ਕਿ ਕਿਤੇ ਕੋਈ ਮਕਾਨ ਦਾ ਕੋਨਾ ਤਾਂ ਨਹੀਂ ਡਿੱਗ ਪਿਆ। ਉਹ ਪਿਛਲੇ ਲਗਭਗ ਇੱਕ ਸਾਲ ਤੋਂ ਨਗਰ ਕੌਂਸਲ ਅਧਿਕਾਰੀਆਂ ਕੋਲ ਗੁਹਾਰ ਲਗਾ ਚੁੱਕੇ ਹਨ। ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ, ਜਦਕਿ ਉਹ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵੀ ਅਨੇਕਾਂ ਵਾਰ ਮਿਲ ਚੁੱਕੇ ਹਨ। ----- - ਡੀਸੀ ਤੋਂ ਦਖਲ ਦੇਣ ਦੀ ਕੀਤੀ ਮੰਗ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਉਨ੍ਹਾਂ ਦੇ ਮਕਾਨ ਠੀਕ ਕਰਵਾਉਣ ਲਈ ਨਗਰ ਕੌਂਸਲ ਤੋਂ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ। ਉੱਥੇ ਹੀ ਉਨ੍ਹਾਂ ਸਖਤ ਲਹਿਜੇ ਵਿਚ ਕਿਹਾ ਕਿ ਜੇਕਰ ਕਿਸੇ ਵੀ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਿੱਧੇ ਤੌਰ ’ਤੇ ਕਾਰਜ ਸਾਧਕ ਅਫਸਰ, ਹੋਰ ਸਬੰਧਿਤ ਅਧਿਕਾਰੀ ਅਤੇ ਪ੍ਰਸ਼ਾਸਨ ਜ਼ਿੰਮੇਦਾਰ ਹੋਵੇਗਾ। ਇਸ ਸਬੰਧੀ ਪੀੜਤ ਲੋਕਾਂ, ਅਨੇਕਾਂ ਸ਼ਹਿਰ ਵਾਸੀਆਂ ਅਤੇ ਸ਼ਹਿਰ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਚੱਕਲ, ਸਾਬਕਾ ਕੌਂਸਲਰ ਜਗਪਾਲ ਸਿੰਘ ਜੋਲੀ, ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਸੀਨੀਅਰ ਅਕਾਲੀ ਆਗੂ ਜੁਗਰਾਜ ਸਿੰਘ ਮਾਨਖੇੜੀ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰਾ ਯੂਥ ਅਕਾਲੀ ਆਗੂ ਲੱਖੀ ਸ਼ਾਹ ਅਤੇ ਇਲਾਕੇ ਦੇ ਹੋਰਨਾਂ ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਮੋਰਿੰਡਾ ਵਿਖੇ ਕਾਰਜ ਸਾਧਕ ਅਫਸਰ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਏ। ਇਸ ਮਾਮਲੇ ਸਬੰਧੀ ਜਦੋਂ ਨਗਰ ਕੌਂਸਲ ਦੇ ਈਓ ਰਵੀ ਜਿੰਦਲ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਹਾਲਾਂਕਿ, ਐੱਸਡੀਐੱਮ ਚੇਤਨ ਬੰਗੜ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਬੰਧਿਤ ਪਰਿਵਾਰ ਉਨ੍ਹਾਂ ਨੂੰ ਕਿਸੇ ਵੀ ਸਮੇਂ ਮਿਲ ਕੇ ਆਪਣੀ ਸਮੱਸਿਆ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਪੀੜਤ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।