ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮੌਕੇ ਸਮਾਗਮ ਕਰਵਾਇਆ
ਬੁਲੰਦ ਪ੍ਰੈੱਸ ਕਲੱਬ ਵੱਲੋਂ ਵਿਸ਼ਵ ਪ੍ਰੈੱਸ ਅਜ਼ਾਦੀ ਦਿਵਸ ਮੌਕੇ ਵਿਸ਼ੇਸ਼ ਸਮਾਗਮ ਆਯੋਜਿਤ
Publish Date: Sun, 03 May 2026 04:48 PM (IST)
Updated Date: Sun, 03 May 2026 04:50 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ : ਬੁਲੰਦ ਪ੍ਰੈੱਸ ਕਲੱਬ ਸ੍ਰੀ ਚਮਕੌਰ ਸਾਹਿਬ ਵੱਲੋਂ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਵਿਚ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਨ ਦੀ ਰਸਮ ਨਾਲ ਹੋਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਖਜ਼ਾਨਚੀ, ਪ੍ਰੈੱਸ ਕਲੱਬ ਚੰਡੀਗੜ੍ਹ, ਬਾਬਾ ਸੁਖਪਾਲ ਸਿੰਘ ਭੈਰੋ ਮਾਜਰੇ ਵਾਲੇ, ਡਾ. ਰਾਜਪਾਲ ਸਿੰਘ ਚੌਧਰੀ, ਡਾ. ਵਿਪਨ ਸ਼ਰਮਾ ਜਨਰਲ ਸਕੱਤਰ, ਆਲ ਇੰਡੀਆ ਮੀਡੀਆ ਫੈੱਡਰੇਸ਼ਨ, ਹਰਤੇਜ ਸਿੰਘ ਤੇਜੀ, ਅਰੁਣ ਪਾਠਕ, ਅਜੇ ਮਲਹੋਤਰਾ ਅਤੇ ਮਨਜਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਜਗਤਾਰ ਸਿੰਘ ਭੁੱਲਰ ਨੇ ਕਿਹਾ ਕਿ ਪ੍ਰੈੱਸ ਦੀ ਆਜ਼ਾਦ ਹਸਤੀ ਲੋਕਤੰਤਰ ਦੀ ਮੁੱਢਲੀ ਸ਼ਰਤ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਤਾ ਸਮਾਜ ਦੇ ਪ੍ਰਤੀ ਨਿਆਂਪਾਲਿਕਾ ਵਾਂਗ ਜ਼ਿੰਮੇਵਾਰ ਭੂਮਿਕਾ ਨਿਭਾਉਂਦੀ ਹੈ ਅਤੇ ਇਸ ਖੇਤਰ ਵਿਚ ਕਈ ਚੁਣੌਤੀਆਂ ਦੇ ਬਾਵਜੂਦ ਸੱਚਾਈ ਨੂੰ ਸਾਹਮਣੇ ਲਿਆਉਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੱਤਰਕਾਰਤਾ ਨੂੰ ਕਿੱਤੇ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਲਈ ਭਾਸ਼ਣ ਅਤੇ ਡਰਾਇੰਗ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਲੇ ਵਿਚ ਗੁਰਸਿਮਰਨ ਕੌਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ, ਪਿੱਪਲ ਮਾਜਰਾ ਨੇ ਪਹਿਲਾ, ਸੀਰਤਪ੍ਰੀਤ ਕੌਰ ਜੀਨੀਅਸ ਇੰਟਰਨੈਸ਼ਨਲ ਸਕੂਲ, ਸੋਲਖੀਆਂ ਨੇ ਦੂਜਾ ਅਤੇ ਹਰਸ਼ਦੀਪ ਕੌਰ, ਸੰਤ ਬਾਬਾ ਪਿਆਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਡਰਾਇੰਗ ਮੁਕਾਬਲੇ ਵਿਚ ਆਯੂਸ਼ ਸੰਗਰ ਹਿਮਾਲਿਆ ਪਬਲਿਕ ਸਕੂਲ, ਮੁਜਾਫਤ ਪਹਿਲੇ, ਸੰਜਨਾ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਦੂਜੇ ਅਤੇ ਸਤਿੰਦਰਦੀਪ ਕੌਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ, ਪਿੱਪਲ ਮਾਜਰਾ ਤੀਜੇ ਸਥਾਨ ’ਤੇ ਰਹੇ। ਸੰਸਕ੍ਰਿਤਿਕ ਪੇਸ਼ਕਾਰੀਆਂ ਵਿਚ ਗੁਰਕੀਰਤ ਕੌਰ ਅਤੇ ਸੁਖਮਨੀ ਕੌਰ ਵੱਲੋਂ ਭਾਸ਼ਣ ਪੇਸ਼ ਕੀਤਾ ਗਿਆ, ਜਦਕਿ ਸੁਖਮਨਪ੍ਰੀਤ ਕੌਰ ਨੇ ਫਾਰਸੀ ਅਤੇ ਪੰਜਾਬੀ ਵਿਚ ਜਫਰਨਾਮਾ ਸੁਣਾਇਆ। ਪ੍ਰੋਗਰਾਮ ਦੇ ਜੱਜਾਂ ਵਜੋਂ ਡਾ. ਅੰਮ੍ਰਿਤਾ ਸੇਖੋਂ ਅਤੇ ਅਮਨਪ੍ਰੀਤ ਕੌਰ ਨੇ ਭੂਮਿਕਾ ਨਿਭਾਈ, ਜਦਕਿ ਸਟੇਜ ਸੰਚਾਲਨ ਸੁਖਵਿੰਦਰ ਕੌਰ ਨੇ ਕੀਤਾ। ਇਸ ਮੌਕੇ ਬੁਲੰਦ ਪ੍ਰੈੱਸ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਕਲਸੀ ਨੇ ਸਾਰੇ ਮਹਿਮਾਨਾਂ, ਸਕੂਲਾਂ ਅਤੇ ਸਟਾਫ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਇਲਾਕੇ ਦੇ ਪੱਤਰਕਾਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾ ਕੇ ਪ੍ਰੈੱਸ ਆਜ਼ਾਦੀ ਦਿਵਸ ਨੂੰ ਯਾਦਗਾਰ ਬਣਾਇਆ।