ਵਿਧਾਇਕ ਚੱਢਾ ਨੇ ਪਾਈਪਲਾਈਨ ਵਿਛਾਉਣ ਲਈ ਪੁਲ ਦੇ ਕੰਮ ਦਾ ਰੱਖਿਆ ਨੀਂਹ ਪੱਥਰ
ਵਿਧਾਇਕ ਚੱਢਾ ਨੇ ਪਾਈਪ ਲਾਈਨ ਲਈ ਵਿਛਾਉਣ ਲਈ ਪੁਲ ਦੇ ਕੰਮ ਦਾ ਨੀਹ ਪੱਥਰ ਰੱਖਿਆ
Publish Date: Sun, 03 May 2026 03:47 PM (IST)
Updated Date: Sun, 03 May 2026 03:50 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਰਗਣ, ਰੂਪਨਗਰ : ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਭਾਖੜਾ ਨਹਿਰ ਤੋਂ ਵਿਛਾਈ ਜਾ ਰਹੀ ਪਾਈਪਲਾਈਨ ਨੂੰ ਸਰਹੰਦ ਨਹਿਰ ਤੋਂ ਕਰਾਸ ਕਰਨ ਲਈ ਬਣਨ ਵਾਲੇ ਪੁਲ ਦੇ ਕੰਮ ਦਾ ਨੀਂਹ ਪੱਥਰ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਰੱਖਿਆ। ਇਸ ਮੌਕੇ ਹਾਜ਼ਰ ਲੋਕਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਚੱਢਾ ਨੇ ਕਿਹਾ ਕਿ ਰੂਪਨਗਰ ਸ਼ਹਿਰ ਕਾਫ਼ੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਇਲਾਕਿਆਂ ਵਿਚ ਪਾਣੀ ਘੱਟ ਮਾਤਰਾ ਵਿਚ ਪਹੁੰਚ ਰਿਹਾ ਸੀ, ਜਦਕਿ ਕੁਝ ਖੇਤਰ ਅਜੇ ਵੀ ਅਜੇਹੇ ਹਨ ਜਿੱਥੇ ਪਾਣੀ ਦੀ ਸਪਲਾਈ ਬਹੁਤ ਮੁਸ਼ਕਿਲ ਨਾਲ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਆਬਾਦੀ ਵਿਚ ਲਗਾਤਾਰ ਵਾਧਾ ਹੋਣ ਦੇ ਬਾਵਜੂਦ ਪਾਣੀ ਦੀ ਸਪਲਾਈ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਜਿਸ ਕਰ ਕੇ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਗਈ।
ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਇਸ ਮਸਲੇ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਚੱਢਾ ਨੇ ਦੱਸਿਆ ਕਿ ਸਰਹੰਦ ਨਹਿਰ ਉੱਪਰ ਸਿਰਫ਼ ਇਸ ਪਾਈਪਲਾਈਨ ਲਈ ਇੱਕ ਵਿਸ਼ੇਸ਼ ਪੁਲ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲ ਦਾ ਕੰਮ ਜਲਦੀ ਮੁਕੰਮਲ ਕਰ ਕੇ ਪਾਈਪਲਾਈਨ ਵਿਛਾਉਣ ਦੀ ਪ੍ਰਕਿਰਿਆ ਵੀ ਤੁਰੰਤ ਸ਼ੁਰੂ ਕੀਤੀ ਜਾਵੇਗੀ ਅਤੇ ਆਉਣ ਵਾਲੇ ਕੁਝ ਮਹੀਨਿਆਂ ਵਿਚ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਹਲਕਾ ਰੂਪਨਗਰ ਵਿਚ ਸਰਬਪੱਖੀ ਵਿਕਾਸ ਤਹਿਤ ਸੜਕਾਂ ਦੀ ਮੁਰੰਮਤ ਅਤੇ ਨਵੀਂਆਂ ਸੜਕਾਂ ਦਾ ਨਿਰਮਾਣ, ਸੀਵਰੇਜ ਪ੍ਰਣਾਲੀ ਦੀ ਅਪਗ੍ਰੇਡੇਸ਼ਨ, ਸਟ੍ਰੀਟ ਲਾਈਟਾਂ ਦਾ ਸੁਧਾਰ, ਸਿਹਤ ਸਹੂਲਤਾਂ ਵਿਚ ਵਾਧਾ ਅਤੇ ਸਰਕਾਰੀ ਸਕੂਲਾਂ ਦੀ ਢਾਂਚਾਗਤ ਮਜ਼ਬੂਤੀ ਲਈ ਵੀ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਅਤੇ ਪਿੰਡਾਂ ਵਿਚ ਪਾਣੀ ਸਪਲਾਈ ਦੇ ਨਾਲ ਨਾਲ ਨਿਕਾਸੀ ਪ੍ਰਣਾਲੀ ਨੂੰ ਵੀ ਸੁਧਾਰਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵਿਕਾਸੀ ਪ੍ਰਾਜੈਕਟ ਲਿਆਂਦੇ ਜਾਣਗੇ, ਜਿਨ੍ਹਾਂ ਨਾਲ ਹਲਕੇ ਦੀ ਤਸਵੀਰ ਬਦਲੀ ਜਾਵੇਗੀ ਅਤੇ ਲੋਕਾਂ ਨੂੰ ਹਰ ਪੱਖੋਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਵਾਹੀ, ਸਾਬਕਾ ਉਪ ਪ੍ਰਧਾਨ ਰਾਜੂ ਸਤਿਆਲ, ਚੇਅਰਮੈਨ ਭਾਗ ਸਿੰਘ ਮਦਾਨ, ਚੇਤਨ ਕਾਲੀਆ ਯੂਥ ਕੋਆਰਡੀਨੇਟਰ, ਐਡਵੋਕੇਟ ਗੌਰਵ ਕਪੂਰ ਅਤੇ ਹੋਰ ਪਤਵੰਤਿਆਂ ਸਮੇਤ ਸ਼ਹਿਰ ਵਾਸੀ ਵੱਡੀ ਗਿਣਤੀ ’ਚ ਹਾਜ਼ਰ ਸਨ।