ਮੋਰਿੰਡਾ ਦੇ ਮੁਹੱਲਾ ਜੋਗੀਆਂ ਵਾਲਾ ’ਚ 2 ਸਾਲ ਬਾਅਦ ਮੁੜ ਫੈਲਿਆ ਡਾਇਰੀਆ, 4 ਮਰੀਜ ਦਾਖ਼ਲ
ਮੋਰਿੰਡਾ ਵਿਚ ਡਾਇਰੀਆ ਦਾ ਪ੍ਰਕੋਪ ਜਾਰੀ,4 ਮਰੀਜ਼ ਦਾਖਲ, ਪੀਣ ਵਾਲੇ ਪਾਣੀ ਦੀ ਮਾੜੀ ਸਪਲਾਈ ਅਤੇ ਗੰਦਗੀ ਬਣੇ ਮੁੱਖ ਕਾਰਨ
Publish Date: Wed, 29 Apr 2026 05:01 PM (IST)
Updated Date: Wed, 29 Apr 2026 05:04 PM (IST)

ਪੀਣ ਵਾਲੇ ਪਾਣੀ ਦੀ ਮਾੜੀ ਸਪਲਾਈ ਅਤੇ ਗੰਦਗੀ ਬਣੇ ਮੁੱਖ ਕਾਰਨ, ਲੋਕ ਸਹਿਮੇ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਸ਼ਹਿਰ ਦੇ ਵਾਰਡ ਨੰਬਰ 7 ਦੇ ਮੁਹੱਲਾ ਜੋਗੀਆਂ ਵਾਲਾ ਵਿਚ ਡਾਇਰੀਆ ਨੇ 2 ਸਾਲਾਂ ਬਾਅਦ ਮੁੜ ਦਸਤਕ ਦੇਣ ਨਾਲ ਸਰਕਾਰੀ ਸਿਵਲ ਹਸਪਤਾਲ ਵਿਚ ਇਲਾਜ ਲਈ ਪਿਛਲੇ ਹਫਤੇ ਤੋਂ ਦਰਜਨ ਤੋ ਵੱਧ ਮਰੀਜ ਦਾਖਲ ਹੋ ਚੁੱਕੇ ਹਨ, ਜਿਨਾਂ ਵਿੱਚੋ ਅੱਧੀ ਦਰਜਨ ਦੇ ਕਰੀਬ ਮਰੀਜ਼ਾਂ ਨੂੰ ਦਵਾਈ ਦੇ ਕੇ ਘਰ ਭੇਜਿਆ ਗਿਆ ਹੈ , ਇੱਕ ਮਰੀਜ ਨੂੰ ਮੋਹਾਲੀ ਰੈਫਰ ਕੀਤਾ ਗਿਆ ਹੈ , ਜਦਕਿ 4 ਮਰੀਜ ਹਾਲੇ ਵੀ ਹਸਪਤਾਲ ਵਿਚ ਦਾਖਲ ਹਨ। ਇਸੇ ਦੌਰਾਨ ਸਿਹਤ ਵਿਭਾਗ ਵੱਲੋਂ ਵਾਰਡ ਵਿੱਚੋਂ 5 ਵੱਖ ਵੱਖ ਥਾਂਵਾ ਤੋ ਪੀਣ ਵਾਲੇ ਪਾਣੀ ਦੇ ਲਏ ਗਏ ਹਨ ਜਦਕਿ ਸੂਤਰਾਂ ਅਨਸਾਰ ਸੈਂਪਲ ਫੇਲ ਹੋਣ ਕਾਰਨ ਇਹ ਪਾਣੀ ਪੀਣ ਯੋਗ ਨਾ ਹੋਣ ਬਾਰੇ ਅਤੇ ਮੁੜ ਸੈੰਪਲ ਲੈਣ ਬਾਰੇ ਦੱਸਿਆ ਜਾ ਰਿਹਾ ਹੈ। ਉੱਧਰ ਕੌਸਲ ਦੇ ਕਾਰਜਸਾਧਕ ਅਫ਼ਸਰ ਪੱਤਰਕਾਰਾਂ ਦਾ ਫੋਨ ਚੁੱਕਣਾ ਮਨਾਸਿਫ ਨਹੀ ਸਮਝ ਰਹੇ। ਹਸਪਤਾਲ ਦੇ ਸੂਤਰਾਂ ਤੋਂ ਪਤਾ ਲੱਗਾ ਕਿ 22 ਅਪ੍ਰੈਲ ਨੂੰ ਸਿਹਤ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਵੱਲੋ ਹਸਪਤਾਲ ਵਿਚ ਦਾਖਲ ਪੀਲੀਏ ਦੀ ਬਿਮਾਰੀ ਤੋਂ ਪੀੜਤ ਦੋ ਭੈਣ ਭਰਾ ਸੁਖਪ੍ਰੀਤ ਸਿੰਘ ਅਤੇ ਗੁਰਨੂਰ ਕੌਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਦੇ ਵਾਰਡ ਦੇ ਪਾਣੀ ਦੇ ਸੈਂਪਲ ਲੈਣ ਦੀ ਹਦਾਇਤ ਕੀਤੀ ਗਈ ਸੀ। ਅਗਲੇ ਦਿਨ ਉਸੀ ਵਾਰਡ ਤੋਂ ਜਸਮੀਤ ਕੌਰ, ਖੁਸ਼ੀ, ਰਾਜਪ੍ਰੀਤ ਕੌਰ, ਕਰਨਵੀਰ ਸਿੰਘ, ਮਨਪ੍ਰੀਤ ਕੌਰ, ਜਸਵੀਰ ਕੌਰ, ਅਤੇ ਗੁਰਦੀਪ ਕੌਰ ਨੂੰ ਡਾਇਰੀਆ ਤੋਂ ਪੀੜਤ ਹੋਣ ਕਾਰਨ ਹਸਪਤਾਲ ਵਿਚ ਦਾਖਲ ਕੀਤਾ ਗਿਆ, ਜਿਨ੍ਹਾਂ ਵਿੱਚੋ ਜਸਮੀਤ ਕੌਰ ਨੂੰ ਸਰਕਾਰੀ ਹਸਪਤਾਲ ਫੇਜ 6 ਮੋਹਾਲੀ ਰੈਫਰ ਕੀਤਾ ਗਿਆ ਹੈ ਬਾਕੀ ਇਲਾਜ ਅਧੀਨ ਹਨ ਤੇ ਇੱਕ ਨੂੰ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਹੈ । ਉੱਧਰ ਹਸਪਤਾਲ ਅਤੇ ਵਾਰਡ ਤੋਂ ਹਾਸਲ ਮੌਕੇ ਦੀ ਤਾਜਾ ਜਾਣਕਾਰੀ ਮੁਤਾਬਕ ਹਰ ਰੋਜ਼ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚੋ ਬਹੁਤਿਆਂ ਨੂੰ ਹਸਪਤਾਲ ਤੋਂ ਦਵਾਈ ਦੇਕੇ ਘਰ ਭੇਜਿਆ ਜਾ ਰਿਹਾ ਹੈ ਅਤੇ ਗੰਭੀਰ ਸਥਿਤੀ ਵਾਲੇ ਮਰੀਜਾਂ ਨੂੰ ਹਸਪਤਾਲ ਵਿਚ ਦਾਖਲ ਕਰਕੇ ਗਲੂਕੋਜ ਤੇ ਦਵਾਈ ਦਿੱਤੀ ਜਾ ਰਹੀ ਹੈ, ਪ੍ਰੰਤੂ ਫਿਰ ਵੀ ਇਸ ਪ੍ਰਕੋਪ ‘ਤੇ ਅਜੇ ਤੱਕ ਪੂਰੀ ਤਰਾਂ ਕਾਬੂ ਨਹੀਂ ਪਾਇਆ ਜਾ ਸਕਿਆ, ਜਿਸ ਨਾਲ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਦਾਅਵਿਆਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਐਸਐਮਓ ਡਾਕਟਰ ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਦਾਖਲ ਮਰੀਜ਼ਾਂ ਦੀ ਹਾਲਤ ਫਿਲਹਾਲ ਸਥਿਰ ਹੈ, ਪਰ ਇੱਕੋ ਮੁਹੱਲੇ ਵਿੱਚੋਂ ਰੋਜ਼ਾਨਾ ਮਰੀਜ਼ਾਂ ਦਾ ਆਉਣਾ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿੱਥੇ ਪ੍ਰਭਾਵਿਤ ਵਾਰਡ ਵਿਚ ਸਪੈਸ਼ਲ ਸਰਵੇ ਕੀਤਾ ਜਾ ਰਿਹਾ ਹੈ, ਉੱਥੇ ਹੀ ਹਸਪਤਾਲ ਵਿਚ ਵੱਖਰਾ ਵਾਰਡ ਕਾਇਮ ਕੀਤਾ ਗਿਆ ਹੈ ਅਤੇ ਪ੍ਰਭਾਵਿਤ ਇਲਾਕੇ ਵਿਚ ਓਆਰਐਸ ਅਤੇ ਲੋੜੀਂਦੀਆਂ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਸਫਾਈ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਸੁਖਦੀਪ ਸਿੰਘ ਭੰਗੂ, ਲੱਖੀ ਸ਼ਾਹ , ਮੋਨੂ ਖਾਂ ਮਜੀਦ ਖਾਂ ਅਤੇ ਭਾਜਪਾ ਆਗੂ ਜਤਿੰਦਰ ਗੁੰਬਰ ,ਤੇ ਹਰਸ਼ ਕੋਹਲੀ, ਸਰਪੰਚ ਦਵਿੰਦਰ ਸਿੰਘ ਮਝੈਲ ਅਕਾਲੀ ਆਗੂ ਯੂਥ ਆਗੂ ਹਰਪ੍ਰੀਤ ਸਿੰਘ ਸੰਗਤਪੁਰ ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰਾ ਸ਼ੂਗਰ ਮਿੱਲ ਦੇ ਸਾਬਕਾ ਚੇਅਰਮੈਨ ਅਰਵਿੰਦਰ ਸਿੰਘ ਰੰਗੀ ਆਦਿ ਆਗੂਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸ਼ਹਿਰ ਵਿਚ ਮੁੜ ਫੈਲੀ ਇਸ ਬਿਮਾਰੀ ਤੇ ਕਾਬੂ ਪਾਉਣ ਤੋਂ ਅਸਮਰਥ ਰਹਿਣ ਤੇ ਸਵਾਲ ਚੁੱਕੇ ਹਨ। ਆਗੂਆਂ ਨੇ ਕਿਹਾ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਨਾ ਤਾਂ ਸਫਾਈ ਪ੍ਰਬੰਧ ਠੀਕ ਕੀਤੇ ਗਏ ਹਨ ਅਤੇ ਨਾ ਹੀ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਗਿਆ ਹੈ, ਜਦਕਿ ਨਗਰ ਕੌਂਸਲ ਵੱਲੋ 3.90 ਲੱਖ ਰੁਪਏ ਖਰਚ ਕੇ ਇਸ ਵਾਰਡ ਦੇ ਟਿਊਬਵੈੱਲ ਨੂੰ ਵੀ ਰੈਸਟ ਹਾਊਸ ਨੇੜੇ ਸ਼ਿਫਟ ਕੀਤਾ ਜਾ ਚੁੱਕਾ ਹੈ ਪਰੰਤੂ ਸਮੱਸਿਆ ਫਿਰ ਵੀ ਜਿਉੰ ਦੀ ਤਿਉੰ ਬਣੀ ਹੋਈ ਹੈ। ਉਨਾ ਕਿਹਾ ਕਿ ਸਾਫ ਪਾਣੀ ਅਤੇ ਸਫਾਈ ਦੇ ਯੋਗ ਪ੍ਰਬੰਧ ਤੁਰੰਤ ਨਾ ਕੀਤੇ ਗਏ ਤਾਂ ਇਹ ਬਿਮਾਰੀ ਹੋਰ ਵੀ ਫੈਲ ਸਕਦੀ ਹੈ। ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਜੂਨੀਅਰ ਇੰਜੀਨੀਅਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਲਗਾਤਾਰ ਇਸ ਮੁਹੱਲੇ ਵਿਚ ਪੈਟਰੋਲਿੰਗ ਕਰਕੇ ਅਸਲ ਕਾਰਨ ਜਾਨਣ ਲਈ ਰੁੱਝੇ ਹੋਏ ਹਨ ਪ੍ਰੰਤੂ ਹਾਲੇ ਤੱਕ ਸੀਵਰੇਜ ਦੇ ਪਾਣੀ ਦੇ ਪੀਣ ਵਾਲੇ ਪਾਣੀ ਨਾਲ ਰਲਣ ਦਾ ਕੋਈ ਮਾਮਲਾ ਸਾਹਮਣੇ ਨਹੀ ਆਇਆ। ਪੀਣ ਵਾਲੇ ਪਾਣੀ ਵਿਚ ਕਲੋਰੀਨ ਨਾ ਪਾਉਣ ਸਬੰਧੀ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ ਲਏ ਗਏ 5 ਸੈੰਪਲ ਜੋ ਫੇਲ ਹੋਏ ਹਨ, ਉਨਾ ਵਿੱਚੋ ਤਿੰਨ ਵਿਚ ਕਲੋਰੀਨ ਦੀ ਮਾਤਰਾ ਜਿਆਦਾ ਪਾਈ ਗਈ ਹੈ। ਐਸਡੀਐਮ ਨੇ ਸੱਦੀ ਅਧਿਕਾਰੀਆਂ ਦੀ ਮੀਟਿੰਗ। ਐਸਡੀਐਮ ਮੋਰਿੰਡਾ ਚੇਤਨ ਬੰਗੜ ਨੇ ਦੱਸਿਆ ਕਿ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਸਿਹਤ ਵਿਭਾਗ, ਨਗਰ ਕੌਂਸਲ ਤੇ ਸੀਵਰੇਜ ਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਵੀਰਵਾਰ ਸਵੇਰੇ 11.00 ਵਜੇ ਮੀਟਿੰਗ ਸੱਦ ਲਈ ਹੈ ਅਤੇ ਸਬੰਧਿਤ ਵਾਰਡ ਦੀ ਪੀਣ ਵਾਲੇ ਪਾਣੀ ਜਾਂ ਸੀਵਰੇਜ ਨਾਲ ਸੰਬੰਧਿਤ ਜੋ ਵੀ ਮੁਸ਼ਕਿਲ ਹੋਵੇਗੀ, ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।