ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ਵਿਖੇ ਸੂਬਾ ਸਰਕਾਰ ਨੇ ਪਹਿਲਾ ਵਿਸ਼ਾਲ ਕੀਰਤਨ ਦਰਬਾਰ ਸਜਾਇਆ
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ਵਿਖੇ ਸੂਬਾ ਸਰਕਾਰ ਨੇ ਪਹਿਲਾ ਵਿਸ਼ਾਲ ਕੀਰਤਨ ਦਰਬਾਰ ਸਜਾਇਆ
Publish Date: Mon, 27 Apr 2026 04:27 PM (IST)
Updated Date: Mon, 27 Apr 2026 04:31 PM (IST)

ਡੇਰਾ ਸੱਚਖੰਡ ਬੱਲਾਂ ਨੇੜੇ ਸਥਾਪਤ ਕੀਤਾ ਜਾ ਰਿਹਾ ਹੈ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ: ਹਰਪਾਲ ਸਿੰਘ ਚੀਮਾ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਸਮੇਂ ਦੀ ਮੁੱਖ ਲੋੜ: ਦੀਪਕ ਬਾਲੀ। ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਪੰਜਾਬ ਸਰਕਾਰ ਵੱਲੋਂ ਐਤਵਾਰ ਸ਼ਾਮ ਨੂੰ ਨਹਿਰੂ ਸਟੇਡੀਅਮ, ਰੂਪਨਗਰ ਵਿਖੇ ਕਰਵਾਏ ਗਏ ਪਹਿਲੇ ਵਿਸ਼ਾਲ ਅਧਿਆਤਮਕ ਕੀਰਤਨ ਦਰਬਾਰ ਦੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਰਾਜ ਪੱਧਰੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ। ਇਸ ਵਿਸ਼ਾਲ ਸਮਾਗਮ ਨਾਲ ਗੁਰੂ ਰਵਿਦਾਸ ਜੀ ਦੇ ਸਰਬ-ਸਾਂਝੇ ਸੰਦੇਸ਼ ਨੂੰ ਪੰਜਾਬ ਅਤੇ ਇਸ ਤੋਂ ਬਾਹਰ ਫੈਲਾਉਣ ਦੇ ਉਦੇਸ਼ ਨਾਲ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਲੜੀ ਦਾ ਆਗਾਜ਼ ਹੋਇਆ। ਇਸ ਅਧਿਆਤਮਕ ਸ਼ਾਮ ਦੌਰਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਪ੍ਰਸਿੱਧ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਅਤੇ ਭਾਈ ਦਵਿੰਦਰ ਸਿੰਘ ਜੀ ਸੋਢੀ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ, ਜਿਸ ਨੇ ਸੰਗਤਾਂ ਨੂੰ ਇਲਾਹੀ ਬਾਣੀ ਵਿਚ ਲੀਨ ਕੀਤਾ। ਇਸ ਉਪਰੰਤ ਭਾਈ ਗੁਰਮੀਤ ਸਿੰਘ ਜੀ ਵੱਲੋਂ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਤੇ ਕਰ, ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਉਪਰਾਲੇ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, ਖੁਰਾਲਗੜ੍ਹ ਸਾਹਿਬ ਵਿਖੇ 649ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਵੱਡੇ ਪੱਧਰ ਦੇ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਦੇ ਸਰਬ-ਸਾਂਝੇ ਸੰਦੇਸ਼ ਨੂੰ ਪੂਰੀ ਦੁਨੀਆ ਵਿਚ ਫੈਲਾਉਣਾ ਹੈ। ਇਸੇ ਦੇ ਤਹਿਤ ਪੰਜਾਬ ਦੇ ਕੋਨੇ-ਕੋਨੇ ਵਿਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵੱਖ-ਵੱਖ ਵਿਦਿਅਕ ਅਤੇ ਅਧਿਆਤਮਕ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਅਜੋਕੇ ਸਮਾਜ ਵਿਚ ਗੁਰੂ ਜੀ ਦੀਆਂ ਸਿੱਖਿਆਵਾਂ ਦੀ ਪ੍ਰਸੰਗਿਕਤਾ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, “ਸਦੀਆਂ ਪਹਿਲਾਂ, ਆਪਣੀ ਕ੍ਰਾਂਤੀਕਾਰੀ ਬਾਣੀ ਰਾਹੀਂ, ਸ੍ਰੀ ਗੁਰੂ ਰਵਿਦਾਸ ਜੀ ਨੇ ਮਨੁੱਖਤਾ ਨੂੰ ਆਪਸੀ ਭੇਦਭਾਵ ਤੋਂ ਉੱਪਰ ਉੱਠ ਕੇ ਬਰਾਬਰੀ ਅਤੇ ਭਾਈਚਾਰਕ ਸਾਂਝ ਤੇ ਆਧਾਰਿਤ ਸਮਾਜ ਸਿਰਜਣ ਦਾ ਉਪਦੇਸ਼ ਦਿੱਤਾ ਸੀ। ਉਨ੍ਹਾਂ ਸੰਗਤਾਂ ਨੂੰ ਇੱਕ ਸਦਭਾਵਨਾ ਵਾਲੇ ਅਤੇ ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਇਸ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਤਵੰਤਿਆਂ ਅਤੇ ਸੰਗਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਜਿਕ ਤਰੱਕੀ ਗੁਰੂਆਂ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਮਾਗਮ ਦੌਰਾਨ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁਖੀ ਸੰਤ ਬਾਬਾ ਕੇਵਲ ਸਿੰਘ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸੰਤ ਸਤਵਿੰਦਰਜੀਤ ਸਿੰਘ ਹੀਰਾ, ਡੇਰਾ ਮਸਤ ਬਾਬਾ ਸ਼ਾਮ ਜੀ ਮਹਾਰਾਜ ਝੱਜ ਦੇ ਸੁਆਮੀ ਅਨਮੁਲਕਾ ਨੰਦ, ਡੇਰਾ ਪੁਸ਼ਪਾ ਨੰਦ ਉਦਾਸੀਨ ਆਸ਼ਰਮ ਬੱਸੀ ਪਠਾਣਾਂ ਦੇ ਮਹੰਤ ਬਲਵਿੰਦਰ ਦਾਸ, ਡੇਰਾ ਮਹਾਂ ਪੁਰੀ ਚੱਬੇਵਾਲ ਦੇ ਸੰਤ ਬਲਵੀਰ ਦਾਸ, ਗੁਰਦੁਆਰਾ ਟਿੱਬੀ ਸਾਹਿਬ ਤੋਂ ਬਾਬਾ ਅਵਤਾਰ ਸਿੰਘ ਜੀ , ਅਤੇ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੇ ਮੁਖੀ ਸੰਤ ਸੁਰਿੰਦਰ ਦਾਸ ਸਮੇਤ ਕਈ ਸਤਿਕਾਰਯੋਗ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ, ਦਿੱਲੀ ਦੇ ਵਿਧਾਇਕ ਅਜੈ ਦੱਤ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਆਦਿਤਿਆ ਡੇਚਲਵਾਲ, ਐਸਐਸਪੀ. ਰੂਪਨਗਰ ਮਨਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਚੰਦਰਜੋਤੀ ਸਿੰਘ, ਐਸਪੀ. ਅਰਵਿੰਦ ਮੀਨਾ, ਸਹਾਇਕ ਕਮਿਸ਼ਨਰ ਪ੍ਰਦੀਪ ਸਿੰਘ ਬੈਂਸ, ਐਸਡੀਐਮ. ਰੂਪਨਗਰ ਜਸਪ੍ਰੀਤ ਸਿੰਘ,ਐਡੀਐਮ ਨੰਗਲ ਸਚਿਨ ਪਾਠਕ ਅਤੇ ਡੀਪੀਆਰਓ. ਕਰਨ ਮਹਿਤਾ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ,ਚੇਅਰਮੈਨ ਭਾਗ ਸਿੰਘ ਮਦਾਨ, ਚੇਅਰਮੈਨ ਸੁਖਦੇਵ ਮੀਆਂਪੁਰ ਅਤੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਜਥੇਦਾਰ ਭਾਗ ਸਿੰਘ, ਬਲਾਕ ਸੰਮਤੀ ਰੂਪਨਗਰ ਦੇ ਚੇਅਰਮੈਨ ਮਲਕੀਤ ਸਿੰਘ ਭੰਗੂ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਸੰਮਤੀ ਮੈਂਬਰ ਅੰਮ੍ਰਿਤਪਾਲ ਸਿੰਘ ਪੱਪੀ, ਲਲਿਤ ਡਕਾਲਾ, ਸੰਦੀਪ ਸਿੰਘ, ਅਤੇ ਸਤਨਾਮ ਨਾਗਰਾ,ਸੀਨੀਅਰ ਆਪ ਆਗੂ ਸੁਰਜਨ ਸਿੰਘ, ਲੈਕਚਰਾਰ ਇੰਦਰਜੀਤ ਸਿੰਘ ਬਾਲਾ, ਅਮਨਦੀਪ ਸਿੰਘ ਅਤੇ ਰੂਪਨਗਰ ਹਲਕੇ ਦੀ ਪ੍ਰਧਾਨ ਨੀਲਮ ਰਾਣੀ ਤੋਂ ਇਲਾਵਾ ਆਪ ਦੇ ਕਈ ਅਹੁਦੇਦਾਰ, ਵਲੰਟੀਅਰ ਅਤੇ ਨੇੜਲੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।