ਸਰਕਾਰਾਂ ਵੱਲੋਂ ਇਸ਼ਤਿਹਾਰਾਂ ਦੀ ਹਥਿਆਰ ਵਜੋਂ ਦੁਰਵਰਤੋਂ ਬੰਦ ਕਰਨ ਦੀ ਮੰਗ
ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਇਸ਼ਤਿਹਾਰਾਂ ਦੀ ਹਥਿਆਰ ਵਜੋਂ ਦੁਰਵਰਤੋਂ ਬੰਦ ਕਰਨ ਦੀ ਮੰਗ
Publish Date: Mon, 27 Apr 2026 03:57 PM (IST)
Updated Date: Mon, 27 Apr 2026 03:58 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਰੂਪਨਗਰ ਵਿਖੇ ਹੋਈ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਸੂਬਾ ਪੱਤਰੀ ਮੀਟਿੰਗ ਵਿਚ ਪੰਜਾਬ ਸਮੇਤ ਦੇਸ਼ ਭਰ ਵਿਚ ਪੱਤਰਕਾਰਾਂ ਤੇ ਵੱਧ ਰਹੇ ਹਮਲਿਆਂ ਅਤੇ ਜ਼ੁਬਾਨ-ਬੰਦੀ ਲਈ ਚੈਨਲਾਂ ਉਪਰ ਪਾਬੰਦੀਆਂ ਲਾਉਣ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ 3 ਮਈ ਨੂੰ ਕੌਮਾਂਤਰੀ ਪ੍ਰੈੱਸ ਅਜ਼ਾਦੀ ਦਿਵਸ ਮੌਕੇ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਜਨਤਕ ਫ਼ੰਡਾਂ ਦੇ ਸਹਾਰੇ ਸਰਕਾਰੀ ਇਸ਼ਤਿਹਾਰ ਨੀਤੀ ਦੀ ਆਰਥਿਕ ਹਥਿਆਰ ਦੇ ਰੂਪ ਵਿਚ ਦੁਰਵਰਤੋਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿਚ ਹੋਈ 11ਵੀਂ ਕੌਮੀ ਕਾਨਫ਼ਰੰਸ ਨੇ ਵੀ ਇਸ ਵਰਤਾਰੇ ਨੂੰ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੱਤਰਕਾਰਾਂ ਅਤੇ ਡੈਸਕ ਸਟਾਫ਼ ਨੂੰ ਪੈਨਸ਼ਨ ਅਤੇ ਮੁਫ਼ਤ ਬੱਸ ਪਾਸ ਅਤੇ ਪੱਤਰਕਾਰਾਂ ਦੀ ਸਹਾਇਤਾ ਲਈ ਵਿਸ਼ੇਸ਼ ਫ਼ੰਡ ਕਾਇਮ ਕਰਨ, ਚੰਡੀਗੜ੍ਹ ਵਿਚ ਪੱਤਰਕਾਰਾਂ ਲਈ ਰਹਾਇਸ਼ੀ ਮਕਾਨ 15 ਤੋਂ ਵਧਾ ਕੇ 50 ਕਰਨ ਅਤੇ ਜ਼ਿਲ੍ਹਿਆਂ ਵਿਚ ਪੱਤਰਕਾਰਾਂ ਨੂੰ ਰਿਹਾਇਸ਼ ਸਮੇਤ ਹੋਰ ਅਹਿਮ ਮੰਗਾਂ ਬਾਰੇ ਟਾਲਮਟੋਲ ਵਿਰੁੱਧ ਚਿਤਾਵਨੀ ਦਿੱਤੀ ਅਤੇ ਜਥੇਬੰਦੀ ਵੱਲੋਂ ਭਗਵੰਤ ਮਾਨ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਫ਼ੈਸਲਾ ਵੀ ਕੀਤਾ ਗਿਆ। ਰੂਪਨਗਰ ਵਿਚ ਜਥੇਬੰਦੀ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਸੂਬਾਈ ਪ੍ਰਧਾਨ ਜੈ ਸਿੰਘ ਛਿੱਬਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੂਬਾਈ ਚੇਅਰਮੈਨ ਬਲਬੀਰ ਜੰਡੂ ਅਤੇ ਸਕੱਤਰ ਜਨਰਲ ਸੰਤੋਖ ਗਿੱਲ ਨੇ ਵੀ ਸੰਬੋਧਨ ਕੀਤਾ। ਪ੍ਰਸਿੱਧ ਫ਼ੋਟੋ ਜਰਨਲਿਸਟ ਰਘੂ ਰਾਏ, ਰਾਮਪੁਰਾ ਫੂਲ ਦੇ ਪੱਤਰਕਾਰ ਜਤਿੰਦਰ ਸੰਧੂ ਦੀ ਬੇਵਕਤ ਮੌਤ ਤੋਂ ਇਲਾਵਾ ਪੰਜਾਬ ਦੇ ਕਈ ਪੱਤਰਕਾਰਾਂ ਦੇ ਨਜ਼ਦੀਕੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਸਰਬਸੰਮਤੀ ਨਾਲ ਸੀਨੀਅਰ ਪੱਤਰਕਾਰ ਜਗਤਾਰ ਭੁੱਲਰ ਅਤੇ ਪ੍ਰੀਤਮ ਸਿੰਘ ਰੁਪਾਲ ਨੂੰ ਡਿਜੀਟਲ ਮੀਡੀਆ ਬਾਰੇ ਸਬ-ਕਮੇਟੀ ਵਿਚ ਸ਼ਾਮਲ ਕੀਤਾ ਗਿਆ ਅਤੇ ਜਲਦ ਹੀ ਵਿਸਤਰਿਤ ਰਿਪੋਰਟ ਪੇਸ਼ ਕਰਨ ਦੀ ਜ਼ਿੰਮੇਵਾਰ ਸੌਂਪੀ ਗਈ। ਯੂਨੀਅਨ ਵੱਲੋਂ ਮਾਲਵਾ, ਮਾਝਾ ਅਤੇ ਦੁਆਬਾ ਖੇਤਰਾਂ ਵਿਚ ਸੈਮੀਨਾਰ ਕਰਨ ਦਾ ਫ਼ੈਸਲਾ ਕੀਤਾ ਗਿਆ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ, ਜਥੇਬੰਦਕ ਸਕੱਤਰ ਦਵਿੰਦਰ ਭੰਗੂ, ਐਨ.ਪੀ ਧਵਨ, ਜਸਵੰਤ ਥਿੰਦ, ਜਗਸੀਰ ਸੰਧੂ, ਅਮਰਪਾਲ ਬੈਂਸ, ਪ੍ਰਭਾਤ ਭੱਟੀ, ਜਗਤਾਰ ਭੁੱਲਰ, ਭੁਪਿੰਦਰ ਮਲਿਕ, ਮਨਪ੍ਰੀਤ ਮੱਲੇਆਣਾ, ਗਗਨਦੀਪ ਅਰੋੜਾ, ਵੀਰਪਾਲ ਭਗਤਾ, ਗੁਰਤੇਜ ਸਿੱਧੂ, ਬਲਵਿੰਦਰ ਭੰਗੂ, ਨਵਕਾਂਤ ਭੈਰੋਮਾਜਰਾ, ਹਰਜੀਤ ਸਿੰਘ ਕਪੂਰਥਲਾ ਸਮੇਤ ਕਈ ਪੱਤਰਕਾਰ ਆਗੂਆਂ ਨੇ ਚਰਚਾ ਵਿਚ ਭਾਗ ਲਿਆ। ਰੂਪਨਗਰ ਜ਼ਿਲ੍ਹਾ ਯੂਨਿਟ ਦੇ ਅਹੁਦੇਦਾਰਾਂ ਤੇ ਸਮਾਜਸੇਵੀ ਆਗੂ ਅਮਰਜੀਤ ਸਿੰਘ ਭੁੱਲਰ, ਸਮਾਜਸੇਵੀ ਸ਼ਕਤੀ ਤ੍ਰਿਪਾਠੀ, ਪੱਤਰਕਾਰ ਜਗਜੀਤ ਸਿੰਘ ਜੱਗੀ, ਰਾਜਨ ਵੋਹਰਾ, ਤੇਜਿੰਦਰ ਸਿੰਘ ਸੈਣੀ, ਸਰਬਜੀਤ ਸਿੰਘ, ਲਖਵੀਰ ਸਿੰਘ ਖਾਬੜਾ ਨੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਸਮੇਤ ਸੂਬਾਈ ਆਗੂਆਂ ਦਾ ਸਨਮਾਨ ਕੀਤਾ ਗਿਆ।