ਪਿੰਡ ਓਇੰਦ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪਾਏ ਅਹਿਮ ਮਤੇ
ਪਿੰਡ ਓਇੰਦ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪਾਏ ਅਹਿਮ ਮਤੇ
Publish Date: Sun, 19 Apr 2026 05:22 PM (IST)
Updated Date: Sun, 19 Apr 2026 05:24 PM (IST)

ਕੋਈ ਵੀ ਪਿੰਡ ਦਾ ਲੜਕਾ-ਲੜਕੀ ਆਪਸ ’ਚ ਵਿਆਹ ਨਹੀਂ ਕਰਵਾਏਗਾ ਜੌਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ: ਨਗਰ ਖੇੜਾ ਪਿੰਡ ਓਇੰਦ ਵਿਖੇ ਸਮੂਹ ਪਿੰਡ ਵਾਸੀਆਂ ਤੇ ਗ੍ਰਾਮ ਸਭਾ ਦਾ ਅਹਿਮ ਇਜਲਾਸ ਪਿੰਡ ਦੇ ਸਰਪੰਚ ਮੇਜਰ ਸਿੰਘ ਦੀ ਅਗਵਾਈ ਹੇਠ ਹੋਇਆ। ਇਸ ਆਮ ਇਜਲਾਸ ਵਿਚ ਇੱਕ ਅਹਿਮ ਮਤਾ ਪਾਇਆ ਗਿਆ ਕਿ ਪਿੰਡ ਦਾ ਕੋਈ ਵੀ ਲੜਕਾ-ਲੜਕੀ ਆਪਸ ਵਿਚ ਵਿਆਹ ਨਹੀਂ ਕਰਾਉਣਗੇ, ਜੇਕਰ ਕੋਈ ਅਜਿਹਾ ਕੰਮ ਕਰੇਗਾ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਪਿੰਡ ਵਿਚ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਦੇ ਇਲਾਵਾ ਲੜਕਾ-ਲੜਕੀ ਦੇ ਪਰਿਵਾਰਾਂ ਦੇ ਖਿਲਾਫ ਵੀ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਦੇ ਨਾਲ ਕੋਈ ਵੀ ਪਿੰਡ ਵਾਸੀ ਮਿਲਵਰਤਨ ਨਹੀਂ ਰੱਖੇਗਾ। ਇਸ ਮੌਕੇ ਪਿੰਡ ਦੇ ਸਰਪੰਚ ਮੇਜਰ ਸਿੰਘ, ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਉਇੰਦ ਅਤੇ ਪ੍ਰਿਤਪਾਲ ਸਿੰਘ ਮੈਂਬਰ ਬਲਾਕ ਸੰਮਤੀ ਨੇ ਕਿਹਾ ਕਿ ਪਿੰਡ ਵਿਚ ਪਹਿਲਾਂ ਕੁਝ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਨਾਲ ਪਿੰਡ ਵਾਸੀਆਂ ਵਿਚ ਆਪਸੀ ਤਕਰਾਰ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਬੱਚਿਆਂ ਦਾ ਆਪਣੇ ਹੀ ਪਿੰਡ ਵਿਚ ਵਿਆਹ ਕਰਵਾ ਲੈਣਾ ਬਹੁਤ ਹੀ ਸ਼ਰਮਨਾਕ ਗੱਲ ਹੈ। ਇਸ ਨਾਲ ਜਿੱਥੇ ਮਾਪਿਆਂ ਲਈ ਪਿੰਡ ਵਿਚ ਨਮੋਸ਼ੀ ਝੱਲਣੀ ਪੈਂਦੀ ਹੈ ਤੇ ਰਹਿਣਾ ਔਖਾ ਹੁੰਦਾ ਹੈ ਉਥੇ ਹੀ ਆਉਣ ਵਾਲੀਆਂ ਪੀੜ੍ਹੀਆਂ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਪਿੰਡ ਵਾਸੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਸਮੂਹ ਨਗਰ ਨਿਵਾਸੀਆਂ ਨੇ ਇੱਕਜੁੱਟਤਾ ਦਿਖਾਉਂਦੇ ਹੋਏ ਸਖਤ ਫੈਸਲੇ ਲਏ ਤਾਂ ਜੋ ਭਵਿੱਖ ਵਿਚ ਕੋਈ ਨੌਜਵਾਨ ਲੜਕਾ/ਲੜਕੀ ਅਜਿਹੇ ਸ਼ਰਮਨਾਕ ਕਾਰੇ ਬਾਰੇ ਸੋਚ ਵੀ ਨਾ ਸਕੇ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਇੱਕ ਬੰਦੇ ਦੀ ਜ਼ਿੰਮੇਵਾਰੀ ਨਹੀਂ ਹੈ, ਜੇਕਰ ਸਾਰੇ ਪਿੰਡ ਵਾਸੀ ਇੱਕਜੁੱਟ ਹੋਣ ਤਾਂ ਹੀ ਇਹ ਸੰਭਵ ਹੈ ਅਤੇ ਇਸ ਕਲੰਕ ਨੂੰ ਧੋਇਆ ਜਾ ਸਕਦਾ ਹੈ। ਇਸ ਮੌਕੇ ਗ੍ਰਾਮ ਪੰਚਾਇਤ ਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਸਮੂਹ ਨਗਰ ਨਿਵਾਸੀਆਂ ਤੋਂ ਪੂਰਨ ਉਮੀਦ ਕਰਦੇ ਹਨ ਕਿ ਇਸ ਗੰਭੀਰ ਮਸਲੇ ਨੂੰ ਨਜਿੱਠਣ ਲਈ ਸਾਰੇ ਸਾਥ ਦੇਣਗੇ। ਇਸ ਮੌਕੇ ਸੈਕਟਰੀ ਹਰਪ੍ਰੀਤ ਸਿੰਘ ਬੰਟੀ, ਲੰਬੜਦਾਰ ਬਹਾਦਰ ਸਿੰਘ, ਪ੍ਰਧਾਨ ਦੁੱਧ ਉਤਪਾਦਕ ਸੁਸਾਇਟੀ ਜਸਵੰਤ ਸਿੰਘ ਹੈੱਪੀ, ਕਿਸਾਨ ਆਗੂ ਨਿਰਮਲ ਸਿੰਘ, ਪੰਚ ਗੁਰਜਿੰਦਰ ਸਿੰਘ ਸੋਨੀ, ਪੰਚ ਜਗਤਾਰ ਸਿੰਘ ਬਿੱਲਾ, ਪੰਚ ਭੁਪਿੰਦਰ ਸਿੰਘ ਭਿੰਦਾ, ਕਿਰਪਾਲ ਸਿੰਘ ਕੰਧੋਲਾ ਸਾਬਕਾ ਪ੍ਰਧਾਨ ਕੋਪਰੇਟ ਸੁਸਾਇਟੀ, ਰਜਿੰਦਰ ਸਿੰਘ ਸਾਬਕਾ ਪੰਚ, ਪੰਚ ਜਸਪ੍ਰੀਤ ਸਿੰਘ, ਪੰਚ ਕੁਲਦੀਪ ਕੌਰ, ਪੰਚ ਸੁਖਵਿੰਦਰ ਕੌਰ, ਸਰਦੂਲ ਸਿੰਘ, ਬਾਬਾ ਸੇਵਾ ਸਿੰਘ ਕੰਧੋਲਾ, ਯਾਦਵਿੰਦਰ ਸਿੰਘ ਯਾਦੀ, ਕੇਵਲ ਸਿੰਘ ਕਿਸਾਨ ਆਗੂ, ਦਲਵੀਰ ਸਿੰਘ ਬਿੱਟਾ ਲੰਬੜਦਾਰ, ਗੁਰਮੁੱਖ ਸਿੰਘ ਫੌਜੀ, ਜਗਤਾਰ ਸਿੰਘ ਸਾਬਕਾ ਪੰਚ, ਕੇਸਰ ਸਿੰਘ ਭਗਤ, ਮਨਜੀਤ ਸਿੰਘ ਨੱਤ, ਖੁਸ਼ਵੀਰ ਸਿੰਘ ਹੈੱਪੀ, ਗੁਰਪ੍ਰੀਤ ਸਿੰਘ, ਅਸ਼ਮੀਤ ਸਿੰਘ, ਕਮਲਜੀਤ ਸਿੰਘ ਮੰਗਾ ਆਦਿ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।