ਹਿੰਮਤਪੁਰਾ ਨੇੜੇ ਭਿਆਨਕ ਬੱਸ ਹਾਦਸੇ ’ਚ 3 ਦੀ ਮੌਤ, ਦਰਜਨ ਤੋਂ ਵੱਧ ਜ਼ਖਮੀ
ਹਿੰਮਤਪੁਰਾ ਨੇੜੇ ਭਿਆਨਕ ਬੱਸ ਹਾਦਸੇ ’ਚ 3 ਦੀ ਮੌਤ, ਦਰਜਨ ਤੋਂ ਵੱਧ ਜ਼ਖਮੀ
Publish Date: Wed, 15 Apr 2026 06:00 PM (IST)
Updated Date: Wed, 15 Apr 2026 06:03 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ: ਮੋਰਿੰਡਾ ਚੁੰਨੀ ਰੋਡ ‘ਤੇ ਪੈਦੇ ਪਿੰਡ ਹਿੰਮਤਪੁਰਾ ਨੇੜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂਘਰਾਂ ਦੇ ਦਰਸ਼ਨ ਕਰਕੇ ਵਾਪਸ ਆ ਰਹੀ ਸ਼ਰਧਾਲੂਆਂ ਦੀ ਇੱਕ ਬੱਸ ਸੜਕ ਵਿਚ ਪਏ ਖੱਡਿਆ ਦੇ ਕਾਰਨ ਪਏ ਤਕਨੀਕੀ ਨੁਕਸ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿਚ 30 ਤੋਂ 35 ਸ਼ਰਧਾਲੂ ਸਵਾਰ ਦੱਸੇ ਜਾ ਰਹੇ ਹਨ ਜੋ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮੈਹਣਮਾਜਰੀ, ਕੱਜ਼ਲ ਮਾਜਰਾ ਨਾਲ ਸਬੰਧਤ ਸੀ। ਹਾਦਸੇ ਦੌਰਾਨ ਇੱਕਤਰ ਹੋਏ ਲੋਕਾਂ ਨੇ ਐਸਐਸਐਫ ਦੀ ਟੀਮ ਨਾਲ 18 ਜਖਮੀਆ ਨੂੰ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿਚ ਲਿਆਦਾਂ ਗਿਆ ਜਿਸ ਵਿਚੋਂ 3 ਦੀ ਮੌਤ ਹੋ ਗਈ ਜਦਕਿ 15 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਇਸ ਸਬੰਧੀ ਰਾਹਗੀਰਾਂ ਤੇ ਹਿੰਮਤਪੁਰਾ ਦੇ ਨਿਵਾਸੀਆਂ ਕੁਲਵਿੰਦਰ ਸਿੰਘ ਹਿੰਮਤਪੁਰਾ, ਇਕਬਾਲ ਸਿੰਘ ਗੋਪਾਲੋਂ, ਕਿਸਾਨ ਆਗੂ ਗੁਰਮੁੱਖ ਸਿੰਘ ਲਵਲੀ ਹਿੰਮਤਪੁਰਾ ਆਦਿ ਨੇ ਦੱਸਿਆ ਕਿ ਇਹ ਹਾਦਸਾ ਰਾਤੀਂ ਲੱਗਭੱਗ 10 ਵਜੇ ਦੇ ਕਰੀਬ ਹੋਇਆ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਕਿ ਪਿੰਡ ਦੇ ਬੱਸ ਸਟੈਂਡ ਦੇ ਨੇੜੇ ਇੱਕ ਬੱਸ ਬਿਜਲੀ ਦੇ ਪੋਲ ਨਾਲ ਟਕਰਾ ਗਈ ਸੀ ਅਤੇ ਸਵਾਰੀਆਂ ਦਾ ਚੀਖ ਚਿਹਾੜਾ ਪੈ ਰਿਹਾ ਸੀ। ਇਸ ਸਬੰਧੀ ਉਨ੍ਹਾਂ ਵੱਲੋਂ ਤੁਰੰਤ ਪਿੰਡ ਵਿਚ ਅਨਾਉਂਸਮੈਂਟ ਕਰਵਾਈ ਗਈ ਅਤੇ ਉਨ੍ਹਾਂ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਜ਼ਖਮੀ ਸਵਾਰੀਆਂ ਨੂੰ ਬਸ ’ਚੋਂ ਬਾਹਰ ਕੱਢਿਆ। ਉਨ੍ਹਾਂ ਦੋਸ਼ ਲਗਾਇਆ ਕਿ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ 112 ਨੰਬਰ ’ਤੇ ਕਾਲ ਵੀ ਕੀਤੀ ਗਈ ਪ੍ਰੰਤੂ ਐਂਬੂਲੈਂਸ ਕਾਫੀ ਲੇਟ ਪਹੁੰਚੀ। ਇਸ ਸਬੰਧੀ ਰੋਡ ਸੇਫਟੀ ਫੋਰਸ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਆਰਐੱਸਐੱਫ ਦੇ ਏਐੱਸਆਈ ਧਰਮ ਚੰਦ, ਸਾਹਿਲ ਬਾਲੀ, ਪ੍ਰਵੀਨ ਕੁਮਾਰ ਦੀ ਟੀਮ ਤੁਰੰਤ ਹਾਦਸੇ ਵਾਲੀ ਥਾਂ ’ਤੇ ਪਹੁੰਚੀ ਅਤੇ ਜਖਮੀਆਂ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਪਹੁੰਚਾਇਆ। ਹਸਪਤਾਲ ਵਿਖੇ ਡਿਊਟੀ ’ਤੇ ਤੈਨਾਤ ਡਾਕਟਰਾਂ ਵੱਲੋਂ ਕੁਲਵਿੰਦਰ ਸਿੰਘ (61) ਵਾਸੀ ਪਿੰਡ ਕੱਜਲ ਮਾਜਰਾ, ਹਰਬੀਰ ਸਿੰਘ (60) ਵਾਸੀ ਪਿੰਡ ਮੈਣ ਮਾਜਰੀ ਅਤੇ ਪ੍ਰਦੀਪ ਕੌਰ (40) ਵਾਸੀ ਲੁਹਾਰ ਮਾਜਰਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੇ ਇਲਾਵਾ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਜਸਕੀਰਤ ਕੌਰ (22) ਵਾਸੀ ਪਿੰਡ ਮੈਣ ਮਾਜਰੀ, ਹਰਪ੍ਰੀਤ ਕੌਰ (25) ਵਾਸੀ ਪਿੰਡ ਮੈਣ ਮਾਜਰੀ, ਦਰਸ਼ਨਾ ਦੇਵੀ (50) ਵਾਸੀ ਪਿੰਡ ਮੈਣ ਮਾਜਰੀ, ਕੁਲਵਿੰਦਰ ਕੌਰ (18) ਵਾਸੀ ਪਿੰਡ ਡਡਿਆਣਾ, ਅੰਜੂ ਬਾਲਾ (37) ਵਾਸੀ ਪਿੰਡ ਡਡਿਆਣਾ, ਦਿਲਦੀਪ ਕੌਰ (70), ਰਣਜੀਤ ਕੌਰ (45) ਵਾਸੀ ਪਿੰਡ ਮੈਣ ਮਾਜਰੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਬਲਜੀਤ ਸਿੰਘ (55), ਜਸਵੀਰ ਕੌਰ (50) ਅਤੇ ਕੁਲਵਿੰਦਰ ਕੌਰ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ 6 ਫੇਸ ਦੇ ਸਰਕਾਰੀ ਹਸਪਤਾਲ ਲਈ ਰੈਫਰ ਕੀਤਾ ਗਿਆ। ਉਧਰ ਇਸ ਸਬੰਧ ਵਿੱਚ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਵੱਲੋਂ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਹਸਪਤਾਲ ਪਹੁੰਚੇ ਜਿਲ੍ਹਾ ਰੂਪਨਗਰ ਦੇ ਸਿਵਲ ਸਰਜਨ ਡਾ. ਨਵਰੂਪ ਕੌਰ ਨੇ ਦੱਸਿਆ ਕਿ ਉਕਤ 15 ਮਰੀਜ ਰਾਤੀ 11 ਕੁ ਵਜੇ ਪਹੁੰਚੇ ਸਨ, ਜਿਨ੍ਹਾਂ ਵਿੱਚੋ ਤਿੰਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਦਕਿ 6 ਦੀ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਅਤੇ 3 ਨੂੰ ਮੋਹਾਲੀ ਭੇਜਿਆ ਗਿਆ ਅਤੇ 3 ਮਰੀਜਾਂ ਦੇ ਸੱਟਾਂ ਘੱਟ ਲੱਗਣ ਕਾਰਨ ਉਨਾਂ ਦੀ ਮਲੱਮ ਪੱਟੀ ਕਰਕੇ ਅਤੇ ਦਵਾਈ ਆਦਿ ਦੇ ਕੇ ਘਰ ਭੇਜ ਦਿੱਤਾ ਹੈ। ਉਨਾ ਦੱਸਿਆ ਕਿ ਉਨਾਂ ਵੱਲੋਂ ਵੀ ਮੌਕੇ ਤੇ ਇੱਕ ਐਂਬੂਲੈਂਸ ਭੇਜ ਕੇ ਮਰੀਜਾਂ ਨੂੰ ਪੀ.ਜੀ.ਆਈ ਤੇ ਮੋਹਾਲੀ ਭੇਜਿਆ ਗਿਆ ਅਤੇ ਮ੍ਰਿਤਕ ਸ਼ਰਧਾਲੂਆ ਦੇ ਪੋਸਟਮਾਰਟਮ ਲਈ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਨਾਲ ਗੱਲਬਾਤ ਕਰਕੇ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈਂ। ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਵੀ ਪ੍ਰਬੰਧਾਂ ਦੀ ਘਾਟ ਪੂਰੀ ਕਰਨ ਦੀ ਮੰਗ ਉਧਰ ਮ੍ਰਿਤਕ ਕੁਲਵਿੰਦਰ ਸਿੰਘ ਦੇ ਪੁੱਤਰ ਪ੍ਰਭਜੋਤ ਸਿੰਘ ਅਤੇ ਹੋਰਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਸਟਾਫ ਦੀ ਘਾਟ ਦੇ ਆਰੋਪ ਲਗਾਏ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਹਾਈਵੇ ਤੇ ਨੇੜੇ ਹੋਣ ਕਾਰਨ ਹਾਦਸਿਆਂ ਦੇ ਬਹੁਤੇ ਜ਼ਖਮੀ ਇੱਥੇ ਆਉਂਦੇ ਹਨ ਪ੍ਰੰਤੂ ਰਾਤ ਸਮੇਂ ਹਸਪਤਾਲ ਵਿਚ 15 ਜਖਮੀ ਪਹੁੰਚਣ ਸਮੇਂ ਸਟਾਫ ਦੀ ਅਤੇ ਡਾਕਟਰਾਂ ਦੀ ਘਾਟ ਖਟਕ ਰਹੀ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਸਮੇਂ ਰਾਤ ਵੇਲੇ ਵਾਧੂ ਸਟਾਫ ਦੀ ਤੁਰੰਤ ਤੈਨਾਤੀ ਦੇ ਪ੍ਰਬੰਧ ਕੀਤੇ ਜਾਣ। ਮ੍ਰਿਤਕਾਂ ਦੀ ਬਾਡੀ ਦੂਸਰੇ ਵੱਡੇ ਹਸਪਤਾਲ ਵਿਚ ਸ਼ਿਫਟ ਕਰਨ ਲਈ ਰਾਤ ਤੋਂ ਇੰਤਜ਼ਾਰ ਵਿਚ ਬੈਠੇ ਰਹੇ ਹਨ।