ਡੇਢ ਦਹਾਕੇ ਬਾਅਦ ਮੁੜ ਲੱਗਣਗੀਆ ਅੰਬੇਦਕਰ ਭਵਨ ਵਿਚ ਰੌਣਕਾਂ
ਦੇਰ ਆਏ ਦਰੁੱਸਤ ਆਏ: ਕਰੀਬ ਡੇਢ ਦਹਾਕੇ ਬਾਅਦ ਮੁੜ ਲੱਗਣਗੀਆ ਅੰਬੇਦਕਰ ਭਵਨ ਵਿਚ ਰੌਣਕਾਂ
Publish Date: Tue, 14 Apr 2026 05:57 PM (IST)
Updated Date: Tue, 14 Apr 2026 06:00 PM (IST)

ਵਿਧਾਇਕ ਚੱਢਾ ਵੱਲੋਂ ਬਾਬਾ ਸਾਹਿਬ ਦੇ ਜਨਮ ਦਿਵਸ ਮੌਕੇ ਨਵੀਨੀਕਰਨ ਉਪਰੰਤ ਭਵਨ ਲੋਕ ਸਮਰਪਿਤ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬੀ ਦੀ ਕਹਾਵਤ ਹੈ ਕਿ ਦੇਰ ਆਏ ਦਰੁੱਸਤ ਆਏ, ਕਰੀਬ ਡੇਢ ਦਹਾਕੇ ਤੋਂ ਖੰਡਰ ਬਣੇ ਅੰਬੇਦਕਰ ਭਵਨ ਦਾ ਆਪ ਸਰਕਾਰ ਵੱਲੋਂ ਕਰੀਬ 90 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਉਪਰੰਤ ਮੰਗਲਵਾਰ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਦੇ ਪਵਿੱਤਰ ਦਿਹਾੜੇ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਵਿਧਾਇਕ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਵਨ ਦਾ ਨਵੀਨੀਕਰਨ ਲਗਭਗ 90 ਲੱਖ ਰੁਪਏ ਦੀ ਲਾਗਤ ਨਾਲ ਤਕਨੀਕੀ ਮਿਆਰਾਂ ਅਨੁਸਾਰ ਕੀਤਾ ਗਿਆ ਹੈ। ਇਸ ਵਿਚ ਸੰਰਚਨਾਤਮਕ ਮਜ਼ਬੂਤੀ ਲਈ ਅਧੁਨਿਕ ਇੰਜੀਨੀਅਰਿੰਗ ਤਕਨੀਕਾਂ ਦੀ ਵਰਤੋਂ, ਨਵਾਂ ਫਲੋਰਿੰਗ ਸਿਸਟਮ, ਉੱਚ-ਗੁਣਵੱਤਾ ਵਾਲੀ ਬਿਜਲੀ ਵਾਇਰਿੰਗ, ਪਾਣੀ ਸਪਲਾਈ ਪ੍ਰਣਾਲੀ, ਸੈਨੀਟੇਸ਼ਨ ਸਹੂਲਤਾਂ ਅਤੇ ਵੈਂਟੀਲੇਸ਼ਨ ਨੂੰ ਧਿਆਨ ਵਿਚ ਰੱਖਦਿਆਂ ਡਿਜ਼ਾਇਨ ਤਿਆਰ ਕੀਤਾ ਗਿਆ ਹੈ, ਤਾਂ ਜੋ ਭਵਨ ਲੰਬੇ ਸਮੇਂ ਤੱਕ ਸੁਰੱਖਿਅਤ ਅਤੇ ਲਾਭਕਾਰੀ ਬਣਿਆ ਰਹੇ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਇਮਾਰਤ ਦੀ ਹਾਲਤ ਬਹੁਤ ਹੀ ਖਰਾਬ ਸੀ ਅਤੇ ਇਹ ਪੂਰੀ ਤਰ੍ਹਾਂ ਖੰਡਰ ਬਣ ਚੁੱਕੀ ਸੀ। ਆਲੇ-ਦੁਆਲੇ ਗੰਦਗੀ ਅਤੇ ਘਾਹ-ਬੂਟੀ ਦਾ ਬੋਲਬਾਲਾ ਸੀ ਅਤੇ ਜੰਗਲੀ ਜਾਨਵਰਾਂ ਦੀ ਆਵਾਜਾਈ ਕਾਰਨ ਲੋਕਾਂ ਲਈ ਇਹ ਥਾਂ ਅਸੁਰੱਖਿਅਤ ਬਣ ਗਈ ਸੀ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਇਸ ਭਵਨ ਦੀ ਪੂਰੀ ਤਰ੍ਹਾਂ ਮੁਰੰਮਤ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਅੰਬੇਦਕਰ ਭਵਨ ਇੱਕ ਆਧੁਨਿਕ ਅਤੇ ਸੁੰਦਰ ਰੂਪ ਵਿਚ ਤਿਆਰ ਹੋ ਚੁੱਕਾ ਹੈ, ਜਿਸ ਵਿਚ ਵਿਸ਼ਾਲ ਹਾਲ, ਸਾਫ਼-ਸੁਥਰਾ ਮਾਹੌਲ ਅਤੇ ਹੋਰ ਆਧੁਨਿਕ ਸਹੂਲਤਾਂ ਉਪਲਬਧ ਹਨ। ਇਹ ਭਵਨ ਇਲਾਕੇ ਵਿਚ ਸਮਾਜਿਕ, ਸੱਭਿਆਚਾਰਕ ਅਤੇ ਸ਼ਿਕਸ਼ਣਕ ਗਤੀਵਿਧੀਆਂ ਦਾ ਕੇਂਦਰ ਬਣੇਗਾ। ਇਸ ਮੌਕੇ ਕੌਸਲ ਪ੍ਰਧਾਨ ਅਸ਼ੋਕ ਵਾਹੀ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਜ਼ਿਲ੍ਹਾਂ ਲਿਖਾਰੀ ਸਭਾ ਦੇ ਜਰਨਲ ਸਕੱਤਰ ਸੁਰਜਨ ਸਿੰਘ, ਚੇਅਰਮੈਨ ਭਾਗ ਸਿੰਘ ਮਦਾਨ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਵਾਈਸ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਮੁਲਾਜ਼ਮ ਆਗੂ ਬਨਵਾਰੀ ਲਾਲ ਮੱਟੂ, ਸੰਦੀਪ ਜੋਸ਼ੀ, ਡਾ. ਦਵਿੰਦਰ ਬਜਾੜ, ਨਵਪ੍ਰੀਤ ਸ਼ਰਮਾ, ਐਡਵੋਕੇਟ ਅਮਨਦੀਪ ਸੈਣੀ, ਕੁਲਦੀਪ ਸਿੰਘ, ਮਨਦੀਪ ਸਿੰਘ, ਅਮਨਦੀਪ ਸਿੰਘ, ਮਾਸਟਰ ਜਗਦੀਤ ਸਿੰਘ, ਵਿਜੇ ਬਹਾਦਰ, ਜਥੇਦਾਰ ਭਾਗ ਸਿੰਘ, ਪ੍ਰਿੰਸੀਪਲ ਗੁਰਮੁਖ ਸਿੰਘ, ਪ੍ਰਿੰਸੀਪਲ ਸੰਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਖੰਡਰ ਬਣ ਗਿਆ ਸੀ ਭਵਨ ਗਿਆਨੀ ਜੈਲ ਸਿੰਘ ਨਗਰ ਵਿਚ 1994 ਵਿਚ ਬਣੇ ਭਵਨ ਅੰਬੇਦਰਕ ਭਵਨ ਦੀ 2010 ਤੋਂ ਬਾਅਦ ਕਿਸੇ ਨੇ ਸਾਰ ਨਹੀ ਲਈ ਸਮੇਂ ਦੀਆਂ ਸਰਕਾਰਾਂ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾਂ ਦੇ ਨਾਮ ‘ਤੇ ਬਣੇ ਅੰਬੇਦਕਰ ਭਵਨ ਦੀ ਜੂਨ ਸੁਧਾਰਨ ਲਈ ਕੁੰਝ ਨਹੀ ਕੀਤਾ ਗਿਆ। ਡਾ ਅੰਬੇਦਕਰ ਜੀ ਦਹੀ ਸੋਚ ‘ਤੇ ਪਹਿਰਾ ਦੇਣ ਵਾਲੇ ਲੋਕ ਨਿਰਾਸ਼ ਸਨ। ਭਵਨ ਦੇ ਨਵੀਨੀਕਰਨ ਲਈ 2022 ਵਿਚ 89 ਲੱਖ ਦੇ ਕਰੀਬ ਦਾ ਐਸਟੀਮੇਟ ਬਣਾ ਕੇ ਭੇਜਿਆ ਗਿਆ ਸੀ ਜਿਸ ਦੀ ਪਹਿਲੀ ਕਿਸ਼ਤ 34 ਲੱਖ 33 ਹਜਾਰ ਰੁਪਏ ਦੀ ਜਾਰੀ ਹੋਣ ਉਪਰੰਤ ਲੋਕ ਨਿਰਮਾਣ ਵਿਭਾਗ ਨੇ ਨਵੰਬਰ 2023 ਵਿਚ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਉਪਰੰਤ ਕਰੀਬ ਸਾਲ ਬਾਅਦ ਦੂਜੀ ਕਿਸ਼ਤ 25 ਸਤੰਬਰ 2024 ਨੂੰ 45 ਲੱਖ 18 ਹਜਾਰ ਰੁਪਏ ਦੀ ਜਾਰੀ ਹੋਣ ਉਪਰੰਤ ਕੰਮ ਪੂਰਾ ਕੀਤਾ ਗਿਆ।