ਆਈਆਈਟੀ ਰੋਪੜ ਵਿਖੇ ਈ ਸਮਿਟ-26 ਦੀ ਸ਼ਾਨਦਾਰ ਸ਼ੁਰੂਆਤ
ਆਈਆਈਟੀ ਰੋਪੜ ਵਿਖੇ ਈ ਸਮਿਟ-26 ਦੀ ਸ਼ਾਨਦਾਰ ਸ਼ੁਰੂਆਤ
Publish Date: Sat, 11 Apr 2026 06:03 PM (IST)
Updated Date: Sat, 11 Apr 2026 06:06 PM (IST)

ਤਕਨਾਲੋਜੀ ਵਿਕਾਸ ਬੋਰਡ ਦੇ ਸਕੱਤਰ ਨੇ ਕੀਤਾ ਉਦਘਾਟਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਭਾਰਤੀ ਪ੍ਰੌਦਯੋਗਿਕੀ ਸੰਸਥਾਨ (ਆਈਆਈਟੀ) ਰੋਪੜ ਵਿਖੇ ਸਾਲਾਨਾ ਉੱਦਮਤਾ ਅਤੇ ਨਵੀਨਤਾ ਸਿਖਰ ਸੰਮੇਲਨ ਈ-ਸਮਿਟ ਦਾ ਉਦਘਾਟਨ ਕੀਤਾ ਗਿਆ। ਇਸ ਦੀ ਥੀਮ ਹੈ ਅਸੰਭਵ ਨੂੰ ਸੰਭਵ ਕਰਨਾ। ਇਹ ਦੋ ਰੋਜ਼ਾ ਸਮਾਗਮ ਈ-ਸੈੱਲ ਆਈਆਈਟੀ ਰੋਪੜ ਵੱਲੋਂ ਟੈਕਨਾਲੌਜੀ ਬਿਜ਼ਨਸ ਇਨਕਿਊਬੇਟਰ ਫਾਊਂਡੇਸ਼ਨ (ਟੀਬੀਆਈਐੱਫ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। 11 ਅਤੇ 12 ਅਪ੍ਰੈਲ 2026 ਨੂੰ ਆਈਆਈਟੀ ਰੋਪੜ ਕੈਂਪਸ ਵਿਚ ਵਿਦਿਆਰਥੀ, ਸਟਾਰਟਅੱਪ, ਨਿਵੇਸ਼ਕ ਅਤੇ ਉਦਯੋਗ ਜਗਤ ਦੇ ਮੋਹਰੀ ਇਕੱਠੇ ਹੋ ਰਹੇ ਹਨ। ਇਸ ਮੌਕੇ ਉਦਘਾਟਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸਕੱਤਰ ਤਕਨਾਲੌਜੀ ਵਿਕਾਸ ਬੋਰਡ (ਟੀਡੀਬੀ) ਭਾਰਤ ਸਰਕਾਰ ਰਾਜੇਸ਼ ਕੁਮਾਰ ਪਾਠਕ ਅਤੇ ਸਨਮਾਨਿਤ ਮਹਿਮਾਨ ਵਜੋਂ ਪ੍ਰਧਾਨ, ਐੱਚਓਆਰਆਈਬੀਏ ਇੰਡੀਆ ਡਾ.ਰਾਜੀਵ ਗੌਤਮ ਸ਼ਾਮਲ ਹੋਏ, ਜਦਕਿ ਸਮਾਗਮ ਦੀ ਪ੍ਰਧਾਨਗੀ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ.ਰਾਜੀਵ ਅਹੂਜਾ ਨੇ ਕੀਤੀ। ਇਸ ਮੌਕੇ ਪ੍ਰੋ.ਰਾਜੀਵ ਅਹੂਜਾ ਨੇ ਕਿਹਾ ਕਿ ਆਈਆਈਟੀ ਰੋਪੜ ਡੀਪ-ਟੈੱਕ ਉੱਦਮਤਾ ਦੇ ਇੱਕ ਮਜ਼ਬੂਤ ਕੇਂਦਰ ਵਜੋਂ ਸਥਾਪਿਤ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾਨ ਤੋਂ ਹੁਣ ਤੱਕ 450 ਤੋਂ ਵੱਧ ਸਟਾਰਟਅੱਪ ਇਨਕਿਊਬੇਟ ਹੋ ਚੁੱਕੇ ਹਨ, ਜੋ ਇੱਥੇ ਬਣੇ ਈਕੋਸਿਸਟਮ ਵਿਚ ਨੌਜਵਾਨ ਨਵੀਨਤਾਕਾਰਾਂ ਦੇ ਵੱਧਦੇ ਭਰੋਸੇ ਦਾ ਸਬੂਤ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਖੋਜਕਾਰਾਂ ਨੂੰ ਰਵਾਇਤੀ ਰਾਹਾਂ ਤੋਂ ਅੱਗੇ ਜਾ ਕੇ ਖੋਜ ਅਤੇ ਨਵੀਨਤਾ ਰਾਹੀਂ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਅਤੇ ਸਟਾਰਟਅੱਪ ਇੰਡੀਆ ਵਰਗੀਆਂ ਯੋਜਨਾਵਾਂ ਰਾਹੀਂ ਦੇਸ਼ ਵਿਚ ਉੱਦਮਤਾ ਸੱਭਿਆਚਾਰ ਬਣਾਉਣ ਦੇ ਭਾਰਤ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਉੱਦਮੀ ਅਸਲ ਸਮੱਸਿਆਵਾਂ ਨੂੰ ਅਸਲ ਤਕਨੀਕ ਨਾਲ ਹੱਲ੍ਹ ਕਰ ਰਹੇ ਹਨ। ਇਸ ਸਮਿਟ ਦੀ ਊਰਜਾ ਉਸੇ ਅਗਾਂਹਵਧੂ ਜਜ਼ਬੇ ਨੂੰ ਦਰਸਾਉਂਦੀ ਹੈ ਜਿਸ ਲਈ ਆਈਆਈਟੀ ਰੋਪੜ ਜਾਣਿਆ ਜਾਂਦਾ ਹੈ। ਇਸ ਮੌਕੇ ਮੁੱਖ ਮਹਿਮਾਨ ਰਾਜ ਕੁਮਾਰ ਪਾਠਕ ਨੇ ਭਾਰਤ ਸਰਕਾਰ ਵੱਲੋਂ ਸਥਾਪਿਤ ਖੋਜ ਅਤੇ ਵਿਕਾਸ ਤੇ ਨਵੀਨਤਾ ਫੰਡ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੜਾਅ ਦੇ ਸਟਾਰਟਅੱਪ ਇਸ ਫੰਡ ਰਾਹੀਂ ਗ੍ਰਾਂਟ ਅਤੇ ਵਿੱਤੀ ਸਹਾਇਤਾ ਕਿਵੇਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਤਕਨਾਲੌਜੀ ਵਿਕਾਸ ਬੋਰਡ ਇਕ ਵਿਧਾਨਕ ਸੰਸਥਾ ਹੈ, ਸਵਦੇਸ਼ੀ ਤਕਨਾਲੌਜੀ ਦੇ ਵਿਕਾਸ ਅਤੇ ਵਪਾਰੀਕਰਨ ਵਿਚ ਲੱਗੀਆਂ ਭਾਰਤੀ ਕੰਪਨੀਆਂ ਨੂੰ ਵਿੱਤੀ ਸਹਾਇਤਾ ਦਿੰਦੀ ਹੈ। ਉਨ੍ਹਾਂ ਈ-ਸਮਿਟ 26 ਦੇ ਆਯੋਜਨ ਵਿਚ ਜੁਟੇ ਵਿਦਿਆਰਥੀਆਂ ਅਤੇ ਵਾਲੰਟੀਅਰਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰੀਬਾ ਇੰਡੀਆ ਦੇ ਪ੍ਰਧਾਨ ਡਾ.ਰਾਜੀਵ ਗੌਤਮ ਨੇ ਕਿਹਾ ਕਿ ਕੇਵਲ ਤਕਨੀਕੀ ਕਾਬਲੀਅਤ ਹੀ ਸਫਲ ਕਰੀਅਰ ਦੀ ਗਾਰੰਟੀ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਚੰਗਾ ਆਚਰਣ, ਸਕਾਰਾਤਮਕ ਰਵੱਈਆ ਅਤੇ ਵੱਖ-ਵੱਖ ਟੀਮਾਂ ਨਾਲ ਕੰਮ ਕਰਨ ਦੀ ਸਮਰੱਥਾ ਵੀ ਓਨੀ ਹੀ ਅਤੇ ਕਈ ਵਾਰ ਉਸ ਤੋਂ ਵੱਧ, ਜ਼ਰੂਰੀ ਹੁੰਦੀ ਹੈ। ਇਸ ਮੌਕੇ ਪਹਿਲੇ ਦਿਨ ਸਟਾਰਟਅੱਪ ਐਕਸਪੋ, ਬੁੱਕ ਫੇਅਰ ਅਤੇ ਇੰਟਰਨਸ਼ਿਪ ਫੇਅਰ ਇੱਕੋ ਸਮੇਂ ਚੱਲੇ, ਜਿਸ ਨਾਲ ਵਿਦਿਆਰਥੀਆਂ ਨੂੰ ਉੱਭਰਦੀਆਂ ਕੰਪਨੀਆਂ ਅਤੇ ਕਰੀਅਰ ਦੇ ਮੌਕਿਆਂ ਤੱਕ ਸਿੱਧੀ ਪਹੁੰਚ ਮਿਲੀ। ਇਸ ਦੌਰਾਨ ਪਿਚ ਵੱਖ ਕਾਬਲਿਆਂ ਨੇ ਸਟਾਰਟਅੱਪਾਂ ਅਤੇ ਵਿਦਿਆਰਥੀ ਟੀਮਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਅਤੇ ਪਛਾਣ ਹਾਸਲ ਕਰਨ ਦਾ ਮੌਕਾ ਦਿੱਤਾ।