ਨਗਰ ਕੌਂਸਲ ਰੂਪਨਗਰ ਦੀ ਐਡਵਰਟਾਈਜ਼ਮੈਂਟ ਆਮਦਨ ਵੱਧੀ
ਨਗਰ ਕੌਂਸਲ ਰੂਪਨਗਰ ਦੀ ਐਡਵਰਟਾਈਜ਼ਮੈਂਟ ਆਮਦਨ ਵੱਧ ਕੇ 47.10
Publish Date: Fri, 10 Apr 2026 03:26 PM (IST)
Updated Date: Fri, 10 Apr 2026 03:29 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਨਗਰ ਕੌਂਸਲ ਰੂਪਨਗਰ ਵੱਲੋਂ ਐਡਵਰਟਾਈਜ਼ਮੈਂਟ ਪ੍ਰਬੰਧਨ ਵਿਚ ਕੀਤੇ ਗਏ ਸੁਧਾਰਾਂ ਨਾਲ ਸ਼ਹਿਰ ਦੀ ਆਮਦਨ ਵਿਚ ਵੱਡਾ ਇਜਾਫਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਨਵੇਂ ਜਾਰੀ ਟੈਂਡਰ ਅਨੁਸਾਰ ਐਡਵਰਟਾਈਜ਼ਮੈਂਟ ਤੋਂ ਸਲਾਨਾ ਆਮਦਨ 4-5 ਲੱਖ ਰੁਪਏ ਤੋਂ ਵੱਧ ਕੇ 47.10 ਲੱਖ ਰੁਪਏ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰੀਬ 42 ਲੱਖ ਰੁਪਏ ਲੱਗਭੱਗ 800 ਤੋਂ 900 ਫੀਸਦੀ ਤੱਕ ਦਾ ਸਿੱਧਾ ਵਾਧਾ ਹੋਇਆ ਹੈ। ਉਨ੍ਹਾਂ ਨਗਰ ਕੌਂਸਲ ਦਫਤਰ ਵਿਖੇ ਚੇਅਰਮੈਨ, ਵਾਈਸ ਚੇਅਰਮੈਨ ਅਤੇ ਹੋਰ ਮੈਂਬਰਾਂ ਦੀ ਹਾਜ਼ਰੀ ਵਿਚ ਦੱਸਿਆ ਕਿ ਸ਼ਹਿਰ ਵਿਚ ਕੁੱਲ 311 ਐਡਵਰਟਾਈਜ਼ਮੈਂਟ ਸਾਈਟਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿਚ ਫਲੈਕਸ ਬੋਰਡ, ਯੂਨੀਪੋਲ, ਹੋਰਡਿੰਗ ਅਤੇ ਡਿਜੀਟਲ ਮਾਧਿਅਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ’ਚੋਂ ਲੱਗਭੱਗ 60 ਤੋਂ 70 ਫੀਸਦੀ ਥਾਵਾਂ ਤੋਂ ਨਗਰ ਕੌਂਸਲ ਨੂੰ ਕੋਈ ਰੈਵਨਿਊ ਪ੍ਰਾਪਤ ਨਹੀਂ ਹੋ ਰਿਹਾ ਸੀ, ਜਿਸ ਕਾਰਨ ਸਰਕਾਰੀ ਆਮਦਨ ਨੂੰ ਵੱਡਾ ਨੁਕਸਾਨ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਨਵੀਂ ਟੈਂਡਰ ਪ੍ਰਕਿਰਿਆ ਵਿਚ ਸਾਰੀਆਂ 311 ਸਾਈਟਾਂ ਨੂੰ ਇਕੱਠਾ ਕਰਕੇ ਇੱਕ ਸੰਯੁਕਤ ਕਮਰਸ਼ੀਅਲ ਮਾਡਲ ਤਹਿਤ ਲਿਆਂਦਾ ਗਿਆ। ਇਸ ਦੇ ਨਾਲ ਹੀ ਔਸਤ ਪ੍ਰਤੀ ਸਾਈਟ ਆਮਦਨ ’ਚ ਕੀਤੇ ਗਏ ਵਾਧੇ ਨਾਲ ਨਾ ਸਿਰਫ ਆਮਦਨ ਵਿਚ ਵਾਧਾ ਹੋਇਆ ਹੈ, ਸਗੋਂ ਪ੍ਰਬੰਧਕੀ ਪਾਰਦਰਸ਼ਤਾ ਵੀ ਯਕੀਨੀ ਬਣੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸਾਹਮਣੇ ਆਇਆ ਕਿ ਕਈ ਥਾਵਾਂ ’ਤੇ ਬਿਨਾਂ ਅਧਿਕਾਰ ਦੇ ਐਡਵਰਟਾਈਜ਼ਮੈਂਟ ਲੱਗ ਰਹੇ ਸਨ, ਜਿਨ੍ਹਾਂ ਤੋਂ ਕੋਈ ਰੈਵਨਿਊ ਇਕੱਠਾ ਨਹੀਂ ਕੀਤਾ ਜਾ ਰਿਹਾ ਸੀ। ਇਸ ਗੜਬੜ ਨੂੰ ਖਤਮ ਕਰਦਿਆਂ ਹੁਣ ਹਰ ਸਾਈਟ ਨੂੰ ਟੈਂਡਰ ਸਿਸਟਮ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਵਾਹੀ, ਵਾਈਸ ਪ੍ਰਧਾਨ ਰਾਜੂ ਸਤਿਆਲ ਅਤੇ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਵਿਸਥਾਰਪੂਰਵਕ ਯੋਜਨਾ ਤਿਆਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਟੈਂਡਰ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ, ਜਿਸ ਨਾਲ ਮੁਕਾਬਲੇਦਾਰੀ ਵਧੀ ਅਤੇ ਵਧੀਆ ਦਰਾਂ ਪ੍ਰਾਪਤ ਹੋਈਆਂ। ਉਨ੍ਹਾਂ ਕਿਹਾ ਕਿ ਇਸ ਵਾਧੂ ਆਮਦਨ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ’ਤੇ ਖਰਚ ਕਰਨ ਦੀ ਸਮਰੱਥਾ ਵਧੇਗੀ। ਉਨ੍ਹਾਂ ਕਿਹਾ ਕਿ ਇਸ ਸਲਾਨਾ ਆਮਦਨ ਨਾਲ ਸੜਕਾਂ ਦੀ ਮੁਰੰਮਤ, ਸਟ੍ਰੀਟ ਲਾਈਟਿੰਗ, ਸਫਾਈ ਪ੍ਰਬੰਧ ਅਤੇ ਪਾਰਕਾਂ ਦੇ ਵਿਕਾਸ ਵਰਗੇ ਕੰਮ ਹੋਰ ਤੇਜ਼ੀ ਨਾਲ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਭਵਿੱਖ ਵਿਚ ਡਿਜੀਟਲ ਐਡਵਰਟਾਈਜ਼ਮੈਂਟ ਅਤੇ ਸਮਾਰਟ ਡਿਸਪਲੇਅ ਸਕਰੀਨਾਂ ਦੇ ਜ਼ਰੀਏ ਇਸ ਰੈਵਨਿਊ ਨੂੰ 60 ਤੋਂ 70 ਲੱਖ ਰੁਪਏ ਸਲਾਨਾ ਤੱਕ ਵਧਾਉਣ ਦੀ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟੈਂਡਰ ਦਾ ਐਗਰੀਮੈਂਟ ਵੀ ਫਾਈਨਲ ਹੋ ਚੁੱਕਾ ਹੈ ਅਤੇ ਜਲਦੀ ਹੀ ਇਸਦੀ ਪੂਰੀ ਲਾਗਤ ਸ਼ੁਰੂ ਕਰ ਦਿੱਤੀ ਜਾਵੇਗੀ।