ਕੁਦਰਤੀ ਸਰੋਤਾਂ ਦੀ ਲੁੱਟ ਦਾ ਜ਼ਿੰਮੇਵਾਰ ਕੌਣ : ਅਸ਼ਵਨੀ ਸ਼ਰਮਾ
ਕੀ ਮੁੱਖ ਮੰਤਰੀ ਕੁਦਰਤੀ ਸਰੋਤਾਂ ਦੀ ਲੁੱਟ ਕਰਨ ਵਾਲਿਆਂ ਵਿਰੁੱਧ ਕਰਨਗੇ ਕਾਰਵਾਈ:
Publish Date: Tue, 31 Mar 2026 06:49 PM (IST)
Updated Date: Tue, 31 Mar 2026 06:52 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਕੁਦਰਤੀ ਸਰੋਤਾਂ ਦੀ ਹੋ ਰਹੀ ਗੈਰ-ਕਾਨੂੰਨੀ ਲੁੱਟ ਅਤੇ ਗੁੰਡਾ ਪਰਚੀ ਦੇ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਵਿਖੇ ਆਉਣ ’ਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਜ਼ਰੂਰ ਦੇਣ ਕੇ ਇਸ ਲੁੱਟ ਦਾ ਜ਼ਿੰਮੇਵਾਰ ਆਖਿਰ ਕੌਣ ਹੈ? ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਸ਼ਵਨੀ ਸ਼ਰਮਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਰੂਪਨਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਆਪ 2022 ਵਿਚ ਸੱਤਾ ’ਚ ਆਉਣ ਤੋਂ ਪਹਿਲਾਂ ਪੰਜਾਬ ਦੇ ਖਜ਼ਾਨੇ ਵਿਚ ਹਰ ਸਾਲ 20,000 ਕਰੋੜ ਦਾ ਮਾਲੀਆ ਇਕੱਠਾ ਕਰਨ ਦਾ ਦਾਅਵਾ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਵਿਚ ਪੰਜਾਬ ਦੇ ਖਜ਼ਾਨੇ ਵਿਚ ਕਿੰਨਾ ਮਾਲੀਆ ਜਮ੍ਹਾਂ ਹੋਇਆ ਅਤੇ ਇਸ ਵਿਚ ਗੈਪ ਦਾ ਜ਼ਿੰਮੇਵਾਰ ਕੋਣ ਹੈ। ਉਨ੍ਹਾਂ ਕਿਹਾ ਕਿ ਕੀ ਇਸ ਦੀ ਨਿਸ਼ਾਨਦੇਹੀ ਕਰਕੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਕਾਮੇਡੀ ਕਰ ਕੇ ਮਾਮਲੇ ਨੂੰ ਰਫਾ-ਦਫਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਸਾਡੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਖੇੜਾ ਕਲਮੋਟ ਵਿਖੇ ਵੱਡੇ-ਵੱਡੇ ਪਹਾੜਾਂ ਦਾ ਸੀਨਾ ਛੱਲਣੀ ਕਰ ਰਹੇ ਮਾਇਨਿੰਗ ਮਾਫੀਆ ਵਿਰੁੱਧ ਆਵਾਜ਼ ਚੁੱਕੀ ਤਾਂ ਮਾਇਨਿੰਗ ਮਾਫੀਆ ਅਤੇ ਸਰਕਾਰ ਦੇ ਗੁੰਡਿਆਂ ਨੇ ਉਸਦੀ ਆਵਾਜ਼ ਬੰਦ ਕਰਨ ਲਈ ਧਮਕੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜਦੋਂ ਉਹ ਪਿੱਛੇ ਨਹੀਂ ਹਟੇ ਤਾਂ ਸਾਡੇ ਬਲਾਕ ਪ੍ਰਧਾਨ ’ਤੇ ਇਰਾਦਾ ਕਤਲ ਦਾ ਝੂਠਾ ਮੁਕੱਦਮਾ ਦਰਜ ਕਰਵਾਇਆ ਪ੍ਰੰਤੂ ਅਦਾਲਤ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਮਾਇਨਿੰਗ ਦੇ ਕਾਰਨ, ਮਾਇਨਿੰਗ ਦੀ ਹਦੂਦ ਵਿਚ ਰਹਿਣ ਵਾਲੇ ਲੋਕਾਂ ਦੇ ਰੋਜ਼ਾਨਾ ਜੀਵਨ ’ਤੇ ਕਾਫੀ ਮਾੜਾ ਪ੍ਰਭਾਵ ਪੈ ਰਿਹਾ ਹੈ, ਸੜਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਤੇ ਸੜਕ ਹਾਦਸਿਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੀ ਵੀਂ ਉਦੋਂ ਹਵਾ ਨਿਕਲ ਗਈ ਜਦੋਂ ਆਪ ਪਾਰਟੀ ਦੇ ਆਗੂ ਕੋਲੋਂ ਲੱਗਭੱਗ 300 ਕਰੋੜ ਦੀ ਹੈਰੋਇਨ ਫੜੀ ਗਈ। ਉਨ੍ਹਾਂ ਕਿਹਾ ਕਿ ਕੀ ਮੁੱਖ ਮੰਤਰੀ ਨੂੰ ਉਹ ਉਨ੍ਹਾਂ ਮਾਵਾਂ ਦੀ ਆਵਾਜ਼ ਬਣ ਕੇ ਪੁੱਛਣਾ ਚਾਹੁੰਦੇ ਹਨ ਕਿ ਕੀ ਤੁਹਾਨੂੰ ਉਨ੍ਹਾਂ ਮਜਬੂਰ ਮਾਵਾਂ ਦੀ, ਜੋ ਅਪਣੇ ਪੁੱਤਾਂ ਨੂੰ ਚਿੱਟੇ ਦੇ ਕਾਰਨ ਖੋ ਚੁੱਕੀਆਂ ਹਨ, ਦੀਆਂ ਸਿਸਕੀਆਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਉਨ੍ਹਾਂ ਕਿਹਾ ਕੇ ਅਪਣੇ ਆਪ ਨੂੰ ਆਮ ਘਰਾਂ ਦਾ ਪੁੱਤ ਕਹਿਣ ਵਾਲਾ ਭਗਵੰਤ ਮਾਨ ਆਮ ਘਰਾਂ ਦੇ ਲੋਕਾਂ ਤੋਂ ਦੂਰ ਕਿਵੇਂ ਹੋ ਗਿਆ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਮਾਇਨਿੰਗ ਦੀ ਪਾਲਿਸੀ ਬਣਾਉਣ ਵਾਲੇ ਮੁੱਖ ਮੰਤਰੀ ਨੂੰ ਅੱਜ ਗੈਰ ਕਾਨੂੰਨੀ ਮਾਇਨਿੰਗ ਅਤੇ ਗੁੰਡਾ ਪਰਚੀ ਵਾਲੇ ਗੁੰਡੇ ਦਿਖਾਈ ਕਿਉਂ ਨਹੀਂ ਦਿੰਦੇ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਅਪਣੀ ਗੁਰ ਨਗਰੀ ਵਿਖੇ ਫੇਰੀ ਦੌਰਾਨ ਜ਼ਰੂਰ ਦੇਣੇ ਚਾਹੀਦੇ ਹਨ ਨਾ ਕਿ ਚੁੱਟਕਲੇ ਸੁਣਾ ਕੇ ਅਪਣੀ ਜ਼ਿੰਮੇਵਾਰੀ ਤੋਂ ਭੱਜਣਾ ਚਾਹੀਦਾ ਹੈ, ਨਹੀਂ ਤਾਂ ਪੰਜਾਬ ਦੀ ਜਨਤਾ 2027 ਵਿਚ ਇਨ੍ਹਾਂ ਨੂੰ ਚੱਲਦਾ ਕਰਨ ਲਈ ਅਪਣਾ ਮਨ ਬਣਾ ਚੁੱਕੀ ਹੈ।