ਡੀਜੇ ਬੰਦ ਕਰਾਉਣ ਕਾਰਨ ਹੋਈ ਲੜਾਈ ’ਚ ਦੋ ਜ਼ਖਮੀ
ਵਿਆਹ ਸਮਾਗਮ ਦੌਰਾਨ ਡੀਜੇ ਬੰਦ ਕਰਾਉਣ ਦੀ ਰੰਜਿਸ਼ ਕਾਰਨ ਲੜਾਈ ਵਿਚ ਦੋ ਜ਼ਖਮੀ
Publish Date: Mon, 30 Mar 2026 06:06 PM (IST)
Updated Date: Mon, 30 Mar 2026 06:09 PM (IST)

ਅਸ਼ੋਕ ਕੁਮਾਰ ਚੇਤਲ, ਪੰਜਾਬੀ ਜਾਗਰਣ, ਚਮਕੌਰ ਸਾਹਿਬ/ਬੇਲਾ: ਪਿੰਡ ਰਤਨਪੁਰ ਮੰਡ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਡੀਜੇ ਬੰਦ ਕਰਾਉਣ ਦੀ ਰੰਜਿਸ਼ ਕਾਰਨ ਹੋਈ ਲੜਾਈ ਵਿਚ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਦੌਰਾਨ ਲਾੜੇ ਦਾ ਭਰਾ ਤੇ ਭੂਆ ਦਾ ਲੜਕਾ ਗੰਭੀਰ ਰੂਪ ਵਿਚ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਭਰਤੀ ਕਰਵਾਇਆ ਗਿਆ । ਪੁਲੀਸ ਚੌਂਕੀ ਬੇਲਾ ਦੇ ਇੰਚਾਰਜ਼ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਲਾਲ ਸਿੰਘ ਪਿੰਡ ਦਾਤਾ ਥਾਣਾ ਮਹਿਲਪੁਰ ਨੇ ਪੁਲੀਸ ਨੂੰ ਲਿਖਵਾਏ ਬਿਆਨ ਵਿਚ ਦੱਸਿਆ ਕਿ 23 ਮਾਰਚ ਨੂੰ ਉਸ ਦੇ ਮਾਮੇ ਬਲਵਿੰਦਰ ਸਿੰਘ ਦੇ ਪੁੱਤਰ ਗੁਰਬਾਜ ਸਿੰਘ ਦੀ ਸ਼ਾਦੀ ਸੀ ਜਿਸ ਕਾਰਨ ਉਹ ਪਿੰਡ ਰਤਨਪੁਰ ਮੰਡ ਵਿੱਚ ਆਇਆ ਹੋਇਆ ਸੀ। ਉਸ ਨੇ ਦੱਸਿਆ ਕਿ 23 ਮਾਰਚ ਨੂੰ ਗੁਰਬਾਜ ਸਿੰਘ ਦੀ ਬਰਾਤ ਬਲਾਚੌਰ ਭੱਦੀ ਰੋਡ ਵਿਖੇ ਸੈਣੀ ਪੈਲੇਸ ਵਿਚ ਗਈ ਸੀ,ਜਿੱਥੇ ਸਵੇਰ ਤੋਂ ਹੀ ਡੀਜੇ ਚੱਲ ਰਿਹਾ ਸੀ, ਆਨੰਦ ਕਾਰਜ ਦੀ ਰਸਮ ਉਪਰੰਤ ਲਾੜਾ ਲਾੜੀ ਦੇ ਪੈਲੇਸ ਵਿਚ ਵਾਪਸ ਆਉਣ ਤੇ ਸ਼ਗਨ ਦੀ ਰਸਮ ਪੂਰੀ ਹੋਣ ਤੇ ਉਸ ਵੱਲੋ 5.15 ਵਜੇ ਪੈਲੇਸ ਵਿਚ ਡੀਜੇ ਬੰਦ ਕਰਵਾ ਦਿੱਤਾ ਗਿਆ। ਡੀਜੇ ਬੰਦ ਕਰਾਉਣ ਦਾ ਪੈਲੇਸ ਵਿਚ ਹੀ ਲਾੜੇ ਗੁਰਬਾਜ ਸਿੰਘ ਦੀ ਮਾਸੀ ਦੇ ਲੜਕੇ ਗੁਰਚਰਨ ਸਿੰਘ ਪਿੰਡ ਸ਼ੰਭੂ ( ਪਟਿਆਲਾ ) ਅਤੇ ਉਸ ਦੇ ਚਾਚੇ ਦੇ ਪੁੱਤਰ ਜਸ਼ਨ ਨੇ ਵਿਰੋਧ ਕੀਤਾ ਅਤੇ ਉਹ, ਉਸ ਨਾਲ ਗਾਲੀ ਗਲੋਚ ਤੇ ਧੱਕਾ-ਮੁੱਕੀ ਕਰਦਿਆਂ ਧਮਕੀਆਂ ਦਿੰਦੇ ਹੋਏ ਪੈਲੇਸ ਤੋਂ ਬਾਹਰ ਚਲੇ ਗਏ। ਉਸ ਨੇ ਦੱਸਿਆ ਕਿ 26 ਮਾਰਚ ਨੂੰ ਉਹ ਆਪਣੇ ਮਾਮੇ ਦੇ ਛੋਟੇ ਲੜਕੇ ਮਿੱਤਰਪਾਲ ਸਿੰਘ ਨਾਲ ਮੋਟਰਸਾਈਕਲ ਨੰਬਰ ਪੀਬੀ- 12 ਏ ਕੇ- 5433 ਰਾਂਹੀ ਕਿਸੇ ਘਰੇਲੂ ਕੰਮ ਲਈ ਰੂਪਨਗਰ ਜਾ ਰਿਹਾ ਸੀ ਤਾਂ ਗੁਰਚਰਨ ਸਿੰਘ ਤੇ ਜਸ਼ਨ ਸਮੇਤ ਪੰਜ ਛੇ ਹੋਰ ਅਣਪਛਾਤੇ ਨੌਜਵਾਨ ਦੋ ਕਾਰਾਂ ਵਿਚ ਆਏ, ਕਾਰ ਸਵਾਰਾਂ ਨੇ ਉਨ੍ਹਾਂ ਦੇ ਮੋਟਰਸਾਈਕਲ ਵਿਚ ਟੱਕਰ ਮਾਰੀ, ਜਿਸ ਕਾਰਨ ਉਹ ਮੋਟਰਸਾਈਕਲ ਸਮੇਤ ਡਿੱਗ ਪਏ,ਜਿੱਥੇ ਗੁਰਚਰਨ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਉਸ ਦੀ ਅਤੇ ਮਿੱਤਰਪਾਲ ਸਿੰਘ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਨਾਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਸਿਵਲ ਹਸਪਤਾਲ ਰੂਪਨਗਰ ਵਿਖੇ ਜੇਰੇ ਇਲਾਜ਼ ਹਨ । ਪੁਲੀਸ ਨੇ ਗੁਰਚਰਨ ਸਿੰਘ, ਜਸ਼ਨ ਅਤੇ 5-6 ਅਣਪਛਾਤੇ ਹਮਲਾਵਰਾਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।