ਸਵਾਲਾਂ ਦੇ ਘੇਰੇ ’ਚ ਨਗਰ ਕੌਂਸਲ ਦੀ ਕਾਰਗੁਜ਼ਾਰੀ
ਨਗਰ ਕੌਂਸਲ ਅਧਿਕਾਰੀਆਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ’ਚ, ਸ਼ਹਿਰ ਬਣਾਇਆ ਕੂੜੇ
Publish Date: Tue, 24 Mar 2026 05:55 PM (IST)
Updated Date: Tue, 24 Mar 2026 05:58 PM (IST)

ਖਿਡਾਰੀਆਂ ਦੇ ਇੱਕੋ ਇੱਕ ਖੇਡ ਮੈਦਾਨ ਨੂੰ ਬਣਾਇਆ ਕੂੜੇ ਦਾ ਡੰਪ ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਨਗਰ ਕੌਂਸਲ ਮੋਰਿੰਡਾ ਦੇ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਕਾਰਨ ਪੂਰਾ ਮੋਰਿੰਡਾ ਸ਼ਹਿਰ ਹੀ ਕੂੜੇ ਦੇ ਡੰਪ ਵਿਚ ਤਬਦੀਲ ਹੋ ਗਿਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਹਰ ਥਾਂ ਲੱਗੇ ਕੂੜੇ ਦੇ ਵੱਡੇ ਵੱਡੇ ਢੇਰ ਤੇ ਇਨ੍ਹਾਂ ਢੇਰਾਂ ਵਿਚ ਪੈਦਾ ਹੋ ਰਹੇ ਮੱਖੀ ਮੱਛਰ ਅਤੇ ਫੈਲ ਰਹੀ ਦੁਰਗੰਧ ਕਾਰਨ ਸ਼ਹਿਰ ਕਦੇ ਵੀ ਕਿਸੇ ਗੰਭੀਰ ਬਿਮਾਰੀ ਦੀ ਲਪੇਟ ਵਿਚ ਆ ਸਕਦਾ ਹੈ, ਜਦਕਿ ਨਗਰ ਕੌਂਸਲ ਅਧਿਕਾਰੀ ਲੰਬੀਆਂ ਤਾਣੀ ਸੁੱਤੇ ਪਏ ਹਨ। ਇਸ ਸਬੰਧੀ ਪਰੇਸ਼ਾਨ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਲਗਭਗ ਰੋਜ਼ਾਨਾ ਹੀ ਲਗਵਾਈਆਂ ਜਾਂਦੀਆਂ ਖਬਰਾਂ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨੀਂਦ ਨਹੀਂ ਖੋਲ ਸਕੀਆਂ। ਇਸ ਸਬੰਧੀ ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਚੱਕਲ, ਐੱਨਆਰਆਈ ਜਗਰਾਜ ਸਿੰਘ ਮਾਨਖੇੜੀ, ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ ਤੇ ਜਗਪਾਲ ਸਿੰਘ ਜੌਲੀ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰ, ਯੂਥ ਆਗੂ ਲੱਖੀ ਸ਼ਾਹ, ਮਜੀਦ ਮੋਨੂ ਖਾਨ, ਸਮਾਜ ਸੇਵੀ ਮਨਮੋਹਣ ਕੁਮਾਰ, ਵਿਕਰਾਂਤ ਵਰਮਾ ਅਤੇ ਦਰਜਨਾਂ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਅਧਿਕਾਰੀਆਂ ਦੀ ਨਾਕਾਬਲੀਅਤ ਕਾਰਨ ਨਗਰ ਕੌਂਸਲ ਮੋਰਿੰਡਾ ਸ਼ਹਿਰ ਦਾ ਕੂੜਾ ਕਰਕਟ ਸੁੱਟਣ ਲਈ ਪਿਛਲੇ ਕਈ ਮਹੀਨਿਆਂ ਤੋਂ ਕੋਈ ਜਗ੍ਹਾ ਹੀ ਪ੍ਰਾਪਤ ਨਹੀਂ ਕਰ ਸਕੀ। ਇਸ ਦੇ ਕਾਰਨ ਸ਼ਹਿਰ ਵਿਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੋਰਿੰਡਾ ਦੇ ਈਓ ਅਤੇ ਅਧਿਕਾਰੀ ਸ਼ਹਿਰ ਵਿਚ ਸਫਾਈ ਵਿਵਸਥਾ ਬਣਾਏ ਰੱਖਣ ਵਿਚ ਬੁਰੀ ਤਰ੍ਹਾਂ ਨਾਲ ਅਸਫਲ ਹੋਏ ਹਨ। ਉਕਤ ਆਗੂਆਂ ਤੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਈਓ ਜ਼ਿਆਦਾਤਰ ਵਾਧੂ ਚਾਰਜ ਵਾਲੇ ਨਗਰ ਪੰਚਾਇਤ ਘੜੂੰਆਂ ਵਿਖੇ ਹੀ ਆਪਣਾ ਸਮਾਂ ਬਤੀਤ ਕਰਦੇ ਹਨ। ਇਸ ਦੇ ਕਾਰਨ ਮੋਰਿੰਡਾ ਸ਼ਹਿਰ ਵੱਲ ਬੇਧਿਆਨੀ ਕਾਰਨ ਹੀ ਅਜਿਹੀ ਸਮੱਸਿਆ ਪੈਦਾ ਹੋਈ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਜਦੋਂ ਨਗਰ ਕੌਂਸਲ ਮੋਰਿੰਡਾ ਨੂੰ ਸ਼ਹਿਰ ਵਿਚ ਕੂੜਾ ਸੁੱਟਣ ਲਈ ਕੋਈ ਥਾਂ ਨਹੀਂ ਮਿਲੀ, ਤਾਂ ਲੱਖਾਂ ਰੁਪਏ ਦੀ ਸਰਕਾਰੀ ਗ੍ਰਾਂਟ ਨਾਲ ਬਣੇ ਇੱਕੋ ਇੱਕ ਮਿੰਨੀ ਖੇਡ ਸਟੇਡੀਅਮ ਵਿਖੇ ਵੀ ਨਗਰ ਕੌਂਸਲ ਵੱਲੋਂ ਕੂੜੇ ਅਤੇ ਗੰਦਗੀ ਦੀਆਂ ਟਰਾਲੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਨਗਰ ਕੌਂਸਲ ਵੱਲੋਂ ਹੈਂਡਬਾਲ ਮੈਦਾਨ ਨੂੰ ਕੂੜੇ ਦਾ ਡੰਪ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਕੁੜੇ ਦੀਆਂ 3-4 ਟਰਾਲੀਆਂ ਖੇਡ ਮੈਦਾਨ ਵਿਚ ਸੁੱਟ ਦਿੱਤੀਆਂ ਗਈਆਂ। ਇਸ ਦੇ ਕਾਰਨ ਖਿਡਾਰੀਆਂ, ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਦੇ ਮਾਪਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਦਸਮੇਸ਼ ਹੈਂਡਬਾਲ ਸਪੋਰਟਸ ਕਲੱਬ ਮੋਰਿਡਾ ਦੇ ਮੀਤ ਪ੍ਰਧਾਨ ਕਿਸ਼ਨ ਸਿੰਘ ਰਾਣਾ ਨੇ ਦੱਸਿਆ ਕਿ ਕੂੜੇ ਦੇ ਡੰਪ ਲਈ ਨਗਰ ਕੌਂਸਲ ਮੋਰਿੰਡਾ ਵੱਲੋਂ ਪਿੰਡ ਭਟੇੜੀ ਵਿਖੇ ਬਣਾਏ ਕੂੜਾ ਡੰਪ ਦੇ ਵਿਰੋਧ ਕਾਰਨ ਨਗਰ ਕੌਂਸਲ ਨੂੰ ਉਕਤ ਕੂੜੇ ਦਾ ਡੰਪ ਖਾਲੀ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕੂੜਾ ਡੰਪ ਕਰਨ ਲਈ ਥਾਂ ਨਾ ਮਿਲਣ ਕਾਰਨ ਸ਼ਹਿਰ ਦੇ ਹਰ ਗਲੀ ਮੁਹੱਲੇ ਅਤੇ ਮੋੜ ’ਤੇ ਗੰਦਗੀ ਦੇ ਢੇਰ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਕਰ ਰਹੇ ਹਨ। ਉਨ੍ਹਾਂ ਡੀਸੀ ਰੂਪਨਗਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਖੇਡ ਦੇ ਮੈਦਾਨ ਵਿਚ ਸੁੱਟਿਆ ਕੂੜਾ ਤੁਰੰਤ ਚੁੱਕਵਾਇਆ ਜਾਵੇ। ਇਸ ਦੌਰਾਨ ਸਮਾਜ ਸੇਵੀ ਡਾ.ਨਿਰਮਲ ਧੀਮਾਨ ਤੇ ਡਾ.ਗੁਰਪ੍ਰੀਤ ਸਿੰਘ ਮਾਵੀ, ਭਾਕਿਯੂ ਰਾਜੇਵਾਲ ਦੇ ਸੁਬਾਈ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਬਲਾਕ ਪ੍ਰਧਾਨ ਜਰਨੈਲ ਸਿੰਘ ਸਰਹਾਣਾ ਅਤੇ ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਗੁਰਚਰਨ ਸਿੰਘ ਢੋਲਣ ਮਾਜਰਾ ਤੇ ਰਣਧੀਰ ਸਿੰਘ ਮਾਜਰੀ ਤੇ ਸ਼ਹਿਰ ਵਾਸੀਆਂ ਨੇ ਡਿਪਟੀ ਕਮਿਸ਼ਨਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਮੋਰਿੰਡਾ ਸ਼ਹਿਰ ਨੂੰ ਕੂੜੇ ਦੇ ਢੇਰ ਵਿਚ ਬਦਲਣ ਵਾਲੇ ਨਗਰ ਕੌਂਸਲ ਦੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐੱਸਡੀਐੱਮ ਮੋਰਿੰਡਾ ਚੇਤਨ ਬੰਗੜ ਨੇ ਕਿਹਾ ਕਿ ਈਓ ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ੍ਹ ਕੀਤਾ ਜਾਵੇਗਾ।