ਡਿਪਟੀ ਕਮਿਸ਼ਨਰ ਵੱਲੋਂ ਹਰਸਨ ਗੈਸ ਏਜੰਸੀ ਦੀ ਕੀਤੀ ਚੈਕਿੰਗ
ਡਿਪਟੀ ਕਮਿਸ਼ਨਰ ਵੱਲੋਂ ਹਰਸਨ ਗੈਸ ਏਜੰਸੀ ਦੀ ਕੀਤੀ ਚੈਕਿੰਗ
Publish Date: Sat, 21 Mar 2026 03:09 PM (IST)
Updated Date: Sat, 21 Mar 2026 03:13 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ, ਐੱਸਐੱਸਪੀ ਮਨਿੰਦਰ ਸਿੰਘ ਅਤੇ ਏਡੀਸੀ ਅਵਿਕੇਸ਼ ਗੁਪਤਾ ਵੱਲੋਂ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਹਰਸਨ ਗੈਸ ਏਜੰਸੀ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਵੱਲੋਂ ਏਜੰਸੀ ਵਿਖੇ ਸਟਾਕ ਰਜਿਸਟਰ ਚੈੱਕ ਕੀਤਾ ਗਿਆ ਅਤੇ ਹਦਾਇਤ ਕੀਤੀ ਗਈ ਗੈਸ ਸਿਲੰਡਰਾਂ ਦੀ ਸਪਲਾਈ ਸਬੰਧੀ ਰਿਕਾਰਡ ਨੂੰ ਮੁਕੰਮਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪੱਧਰ ’ਤੇ ਕੋਈ ਅਣਗਹਿਲੀ ਜ਼ਾਂ ਕਾਲਾ ਬਾਜ਼ਾਰੀ ਕੀਤੀ ਜਾਂਦੀ ਹੈ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਗੈਸ ਏਜੰਸੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 12 ਮਾਰਚ ਤੱਕ ਦੀਆਂ ਬੁੱਕਿੰਗ ਵਾਲੇ ਲਾਭਪਾਤਰੀਆਂ ਨੂੰ ਸਿਲੰਡਰ ਦਿੱਤੇ ਜਾ ਰਹੇ ਹਨ ਅਤੇ ਅੱਗੇ ਵੀ ਸਿਲੰਡਰਾਂ ਦੀ ਬੁਕਿੰਗ ਕੀਤੀ ਜਾ ਰਹੀ ਹੈ। ਇਸ ਦੇ ਉਪਰੰਤ ਡੀਸੀ ਅਤੇ ਐੱਸਐੱਸਪੀ ਵੱਲੋਂ ਗੈਸ ਏਜੰਸੀ ਦੇ ਗੋਦਾਮ ਦੀ ਵੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਸਟਾਕ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਇਨ੍ਹਾਂ ਵੱਲੋਂ ਸਿਲੰਡਰਾਂ ਦੀ ਗਿਣਤੀ ਕਾਰਵਾਈ ਗਈ ਅਤੇ ਸਟਾਕ ਨਾਲ ਮਿਲਾਨ ਕੀਤਾ ਗਿਆ। ਇਸ ਦੌਰਾਨ ਗੋਦਾਮ ਵਿਚ 148 ਘਰੇਲੂ (ਭਰੇ) ਸਿਲੰਡਰ ਘੱਟ ਪਾਏ ਗਏ, ਜਿਸ ਦਾ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਸਿਲੰਡਰਾਂ ਦੀ ਗਿਣਤੀ ਘੱਟ ਹੋਣ ਦਾ ਗੰਭੀਰ ਨੋਟਿਸ ਲਿਆ ਗਿਆ ਅਤੇ ਗੈਸ ਏਜੰਸੀ ਨੂੰ 24 ਮਾਰਚ, 2026 ਤੱਕ ਆਪਣਾ ਸਪੱਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸਪੱਸ਼ਟੀਕਰਨ ਨਾ ਦੇਣ ਦੀ ਸੂਰਤ ਵਿਚ ਗੈਸ ਏਜੰਸੀ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।