ਸੜਕ ਹਾਦਸੇ ਵਿਚ ਪਿੰਡ ਰੰਗੀਆਂ ਨਿਵਾਸੀ ਦੀ ਮੌਤ, ਮਾਮਲਾ ਦਰਜ
ਸੜਕ ਹਾਦਸੇ ਵਿਚ ਪਿੰਡ ਰੰਗੀਆਂ ਨਿਵਾਸੀ ਦੀ ਮੌਤ, ਮਾਮਲਾ ਦਰਜ
Publish Date: Thu, 19 Mar 2026 08:03 PM (IST)
Updated Date: Thu, 19 Mar 2026 08:07 PM (IST)

ਅਮਰਜੀਤ ਧੀਮਾਨ,ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਕੁਰਾਲੀ ਰੋਡ ਤੇ ਸਥਿਤ ਮਾਰਕਫੈੱਡ ਦੇ ਗੁਦਾਮਾਂ ਕੋਲ ਇੱਕ ਕਾਰ ਚਾਲਕ ਵੱਲੋਂ ਆਪਣੇ ਤੋਂ ਅੱਗੇ ਜਾ ਰਹੇ ਇੱਕ ਸਾਈਕਲ ਚਾਲਕ ਨੂੰ ਟੱਕਰ ਮਾਰ ਦੇਣ ਕਾਰਨ ਪਿੰਡ ਰੰਗੀਆਂ ਦੇ ਸਾਈਕਲ ਚਾਲਕ ਹਰਮੇਲ ਸਿੰਘ ਦੀ ਮੌਤ ਹੋ ਗਈ। ਜਿਸ ਸਬੰਧੀ ਮੋਰਿੰਡਾ ਸ਼ਹਿਰੀ ਪੁਲਿਸ ਵੱਲੋਂ ਕਾਰ ਚਾਲਕ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਵਾਰਡ ਨੰਬਰ 12, ਰਾਮਬਾਗ ਰੋਡ ਮੋਰਿੰਡਾ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਦੋਸਤ ਜਸਮਨ ਸਿੰਘ ਹੁੰਦਲ ਨਾਲ ਆਪਣੇ ਮੋਟਰਸਾਈਕਲ ਨੰਬਰ ਪੀਬੀ- 65 ਐਨ - 5175 ਰਾਹੀਂ ਕੁਰਾਲੀ ਤੋਂ ਮੋਰਿੰਡਾ ਵੱਲ ਆਪਣੇ ਘਰ ਆ ਰਿਹਾ ਸੀ, ਜਦ ਕਿ ਉਸ ਦਾ ਸਹੁਰਾ ਹਰਮੇਲ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਰੰਗੀਆਂ ਆਪਣੇ ਸਾਈਕਲ ਤੇ ਉਹਨਾਂ ਦੇ ਅੱਗੇ ਅੱਗੇ ਮੋਰਿੰਡਾ ਵੱਲ ਜਾ ਰਿਹਾ ਸੀ ਅਤੇ ਜਦੋਂ ਉਹ ਕੁਰਾਲੀ ਮੋਰਿੰਡਾ ਰੋਡ ਤੇ ਸਥਿਤ ਮਾਰਕਫੈੱਡ ਦੇ ਗੁਦਾਮਾਂ ਅਤੇ ਪਾਲਮ ਇਨਕਲੇਵ ਨੇੜੇ ਸਥਿਤ ਨਰਸਰੀ ਦੇ ਨੇੜੇ ਪੁੱਜੇ ਤਾਂ ਕੁਰਾਲੀ ਤੋਂ ਮੋਰਿੰਡਾ ਵੱਲ ਆ ਰਹੀ ਇੱਕ ਸਵਿਫਟ ਕਾਰ ਨੰਬਰ ਪੀਬੀ- 01 ਡੀ -7263 ਨੇ ਉਸਦੇ ਸਹੁਰੇ ਹਰਮੇਲ ਸਿੰਘ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਹਰਮੇਲ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਕੇ ਸੜਕ ਤੇ ਡਿੱਗ ਪਿਆ। ਜਿਸ ਨੂੰ ਮਨਦੀਪ ਸਿੰਘ ਵੱਲੋਂ ਆਪਣੇ ਦੋਸਤ ਜਸਮਨ ਸਿੰਘ ਹੁੰਦਲ ਅਤੇ ਕਾਰ ਚਾਲਕ ਭੁਪਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਰਸੂਲਪੁਰ ਥਾਣਾ ਮੋਰਿੰਡਾ ਦੇ ਸਹਿਯੋਗ ਨਾਲ ਇਸੇ ਕਾਰ ਵਿੱਚ ਪਾ ਕੇ ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਚੈੱਕ ਕਰਨ ਉਪਰੰਤ ਹਰਮੇਲ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜਿੱਥੇ ਕਾਰ ਚਾਲਕ ਭੁਪਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਰਸੂਲਪੁਰ ਜਿਲ੍ਹਾ ਰੂਪਨਗਰ ਖਿਲਾਫ ਬੀਐਨਐਸ ਦੀਆਂ ਵੱਖ ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਉੱਥੇ ਮ੍ਰਿਤਕ ਹਰਮੇਲ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।