ਪ੍ਰਜੈਕਟ ਸੰਪਰਕ ਮੁਹਿੰਮ ਤਹਿਤ ਰੂਪਨਗਰ ਪੁਲਿਸ ਨੇ ਅਰੋੜਾ ਫਾਰਮ ਵਿਖੇ ਲੋਕ ਮਿਲਣੀ ਦਾ ਆਯੋਜਨ ਕੀਤਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ ਰੂਪਨਗਰ ਵਿਖੇ ਵਿਸ਼ਾਲ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿਚ ਨਾਗਰਿਕਾਂ ਨੇ ਭਾਗ ਲਿਆ ਅਤੇ ਆਪਣੇ ਸਮੱਸਿਆਵਾਂ ਅਤੇ ਸੁਝਾਅ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਰੱਖੇ। ਡੀਆਈਜੀ ਡਾ. ਨਾਨਕ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਲੋਕ ਮਿਲਣੀ ਦਾ ਮੁੱਖ ਉਦੇਸ਼ ਲੋਕਾਂ ਅਤੇ ਪੁਲਿਸ ਵਿਚਕਾਰ ਭਰੋਸੇ ਨੂੰ ਹੋਰ ਮਜ਼ਬੂਤ ਕਰਨਾ ਅਤੇ ਜਨਤਾ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਨਾ ਸੀ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਸੰਪਰਕ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਨਿਰੰਤਰ ਜਨਤਾ ਨਾਲ ਸਿੱਧਾ ਸੰਪਰਕ ਬਣਾਇਆ ਜਾ ਰਿਹਾ ਹੈ ਤਾਂ ਜੋ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵਿਭਾਗ ਦਾ ਮੁੱਖ ਮਕਸਦ ਲੋਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਹੈ ਅਤੇ ਇਸ ਲਈ ਜਨਤਾ ਦੀ ਸਹਿਯੋਗੀ ਭੂਮਿਕਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਪਰਾਧ ਜਾਂ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਦੌਰਾਨ ਹਾਜ਼ਰ ਨਾਗਰਿਕਾਂ ਨੇ ਆਪਣੇ ਇਲਾਕਿਆਂ ਨਾਲ ਸੰਬੰਧਿਤ ਵੱਖ-ਵੱਖ ਮੁੱਦੇ ਜਿਵੇਂ ਟ੍ਰੈਫ਼ਿਕ ਪ੍ਰਬੰਧ, ਨਸ਼ਿਆਂ ਖ਼ਿਲਾਫ਼ ਕਾਰਵਾਈ, ਸੁਰੱਖਿਆ ਪ੍ਰਬੰਧ ਅਤੇ ਹੋਰ ਜਨ ਹਿੱਤ ਮਸਲੇ ਉਠਾਏ। ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ ਜਦਕਿ ਬਾਕੀ ਮਾਮਲਿਆਂ ਦੇ ਤੁਰੰਤ ਨਿਪਟਾਰੇ ਲਈ ਸੰਬੰਧਿਤ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ।