ਕਿਸਾਨ ਮਜ਼ਦੂਰ ਮੋਰਚੇ ਨੇ ਫੂਕਿਆ ਅਮਿਤ ਸ਼ਾਹ ਦਾ ਪੁਤਲਾ
ਕਿਸਾਨ ਮਜ਼ਦੂਰ ਮੋਰਚੇ ਨੇ ਫੂਕਿਆ ਅਮਿਤ ਸ਼ਾਹ ਦਾ ਪੁੱਤਲਾ ਤੇ ਬਿਲਾਂ ਦੀਆਂ ਕਾਪੀਆਂ
Publish Date: Sat, 14 Mar 2026 04:07 PM (IST)
Updated Date: Sat, 14 Mar 2026 04:09 PM (IST)

ਅਮਰਜੀਤ ਧੀਮਾਨ,ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਦੇ ਚੁੰਨੀ ਚੌਂਕ ਵਿਖੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਭਾਜਪਾ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਢੰਗਰਾਲੀ ਦੀ ਅਗਵਾਈ ਹੇਠ ਅਮਿਤ ਸਾ਼ਹ ਦਾ ਪੁੱਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵਰਨ ਸਿੰਘ ਢੰਗਰਾਲੀ ਨੇ ਦੱਸਿਆ ਕਿ ਇਸ ਮੌਕੇ ਅਮਿਤ ਸ਼ਾਹ ਦੇ ਪੁੱਤਲੇ ਸਮੇਤ ਬਿਜਲੀ ਸੋਧ ਬਿਲ 2025 ਸਮੇਤ ਕਿਸਾਨ-ਮਜ਼ਦੂਰ ਤੇ ਹੋਰ ਵਿਰੋਧੀ ਬਿਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਤੇ ਮਜ਼ਦੂਰਾਂ ਨੂੰ ਖਤਮ ਕਰਨ ’ਤੇ ਤੁਲੀ ਹੋਈ ਹੈ। ਭਾਜਪਾ ਸਰਕਾਰ ਵੱਲੋਂ ਬਿਜਲੀ-ਬੀਜ ਸੋਧ ਬਿਲ 2025, ਜੀ ਰਾਮ ਜੀ ਸਕੀਮ ਤੇ ਭਾਰਤ-ਅਮਰੀਕਾ ਕਰ ਮੁਕਤ ਸਮਝੌਤਾ ਆਦਿ ਲਿਆਂਦੇ ਗਏ ਹਨ ਜੋ ਕਿ ਕਿਸਾਨ-ਮਜ਼ਦੂਰ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਨਾ ਤਾਂ 2014 ਤੋਂ ਪੇਸ਼ ਹੋਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਹੈ ਤੇ ਨਾ ਹੀ ਐੱਮਐੱਸਪੀ ਗਰੰਟੀ ਕਾਨੂੰਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੰਭੂ-ਖਨੌਰੀ ਬਾਰਡਰਾਂ ’ਤੇ ਕਿਸਾਨ ਮੋਰਚੇ ਨੂੰ ਖਦੇੜਨ ਲਈ ਵਰਤੀ ਪੁਲਿਸ ਤਾਕਤ ਅਤੇ 3 ਕਰੋੜ 77 ਲੱਖ ਦਾ ਕਿਸਾਨਾਂ ਦਾ ਸਮਾਨ ਲੁੱਟਣ ਵਿਚ ਪੰਜਾਬ ਸਰਕਾਰ ਦੀ ਭਾਈਵਾਲ ਹੈ। ਪੰਜਾਬ ਵਿਚ ਨਿਰਦੋਸ਼ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਆਿਂ ਅਤੇ ਪੰਜਾਬ ਨੂੰ ਪੁਲਿਸ ਰਾਜ ਬਣਾਉਣ ਵਿਚ ਆਪ ਸਰਕਾਰ ਕੇਂਦਰ ਦੇ ਨਾਲ ਮਿਲੀ ਹੋਈ ਹੈ। ਇਸ ਮੌਕੇ ਇੰਪਲਾਈਜ਼ ਫੈਡਰੇਸ਼ਨ ਏਟਕ ਪਾਵਰਕਾਮ ਮੋਰਿੰਡਾ ਦੇ ਪ੍ਰਧਾਨ ਤਰਨਜੀਤ ਸਿੰਘ ਘੜੂੰਆਂ ਤੇ ਜੰਗ ਸਿੰਘ ਸਰਕਲ ਪ੍ਰਧਾਨ ਪਾਵਰਕੌਮ ਅਤੇ ਟਰਾਂਸਕੋ ਮੋਰਿੰਡਾ ਨੇ ਕਿਹਾ ਉਨ੍ਹਾਂ ਦੀਆਂ ਜੱਥੇਬੰਦੀਆਂ ਤੇ ਕਿਸਾਨ ਮਜ਼ਦੂਰ ਮੋਰਚਾ ਇਸ ਸੰਘਰਸ਼ ਦੇ ਭਾਈਵਾਲ ਹਨ ਕਿਉਂਕਿ ਸਾਡੀਆਂ ਮੰਗਾਂ ਤੇ ਦੁੱਖ ਸਾਂਝੇ ਹਨ। ਇਸ ਮੌਕੇ ਅਮਰੀਕ ਸਿੰਘ ਸੋਹੀ, ਰਣਧੀਰ ਸਿੰਘ, ਅਮਰਜੀਤ ਸਿੰਘ ਨਥਮੱਲਪੁਰ, ਲਖਵਿੰਦਰ ਸਿੰਘ, ਸੱਜਣ ਸਿੰਘ, ਚਰਨਜੀਤ ਸਿੰਘ ਬਡਵਾਲੀ, ਬਲਜਿੰਦਰ ਸਿੰਘ ਵਿਰਕ, ਰਾਜਵਿੰਦਰ ਸਿੰਘ ਕੰਗ ਰਣਜੀਤਪੁਰਾ, ਸਤਨਾਮ ਸਿੰਘ ਸਿੱਧੂ ਮੋਰਿੰਡਾ, ਕੁਲਵੀਰ ਸਿੰਘ, ਜਸਵੀਰ ਸਿੰਘ, ਸੁਰਿੰਦਰ ਸਿੰਘ ਦਾਤਾਰਪੁਰ, ਧਰਮਪਾਲ ਸਿੰਘ ਬੂਰਮਾਜਰਾ, ਸੁਰਿੰਦਰ ਸਿੰਘ ਰਸੂਲਪੁਰ, ਓਂਕਾਰ ਸਿੰਘ, ਗੁਰਦੀਪ ਸਿੰਘ, ਸਮਸ਼ੇਰ ਸਿੰਘ, ਬਲਜੀਤ ਸਿੰਘ, ਸੁਰਜੀਤ ਸਿੰਘ ਸਰਾਓ, ਅਰਸ਼ਪ੍ਰੀਤ ਸਿੰਘ, ਰਣਜੋਧ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ।