ਪੈਨਸ਼ਨਰ ਮਹਾਂ ਸੰਘ ਵੱਲੋਂ ਅਧਿਆਪਕਾਂ ’ਤੇ ਕੀਤੇ ਲਾਠੀਚਾਰਜ ਦੀ ਨਿਖੇਧੀ
ਪੈਨਸ਼ਨਰ ਮਹਾਂ ਸੰਘ ਵੱਲੋਂ ਅਧਿਆਪਕਾਂ ’ਤੇ ਕੀਤੇ ਲਾਠੀਚਾਰਜ ਦੀ ਨਿਖੇਧੀ
Publish Date: Sat, 14 Mar 2026 04:04 PM (IST)
Updated Date: Sat, 14 Mar 2026 04:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼੍ਰੀ ਚਮਕੌਰ ਸਾਹਿਬ : ਸ਼੍ਰੀ ਚਮਕੌਰ ਸਾਹਿਬ ਵਿਖੇ ਪੈਨਸ਼ਨਰਜ਼ ਮਹਾਂ ਸੰਘ ਦੇ ਮੈਂਬਰਾਂ ਦੀ ਮੀਟਿੰਗ ਸੰਘ ਪ੍ਰਧਾਨ ਲੈਕਚਰਾਰ ਧਰਮਪਾਲ ਸੋਖਲ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਘ ਦੇ ਜਨਰਲ ਸਕੱਤਰ ਲੈਕਚਰਾਰ ਲੱਛਮਣ ਸਿੰਘ ਅਤੇ ਸੀਨੀਅਰ ਮੈਂਬਰ ਪਵਨ ਕੁਮਾਰ ਨੇ ਦੱਸਿਆ ਕਿ ਟੈੱਟ ਪਾਸ ਕਰਨ ਦੀ ਸ਼ਰਤ ਦੇ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਅਧਿਆਪਕਾਂ ’ਤੇ ਪੁਲੀਸ ਵੱਲੋਂ ਸਰਕਾਰ ਦੀ ਸ਼ਹਿ ’ਤੇ ਕੀਤੇ ਲਾਠੀਚਾਰਜ ਦੀ ਸੰਘ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ। ਇਸ ਤੋਂ ਪਹਿਲਾਂ ਵੀ 8 ਮਾਰਚ ਨੂੰ ਸਾਂਝੇ ਮੁਲਾਜ਼ਮਾਂ ਅਤੇ ਪੈਨਸ਼ਨਰ ਫਰੰਟ ਅਤੇ ਹੋਰ ਜੱਥੇਬੰਦੀਆਂ ਵੱਲੋਂ ਕੀਤੇ ਗਏ ਮੁਜ਼ਾਹਰੇ ਦੌਰਾਨ ਵੀ ਜ਼ੋਰਦਾਰ ਤਸ਼ੱਦਦ ਕੀਤਾ ਗਿਆ ਸੀ, ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਦੇ ਤਸ਼ੱਦਦ ਅੱਗੇ ਡਟ ਕੇ ਆਪਣੇ ਹੱਕਾਂ ਲਈ ਜ਼ੋਰਦਾਰ ਹੰਭਲਾ ਮਾਰਦੇ ਰਹਿਣਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਸੂਬੇ ਦਾ ਮੁਖੀ ਹੋਣ ਅਤੇ ਸੰਵਿਧਾਨਕ ਅਹੁੱਦੇ ’ਤੇ ਹੋਣ ਕਰਕੇ ਮਹਿਲਾ ਦਿਵਸ ਮੌਕੇ ਮਹਿਲਾਵਾਂ ਪ੍ਰਤੀ ਦਿੱਤੇ ਭੱਦੀ ਸ਼ਬਦਾਵਲੀ ਵਾਲੇ ਭਾਸ਼ਨ ਦੀ ਵੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਝੂਠੀ ਸਰਕਾਰ ਨੂੰ 2027 ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ’ਤੇ ਕੀਤੇ ਤਸ਼ੱਦਦ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ ਸੰਘ ਦੇ ਅਹੁੱਦੇਦਾਰ ਤੇ ਮੈਂਬਰ ਹਾਜ਼ਰ ਸਨ।