ਔਰਤਾਂ ਖਿਲਾਫ ਟਿੱਪਣੀਆਂ ਕਰਨ ਵਾਲਿਆਂ ’ਤੇ ਕਾਰਵਾਈ ਹੋਵੇ
ਔਰਤਾਂ ਖਿਲਾਫ ਟਿੱਪਣੀਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੋਵੇ-ਬੀਬੀ ਰਾਏ
Publish Date: Sat, 14 Mar 2026 04:02 PM (IST)
Updated Date: Sat, 14 Mar 2026 04:03 PM (IST)

ਅਮਰਜੀਤ ਧੀਮਾਨ,ਪੰਜਾਬੀ ਜਾਗਰਣ ਮੋਰਿੰਡਾ : ਮਨੁੱਖੀ ਅਧਿਕਾਰ ਸੰਗਠਨ (ਸਿੱਖ ਨਾਰੀ ਮੰਚ) ਪੰਜਾਬ ਦੇ ਮੈਂਬਰ ਅਤੇ ਸੀਨੀਅਰ ਭਾਜਪਾ ਆਗੂ ਅਮਨਪ੍ਰੀਤ ਕੌਰ ਰਾਏ ਨੇ ਚੇਅਰਪਰਸਨ ਕੌਮੀ ਮਹਿਲਾ ਕਮਿਸ਼ਨ, ਨਵੀਂ ਦਿੱਲੀ ਨੂੰ ਪੱਤਰ ਭੇਜਕੇ ਮੰਗ ਕੀਤੀ ਹੈ ਕਿ ਮਹਿਲਾਵਾਂ ਵਿਰੁੱਧ ਕੀਤੀ ਗਈ ਭੱਦੀ ਸ਼ਬਦਾਵਲੀ ਅਤੇ ਗੈਰ-ਮਰਿਆਦਤ ਟਿੱਪਣੀਆਂ ਕਰਨ ਵਾਲੇ ਸਿਆਸੀ ਆਗੂਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਨਾਰੀ ਮੰਚ, ਪੰਜਾਬ ਦੇ ਮੈਂਬਰ ਪੰਜਾਬ ਦੀ ਸਿਆਸਤ ਵਿਚ ਮਹਿਲਾਵਾਂ ਪ੍ਰਤੀ ਲਗਾਤਾਰ ਡਿੱਗ ਰਹੇ ਭਾਸ਼ਾਈ ਮਿਆਰ ਅਤੇ ਅਪਮਾਨਜਨਕ ਟਿੱਪਣੀਆਂ ਦੀ ਘੋਰ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਪੰਜਾਬ ਦੇ ਰਾਜਨੀਤਕ ਆਗੂਆਂ ਵੱਲੋਂ ਮਹਿਲਾਵਾਂ ਦੇ ਹਵਾਲੇ ਨਾਲ ਕੀਤੀਆਂ ਗਈਆਂ ਕੁਝ ਟਿੱਪਣੀਆਂ ਸੱਭਿਅਕ ਸਮਾਜ ਅਤੇ ਸੰਵਿਧਾਨਕ ਅਹੁੱਦੇ ਦੀ ਮਰਿਆਦਾ ਦੇ ਅਨੁਕੂਲ ਨਹੀਂ ਹਨ। ਔਰਤਾਂ ਵਿਰੁੱਧ ਅਜਿਹੀਆਂ ਟਿੱਪਣੀਆਂ ਸੰਵਿਧਾਨਕ ਮਰਿਆਦਾ ਦੀ ਉਲੰਘਣਾ ਹਨ। ਉਨਾਂ ਕਿਹਾ ਕਿ ਜਨਤਕ ਤੌਰ ’ਤੇ ਅਜਿਹੀ ਹਲਕੀ ਸ਼ਬਦਾਵਲੀ ਵਰਤਣੀ ਮਹਿਲਾਵਾਂ ਦੀ ਸ਼ਖਸੀਅਤ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਸਿਆਸੀ ਆਗੂ ਅਕਸਰ ਸਿਆਸੀ ਲੜਾਈ ਵਿਚ ਮਹਿਲਾਵਾਂ ਦੇ ਨਿੱਜੀ ਜੀਵਨ ਜਾਂ ਉਨ੍ਹਾਂ ਦੇ ਰਿਸ਼ਤਿਆਂ ਨੂੰ ਨਿਸ਼ਾਨਾ ਬਣਾ ਕੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ, ਜੋ ਕਿ ਪੰਜਾਬੀ ਸੱਭਿਆਚਾਰ ਅਤੇ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਹੈ। ਸ਼ਿਕਾਇਤ ਵਿਚ ਉਨ੍ਹਾਂ ਕਿਹਾ ਕਿ ਜਦੋਂ ਉੱਚ ਅਹੁੱਦਿਆਂ ’ਤੇ ਬੈਠੇ ਵਿਅਕਤੀ ਮਹਿਲਾਵਾਂ ਵਿਰੁੱਧ ਅਜਿਹੀਆਂ ਟਿੱਪਣੀਆਂ ਕਰਦੇ ਹਨ, ਤਾਂ ਇਸ ਨਾਲ ਸਮਾਜ ਵਿਚ ਗਲਤ ਸੰਦੇਸ਼ ਜਾਂਦਾ ਹੈ ਅਤੇ ਔਰਤਾਂ ਵਿਰੁੱਧ ਮਾਨਸਿਕ ਹਿੰਸਾ ਨੂੰ ਬਲ ਮਿਲਦਾ ਹੈ। ਉਨ੍ਹਾਂ ਸਿੱਖ ਨਾਰੀ ਮੰਚ, ਪੰਜਾਬ ਵੱਲੋਂ ਪੁਰਜ਼ੋਰ ਮੰਗ ਕੀਤੀ ਕਿ ਕੌਮੀ ਮਹਿਲਾ ਕਮਿਸ਼ਨ ਇਸ ਮਾਮਲੇ ਦਾ ਸੂਓ-ਮੋਟੋ ਨੋਟਿਸ ਲਵੇ ਜਾਂ ਇਸ ਸ਼ਿਕਾਇਤ ਦੇ ਅਧਾਰ ’ਤੇ ਮੁੱਖ ਮੰਤਰੀ ਸਮੇਤ ਸਬੰਧਤ ਵਿਅਕਤੀਆਂ ਨੂੰ ਸੰਮਨ ਜਾਰੀ ਕਰਕੇ ਜਵਾਬ ਤਲਬੀ ਕਰੇ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਅਜਿਹੀ ਲਿੰਗ-ਸੰਵੇਦਨਹੀਣ ਭਾਸ਼ਾ ਵਰਤਣ ਤੋਂ ਰੋਕਣ ਲਈ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।