ਅਧਿਆਪਕਾਂ ਤੇ ਮੁਲਾਜ਼ਮਾਂ ’ਤੇ ਤਸ਼ੱਦਦ ਦੀ ਜੀਟੀਯੂ ਵੱਲੋਂ ਸਖਤ ਨਿਖੇਧੀ
ਅਧਿਆਪਕਾਂ ਅਤੇ ਮੁਲਾਜ਼ਮਾਂ ’ਤੇ ਤਸ਼ੱਦਦ ਦੀ ਜੀਟੀਯੂ ਵੱਲੋਂ ਸਖਤ ਨਿਖੇਧੀ
Publish Date: Tue, 10 Mar 2026 03:09 PM (IST)
Updated Date: Tue, 10 Mar 2026 03:12 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਭੰਗੂ ਵੱਲੋਂ ਜਾਰੀ ਬਿਆਨ ਰਾਹੀਂ ਕਿਹਾ ਹੈ ਕਿ ਪਿਛਲੇ ਚਾਰ ਸਾਲ ਤੋਂ ਪੰਜਾਬ ਦੇ ਅਧਿਆਪਕ ਅਤੇ ਮੁਲਾਜ਼ਮ ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ਸ਼ੀਲ ਹਨ। ਇਸੇ ਲੜੀ ਤਹਿਤ ਬੀਤੇ ਦਿਨੀਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪ੍ਰੰਤੂ ਸਰਕਾਰ ਨੇ ਮੁਲਾਜ਼ਮਾਂ ਤੇ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕਰਦਿਆਂ ਨਾ ਤਾਂ ਬਜਟ ਵਿਚ ਹੀ ਕੋਈ ਤਜਵੀਜ਼ ਰੱਖੀ ਅਤੇ ਨਾ ਹੀ ਗੱਲਬਾਤ ਦਾ ਕੋਈ ਰਾਹ ਅਪਣਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੰਘਰਸ਼ ਨੂੰ ਦਬਾਉਣ ਲਈ ਸ਼ਾਂਤੀ ਪੂਰਵਕ ਮਾਰਚ ਕਰ ਰਹੇ ਅਧਿਆਪਕਾਂ ਤੇ ਮੁਲਾਜ਼ਮਾਂ ’ਤੇ ਜਿੱਥੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਤਸ਼ੱਦਦ ਵੀ ਕੀਤਾ। ਇਸ ਦੇ ਕਾਰਨ ਅਨੇਕਾਂ ਅਧਿਆਪਕਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਅਧਿਆਪਕਾਂ ਆਗੂਆਂ ਨੇ ਕਿਹਾ ਕਿ ਆਪ ਨੇ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ। ਹੁਣ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਨਾਲ ਨਾਲ ਤਨਖਾਹ ਕਮਿਸ਼ਨ ਦੇ ਬਕਾਏ ਦੇਣ, ਪੇਂਡੂ ਭੱਤਾ ਬਹਾਲ ਕਰਨ, ਮਹਿੰਗਾਈ ਭੱਤੇ ਨੂੰ ਦੁਬਾਰਾ ਕੇਂਦਰ ਨਾਲ ਲਿੰਕ ਕਰਨ ਅਤੇ ਹੋਰ ਕੱਟੇ ਅਨੇਕਾਂ ਭੱਤਿਆਂ ਲਾਗੂ ਕਰਨ ਤੋਂ ਭੱਜ ਰਹੀ ਹੈ। ਬੀਤੇ ਸਮੇਂ ਚਾਰ ਸਾਲਾਂ ਦੌਰਾਨ ਮੁਲਾਜ਼ਮ ਵਰਗ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਸਮੁੱਚੀਆਂ ਅਧਿਆਪਕ ਮੰਗਾਂ ’ਤੇ ਸੰਜੀਦਗੀ ਗੌਰ ਕਰੇ ਤਾਂ ਕਿ ਸਮੂਹ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਇਨਸਾਫ ਮਿਲ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਜਲਦ ਹੀ ਹੋਰ ਜੱਥੇਬੰਦੀਆਂ ਨਾਲ ਮਿਲ ਕੇ ਵੱਡਾ ਤੇ ਫੈਸਲਾਕੁੰਨ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਕੁਲਬੀਰ ਸਿੰਘ ਕੰਧੋਲਾ, ਗੁਰਚਰਨ ਸਿੰਘ ਆਲੋਵਾਲ, ਗੁਰਪ੍ਰੀਤ ਸਿੰਘ ਹੀਰਾ, ਅਵਨੀਤ ਚੱਢਾ, ਅਵਤਾਰ ਸਿੰਘ ਜਵੰਧਾ, ਮਹਿੰਦਰਪਾਲ ਸਿੰਘ ਖੇੜੀ, ਕੁਲਦੀਪ ਸਿੰਘ ਗਿੱਲ, ਕੇਸਰ ਸਿੰਘ ਲੈਹੜੀਆਂ, ਗੁਰਪ੍ਰੀਤ ਸਿੰਘ ਹੈੱਪੀ ਗਿੱਲ, ਦਵਿੰਦਰ ਸਿੰਘ ਸਮਾਣਾ, ਇਕਬਾਲ ਸਿੰਘ ਹਾਫਿਜ਼ਾਬਾਦ, ਗੁਰਦੀਪ ਸਿੰਘ ਖਾਬੜਾ, ਰੂਪ ਚੰਦ ਸਲੌਰਾ, ਦਵਿੰਦਰ ਸਿੰਘ ਚਨੌਲੀ, ਸੁਰਿੰਦਰ ਸਿੰਘ ਚੱਕ ਢੇਰਾਂ, ਇੰਦਰਜੀਤ ਸਿੰਘ ਥਲੀ, ਵਿਕਾਸ ਸੋਨੀ, ਸੰਜੀਵ ਕੁਮਾਰ ਮੋਠਾਪੁਰ, ਅਸ਼ੋਕ ਕੁਮਾਰ ਨੂਰਪੁਰ, ਅੰਮ੍ਰਿਤ ਸੈਣੀ ਨੰਗਲ, ਜਗਦੀਪ ਸਿੰਘ ਝੱਲੀਆਂ ਸਮੇਤ ਵੱਡੀ ਗਿਣਤੀ ’ਚ ਯੂਨੀਅਨ ਦੇ ਅਹੁੱਦੇਦਾਰ ਤੇ ਮੈਂਬਰ ਹਾਜ਼ਰ ਸਨ।